ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਛਤੀਸਗੜ੍ਹ ਵਿੱਚ ਵਿਧਾਨ ਸੱਭਾ ਚੋਣਾਂ ਲਈ ਮੱਤਦਾਨ ਪ੍ਰਕਿਰਿਆ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਕਾਂਗਰਸੀ ਵਰਕਰਾਂ ਨੂੰ ਭਾਜਪਾ ਅਤੇ ਵੱਡੀਆਂ ਵੱਡੀਆਂ ਗੱਪਾਂ ਮਾਰਨ ਵਾਲੇ ਮੁੱਖਮੰਤਰੀ ਤੋਂ ਸਾਵਧਾਨ ਕੀਤਾ। ਮੋਦੀ ਤੇ ਅਸਿੱਧੇ ਤੌਰ ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਬੀਜੇਪੀ ਨੇਤਾ ਆਪਣੇ ਰਾਜਨੀਤਕ ਵਿਰੋਧੀਆਂ ਲਈ ਗਲਤ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਸੱਤਾ ਦੇ ਲਾਲਚ ਵਿੱਚ ਉਹ ਘਟੀਆ ਰਾਜਨੀਤੀ ਕਰਦੇ ਹਨ। ਪ੍ਰਧਾਨਮੰਤਰੀ ਨੇ ਝੀਰਮ ਘਾਟੀ ਨਕਸਲੀ ਹਮਲੇ ਦੇ ਲਈ ਰਾਜ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਸੁਰੱਖਿਆ ਵਿੱਚ ਕੋਤਾਹੀ ਹੋਣ ਕਰਕੇ ਏਡੀ ਵੱਡੀ ਘਟਨਾ ਵਾਪਰੀ। ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਜਨਤਾ ਦੇ ਸਾਹਮਣੇ ਸੱਚੀ ਤਸਵੀਰ ਪੇਸ਼ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਉਪਲੱਭਦੀਆਂ ਗਿਣਵਾਈਆਂ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਆਪਣੇ ਸਾਊ ਸੁਭਾ ਕਰਕੇ ਦੂਸਰੇ ਦਲਾਂ ਤੇ ਕਦੇ ਵੀ ਨਿਸ਼ਾਨਾ ਨਹੀਂ ਸਾਧਦੇ ਪਰ ਰਾਇਪੁਰ ਦੇ ਇੰਡੋਰ ਸਟੇਡੀਅਮ ਵਿੱਚ ਆਯੋਜਿਤ ਸਮਾਗਮ ਵਿੱਚ ਉਨ੍ਹਾਂ ਨੇ ਜਿਸ ਤਰ੍ਹਾਂ ਭਾਜਪਾ ਨੂੰ ਨਿਸ਼ਾਨਾ ਬਣਾਇਆ, ਉਹ ਕਲਪਨਾ ਤੋਂ ਪਰੇ ਸੀ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਬਹੁਤ ਸਾਰੇ ਖੇਤਰ ਨਕਸਲੀਆਂ ਦੇ ਕਬਜ਼ੇ ਵਿੱਚ ਹਨ ਅਤੇ ਉਥੇ ਸਰਕਾਰ ਦੀ ਗੱਲ ਨਹੀਂ ਮੰਨੀ ਜਾਂਦੀ। ਇਸ ਕਰਕੇ ਇਨ੍ਹਾਂ ਖੇਤਰਾਂ ਵਿੱਚ ਵਿਕਾਸ ਦੇ ਕੰਮ ਨੇਪਰੇ ਨਹੀਂ ਚੜ੍ਹਦੇ।
ਪ੍ਰਧਾਨਮੰਤਰੀ ਨੇ ਅਸਿੱਧੇ ਤੌਰ ਤੇ ਮੋਦੀ ਤੇ ਵਾਰ ਕਰਦੇ ਹੋਏ ਕਿਹਾ ਕਿ ਸਾਨੂੰ ਆਪਣਾ ਸੰਜਮ ਛੱਡ ਕੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਖਿਲਾਫ਼ ਅਜਿਹੇ ਸ਼ਬਦਾਂ ਦਾ ਪ੍ਰਯੋਗ ਨਹੀੰ ਕਰਨਾ ਚਾਹੀਦਾ ਜੋ ਅਪਮਾਨਜਨਕ ਹੋਵੇ ਅਤੇ ਕਾਂਗਰਸ ਪਾਰਟੀ ਦੇ ਮਾਣ-ਸਨਮਾਨ ਦੇ ਵਿਰੁੱਧ ਹੋਵੇ। ਇਸ ਮਾਮਲੇ ਵਿੱਚ ਸਾਨੂੰ ਖਾਸ ਕਰਕੇ ਭਾਜਪਾ ਤੋਂ ਆਪਣਾ ਅਕਸ ਵੱਖਰਾ ਅਤੇ ਚੰਗਾ ਵਿਖਾਉਣਾ ਹੈ, ਬੀਜੇਪੀ ਦੇ ਕੁਝ ਨੇਤਾ ਦੂਸਰੀ ਪਾਰਟੀ ਦੇ ਨੇਤਾਵਾਂ ਅਤੇ ਮੁੱਖਮੰਤਰੀਆਂ ਦੇ ਖਿਲਾਫ਼ ਮਾੜੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਰਾਜਨੀਤਕ ਪਾਰਟੀ ਦਾ ਮਕਸਦ ਸੱਤਾ ਹਾਸਿਲ ਕਰਨਾ ਹੁੰਦਾ ਹੈ ਪਰ ਸੱਤਾ ਦੇ ਲਾਲਚ ਵਿੱਚ ਕਿਸੇ ਵੀ ਦਲ ਨੂੰ ਸਸਤੀ ਰਾਜਨੀਤੀ ਦਾ ਰਸਤਾ ਨਹੀਂ ਅਪਨਾਉਣਾ ਚਾਹੀਦਾ। ਉਨ੍ਹਾਂ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਰਾਜ ਵਿੱਚ ਕਾਂਗਰਸ ਦੀ ਸਰਕਾਰ ਲਿਆਵੋ ਤਾਂ ਜੋ ਛਤੀਸਗੜ੍ਹ ਵਿੱਚ ਵਿਕਾਸ ਨੂੰ ਨਵੀਂ ਦਿਸ਼ਾ ਮਿਲੇ।