ਲੁਧਿਆਣਾ :-ਪੂਰਵਾਂਚਲ ਵਾਸੀਆਂ ਵਿਚ ਕਾਂਗਰਸ ਦੇ ਵਿਰੁੱਧ ਭਾਰੀ ਰੋਹ ਹੈ ਤੇ ਇਨ੍ਹਾਂ ਚੋਣਾਂ ਵਿਚ ਇਥੋਂ ਦੇ ਵਾਸੀ ਕਾਂਗਰਸ ਨੂੰ ਸਬਕ ਸਿਖਾ ਦੇਣਗੇ। ਇਹ ਸ਼ਬਦ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪਟਨਾ ਸਾਹਿਬ ਨਿਵਾਸੀ ਸ੍ਰੀ ਸ਼ੰਭੂ ਕੁਮਾਰ ਸਿੰਘ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਵਿਚ ਕਾਂਗਰਸ ਦੀ ਸਰਕਾਰ ਹੈ ਤੇ ਉਥੇ ਰਾਜ ਠਾਕਰੇ ਵਲੋਂ ਜਿਸ ਤਰ੍ਹਾਂ ਬਿਹਾਰ ਤੇ ਯੂ.ਪੀ. ਨਿਵਾਸੀਆਂ ਨਾਲ ਭੇਦ ਭਾਵ ਵਾਲਾ ਵਰਤਾਅ ਕੀਤਾ ਹੈ ਤੇ ਉਨ੍ਹਾਂ ਦੀ ਮਾਰਕੁੱਟ ਕੀਤੀ ਹੈ, ਉਸ ਨੂੰ ਅਜੇ ਤੱਕ ਪੂਰਵਾਂਚਲ ਨਿਵਾਸੀ ਭੁੱਲੇ ਨਹੀਂ ਹਨ। ਇਸ ਤੋਂ ਇਲਾਵਾ ਪਟਨਾ ਨਿਵਾਸੀ ਰਾਹੁਲ ਰਾਜ ਨੂੰ ਬੱਸ ਅੰਦਰ ਉਥੋਂ ਦੀ ਕਾਂਗਰਸ ਸਰਕਾਰ ਨੇ ਜਿਸ ਤਰ੍ਹਾਂ ਨਕਲੀ ਮੁਕਾਬਲਾ ਬਣਵਾ ਕੇ ਮਾਰਿਆ ਹੈ। ਉਸ ਨਾਲ ਸਾਡੇ ਮਨਾਂ ਨੂੰ ਭਾਰੀ ਠੇਸ ਵੱਜੀ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਵਾਸੀਆਂ ਨੂੰ ਮਹਾਰਾਸ਼ਟਰ ਦੀ ਕਾਂਗਰਸ ਸਰਕਾਰ ਅਧੀਨ ਭਾਰੀ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ ਤੇ ਭਾਰੀ ਗਿਣਤੀ ਵਿਚ ਉਥੋਂ ਪਰਵਾਸੀ ਵਾਪਸ ਆਪਣੇ ਰਾਜਾਂ ਨੂੰ ਪਰਤੇ। ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਮੁਨੀਸ਼ ਤਿਵਾੜੀ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਪੂਰਵਾਂਚਲ ਭਾਈਚਾਰੇ ਨੂੰ ਕਿਸ ਮੂੰਹ ਨਾਲ ਆਪਣਾ ਕਹਿ ਰਿਹਾ ਹੈ ਜਦਕਿ ਉਨ੍ਹਾਂ ਦੀ ਸਰਕਾਰ ਇਸ ਭਾਈਚਾਰੇ ਦੀ ਜਾਨ ਮਾਲ ਦੀ ਰਾਖੀ ਲਈ ਕੋਈ ਕਦਮ ਨਹੀਂ ਚੱਕਿਆ। ਉਨ੍ਹਾਂ ਕਿਹਾ ਕਿ ਜਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਉਨ੍ਹਾਂ ’ਤੇ 8 ਪੁਲਸ ਕੇਸ ਪਾਏ ਗਏ ਸਨ ਜੋ ਬਾਅਦ ਵਿਚ ਜਾਂਚ ਉਪਰੰਤ ਸਾਰੇ ਕੇਸ ਝੂਠੇ ਪਾਏ ਗਏ। ਸ੍ਰੀ ਸ਼ੰਭੂ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਬਿਹਾਰ ਦੇ ਸ਼ਹਿਰ ਸ੍ਰੀ ਪਟਨਾ ਸਾਹਿਬ ਦੇ ਵਾਸੀ ਹਨ ਤੇ ਪਿਛਲੇ 18 ਸਾਲ ਤੋਂ ਲੁਧਿਆਣਾ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਉਹ ਆਪਣਾ ਘਰ ਮੰਨਦੇ ਹਨ। ਪਟਨਾ ਸਾਹਿਬ ਹਲਕੇ ਦੀ ਬਜਾਏ ਲੁਧਿਆਣਾ ਤੋਂ ਚੋਣ ਲੜਨ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਮੁਨੀਸ਼ ਤਿਵਾੜੀ ਦਿੱਲੀ ਤੋਂ ਆ ਕੇ ਚੋਣ ਲੜ ਸਕਦਾ ਹੈ ਤਾਂ ਮੈਂ ਕਿਉਂ ਨਹੀਂ? ਆਪਣੇ ਚੋਣ ਮੁੱਦਿਆਂ ਸਬੰਧੀ ਗੱਲ ਕਰਦਿਆਂ ਸ੍ਰੀ ਸ਼ੰਭੂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੁੱਦਾ ਪੂਰਵਾਂਚਲ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਨਾਲ-ਨਾਲ ਲੁਧਿਆਣਾ ਦਾ ਵਿਕਾਸ ਕਰਨਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਪਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੈ। ਫੈਕਟਰੀ ਮਾਲਕਾਂ ਵਲੋਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ 8 ਘੰਟੇ ਦੀ ਮਜ਼ਦੂਰੀ ਦੀ ਬਜਾਏ 12 ਘੰਟੇ ਕੰਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਰਵਾਸੀਆਂ ਦਾ ਲੁਧਿਆਣਾ ਵਿਚ ਰਾਸ਼ਨ ਕਾਰਡ ਵੀ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿੱਤਣ ਉਪਰੰਤ ਉਹ ਪੂਰਵਾਂਚਲ ਭਵਨ ਬਣਾਉਣਗੇ, ਜਿਥੇ ਇਸ ਭਾਈਚਾਰੇ ਦੇ ਵਿਆਹਾਂ ਸ਼ਾਦੀਆਂ ਜਾਂ ਸੰਸਕ੍ਰਿਤਕ ਗਤੀਵਿਧੀਆਂ ਕਰਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੂਰਵਾਂਚਲ ਉਥਾਨ ਪ੍ਰੀਸ਼ਦ ਦਾ ਸਮਰਥਨ ਹਾਸਲ ਹੈ ਜੋ ਪਰਵਾਸੀਆਂ ਦਾ ਸਭ ਤੋਂ ਵੱਡਾ ਸੰਗਠਨ ਹੈ।