ਚੰਡੀਗੜ੍ਹ – ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸ ਜਮਾਤ ਦੇ ਜਨਰਲ ਸਕੱਤਰ ਤੇ ਨੌਜਵਾਨ ਆਗੂ ਸ਼੍ਰੀ ਰਾਹੁਲ ਗਾਂਧੀ ਵੱਲੋ ਸਿੱਖ ਕੌਮ ਪ੍ਰਤੀ ਪ੍ਰਗਟਾਏ ਵਿਚਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਨੌਜਵਾਨ ਨੇ ਬੀਤੇ ਸਮੇਂ ਦੇ ਪੰਜਾਬ ਵਿੱਚ ਵਾਪਰੇ ਦੁਖਾਂਤ ਦੀ ਪੀੜਾ ਨੂੰ ਮਹਿਸੂਸ ਕਰਦੇ ਹੋਏ ਜੋ ਬਲਿਊ ਸਟਾਰ ਦੀ ਫੌਜੀ ਕਾਰਵਾਈ ਅਤੇ ਦਿੱਲੀ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦੀ ਅੰਮ੍ਰਿਤਸਰ ਵਿਖੇ ਨਿਖੇਧੀ ਕਰਦੇ ਹੋਏ ਗਲਤ ਕਰਾਰ ਦਿੱਤਾ ਹੈ। ਇਸ ਨਾਲ ਇੱਕ ਗੱਲ ਸਾਬਿਤ ਹੋ ਗਈ ਹੈ ਕਿ ਗਾਂਧੀ ਪਰਿਵਾਰ ਨੇ ਬੀਤੇ ਸਮੇਂ ਵਿੱਚ ਸਿੱਖ ਕੌਮ ਨਾਲ ਜਿਆਦਤੀਆਂ ਕੀਤੀਆਂ ਹਨ। ਜਿਨ੍ਹਾਂ ਦਾ ਪਛਤਾਵਾ ਹੁਣ ਸ਼੍ਰੀ ਰਾਹੁਲ ਗਾਂਧੀ, ਬੀਬਾ ਪ੍ਰਿਯੰਕਾ ਗਾਂਧੀ ਤੇ ਉਹਨਾਂ ਦੀ ਮਾਤਾ ਸੋਨੀਆ ਗਾਂਧੀ ਨੂੰ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹ ਇੱਕ ਅੱਛੀ ਗੱਲ ਹੈ ਕਿ ਮੌਜੂਦਾ ਗਾਂਧੀ ਪਰਿਵਾਰ ਸਿੱਖ ਕੌਮ ਨਾਲ ਸਦੀਵੀਂ ਅੱਛੇ ਸਬੰਧ ਕਾਇਮ ਰੱਖਣ ਦਾ ਚਾਹਵਾਨ ਹੈ। ਪਰ ਜੋ ਵਿਚਾਰ ਇਨ੍ਹਾ ਬੱਚਿਆਂ ਵੱਲੋਂ ਤੇ ਸੋਨੀਆ ਗਾਂਧੀ ਵੱਲੋਂ ਪ੍ਰਗਟਾਏ ਜਾ ਰਹੇ ਹਨ। ਉਹਨਾਂ ਤੇ ਅਮਲ ਵੀ ਤਾਂ ਹੋਵੇ, ਫਿਰ ਹੀ ਸਿੱਖ ਕੌਮ ਆਪਣੀ ਅਗਲੀ ਰਣਨੀਤੀ ਵਿੱਚ ਤਬਦੀਲੀ ਕਰੇਗੀ।
ਸ:ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਜੇ ਤੱਕ ਤਾਂ ਦਿੱਲੀ ਕਤਲੇਆਮ ਦੇ ਦੋਸ਼ੀਆਂ ਪੀ ਚਿੰਦਮਬਰਮ, ਉਸ ਸਮੇਂ ਦੇ ਗ੍ਰਹਿ ਸਕੱਤਰ ਟੀ.ਐਨ. ਚਤੁਰਵੇਦੀ, ਦਿੱਲੀ ਦੇ ਕਮਿਸ਼ਨਰ ਸ਼੍ਰੀ ਟੰਡਨ, ਫੌਜ ਦੇ ਜਰਨਲ ਤੇ ਉਸ ਸਮੇ ਦੇ ਕੈਬਨਿਟ ਸਕੱਤਰ ਅਤੇ ਹੋਰ 70 ਦੇ ਕਰੀਬ ਸਿਵਲ ਤੇ ਪੁਲਿਸ ਅਧਿਕਾਰੀ ਜੋ ਸਿੱਖ ਕੌਮ ਦਾ ਕਤਲੇਆਮ ਕਰਨ ਲਈ ਸਿੱਧੇ ਤੋਰ ਤੇ ਜਿੰਮੇਵਾਰ ਸਨ, ਉਨ੍ਹਾ ਵਿਰੁੱਧ ਨਾ ਤਾਂ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਨਾ ਹੀ ਕੋਈ ਸਜਾਵਾਂ ਦਿੱਤੀਆਂ ਗਈਆਂ ਹਨ। ਸ: ਮਾਨ ਨੇ ਕਿਹਾ ਕਿ ਬੇਸ਼ੱਕ ਸਿੱਖ ਕੌਮ ਵਿਸ਼ਾਲ ਦਿਲ ਵਾਲੀ ਤੇ ਸਰਬੱਤ ਦਾ ਭਲਾ ਲੋੜਣ ਵਾਲੀ ਕੌਮ ਹੈ। ਪਰ ਜਦੋਂ ਤੱਕ ਮੁਲਕ ਦੀ ਹਕੂਮਤ ਉਤੇ ਬੈਠੀ ਜਮਾਤ ਕਾਂਗਰਸ ਤੇ ਯੂ ਪੀ ਏ ਸਰਕਾਰ ਇਸ ਦਿਸ਼ਾ ਵੱਲ ਉਸਾਰੂ ਅਮਲੀ ਕਦਮ ਨਹੀਂ ਉਠਾਉਦੀ, ਉਦੋ ਤੱਕ ਸਿੱਖ ਕੌਮ ਦੇ ਜਖਮੀ ਹੋਏ ਮਨ-ਹਿਰਦੇ ਕਦੀ ਵੀ ਸਾਂਤ ਨਹੀਂ ਹੋ ਸਕਦੇ। ਉਨ੍ਹਾ ਕਿਹਾ ਕਿ ਹੁਣ ਤੱਕ ਦੇ ਕਾਂਗਰਸੀ ਆਗੂਆਂ ਨੇ ਸਿੱਖ ਕੌਮ ਲਈ ਕੇਵਲ ਮਗਰਮੱਛ ਦੇ ਹੰਝੂ ਹੀ ਵਛਾਏ ਹਨ ਲੇਕਿਨ ਅਮਲੀ ਰੂਪ ਵਿੱਚ ਸਿੱਖ ਕੌਮ ਨੂੰ ਇਨਸਾਫ ਦੇਣ ਦਾ ਕੋਈ ਉਪਰਾਲਾ ਨਹੀਂ ਕੀਤਾ ਅਤੇ ਨਾ ਹੀ ਬੀਤੇ ਦੁਖਾਂਤ ਭਰੇ ਦਹਾਕੇ ਦੇ ਲੰਮੇ ਸਮੇਂ ਦੌਰਾਨ ਪ੍ਰਭਾਵਿਤ ਸਿੱਖ ਪਰਿਵਾਰਾਂ ਨੂੰ ਕੋਈ ਮਾਲੀ, ਕਾਰੋਬਾਰੀ ਜਾਂ ਰੁਜ਼ਗਾਰ ਸਬੰਧੀ ਸਹਾਇਤਾ ਦਿੱਤੀ ਹੈ। ਉਨ੍ਹਾ ਕਿਹਾ ਕਿ ਹੁਣ ਜੇਕਰ ਰਾਹੁਲ ਗਾਂਧੀ ਨੇ ਸਿੱਖ ਕੌਮ ਪ੍ਰਤੀ ਸਤਿਕਾਰ ਜਾਹਿਰ ਕਰਦੇ ਹੋਏ ਸਿੱਖ ਕੌਮ ਦੀ ਡੂੰਘੀ ਪੀੜਾ ਨੂੰ ਮਹਿਸੂਸ ਕੀਤਾ ਹੈ, ਤਾਂ ਉਹ ਤੁਰੰਤ ਸੈਟਰ ਦੀ ਹਕੂਮਤ ਨੂੰ ਕਹਿ ਕੇ ਸਿੱਖ ਕੌਮ ਦੇ ਕਾਤਿਲਾਂ ਵਿਰੁੱਧ ਫੌਰੀ ਕਾਰਵਾਈ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਅਨੰਦ ਮੈਰਿਜ ਐਕਟ 1909, ਆਲ ਇੰਡੀਆ ਗੁਰਦੁਆਰਾ ਐਕਟ ਨੂੰ ਪਾਸ ਕਰਾਉਣ, ਫੌਜ ਵਿੱਚ ਸਿੱਖਾਂ ਦੀ ਭਰਤੀ ਦਾ ਕੋਟਾ ਵਧਾਉਣ ਅਤੇ ਵਿਧਾਨ ਦੀ ਧਾਰਾ 25 ਜੋ ਸਿੱਖ ਕੌਮ ਨੂੰ “ਹਿੰਦੂ” ਕਰਾਰ ਦਿੰਦੀ ਹੈ ਉਸਨੂੰ ਖਤਮ ਕਰਾਉਣਾ ਪਵੇਗਾ। ਤਦ ਜਾ ਕੇ ਸਿੱਖ ਕੌਮ ਨੂੰ ਕੁਝ ਵਿਸ਼ਵਾਸ ਹੋਵੇਗਾ ਕਿ ਗਾਂਧੀ ਪਰਿਵਾਰ ਦਾ ਨਜ਼ਰੀਆ ਸਿੱਖ ਕੌਮ ਪ੍ਰਤੀ ਵਾਕਿਆ ਹੀ ਹਾਂ ਪੱਖੀ ਹੈ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਇਹ ਮੰਗ ਕੀਤੀ ਕਿ ਜਿਨਾਂ ਭਾਜਪਾ ਦੇ ਫਿਰਕੂ ਅਤੇ ਘੱਟ ਗਿਣਤੀ ਵਿਰੋਧੀ ਆਗੂਆਂ ਸ਼੍ਰੀ ਵਾਜਪਾਈ ਤੇ ਸ਼੍ਰੀ ਅਡਵਾਨੀ ਨੇ ਮਰਹੂਮ ਇੰਦਰਾ ਗਾਂਧੀ ਨੂੰ ਗਲਤ ਹੱਲਾਸ਼ੇਰੀ ਦੇ ਬਲਿਊ ਸਟਾਰ ਦਾ ਹਮਲਾ ਕਰਵਾਇਆ, ਦਿੱਲੀ ਤੇ ਹੋਰ ਸਥਾਨਾਂ ਤੇ ਸਿੱਖ ਕੌਮ ਦਾ ਕਤਲੇਆਮ ਕਰਵਾਇਆ, ਜੋ ਆਗੂ ਸਿੱਖ ਕੌਮ ਨੂੰ ਹਿੰਦੂ ਕੌਮ ਦਾ ਹਿੱਸਾ ਦਸ ਕੇ ਸਿੱਖ ਗੁਰੂ ਸਾਹਿਬਾਨ ਨੂੰ ਸੰਤ ਕਹਿ ਕੇ ਸਿੱਖ ਮਨਾਂ ਨੂੰ ਨਿਰੰਤਰ ਠੇਸ ਪਹੁੰਚਾਉਦੇ ਆ ਰਹੇ ਹਨ। ਅਜਿਹੇ ਮੁਤੱਸਵੀ ਆਗੂਆਂ ਉੱਤੇ ਵੀ ਸੈਂਟਰ ਸਰਕਾਰ ਸਿੱਖ ਕੌਮ ਦੇ ਕਤਲੇਆਮ ਦਾ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਫਿਰਕੂ ਆਗੂ ਸਿੱਖ ਕੌਮ ਦੇ ਨੰਬਰ ਇੱਕ ਦੇ ਦੁਸ਼ਮਣ ਹਨ।