ਮਨੀਲਾ- ਫਿਲੀਪੀਂਜ਼ ਵਿੱਚ ਆਏ ਬਹੁਤ ਵੱਡੇ ਤੂਫ਼ਾਨ ‘ਹਿਆਨ’ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਰੈਡ ਕਰਾਸ ਅਨੁਸਾਰ ਇਸ ਤੂਫ਼ਾਨ ਨਾਲ 10,000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ।ਟੇਕਲੋਬਾਨ ਅਤੇ ਸਮਾਰ ਵਿੱਚ ਸੱਭ ਤੋਂ ਵੱਧ ਨੁਕਸਾਨ ਹੋਇਆ ਹੈ। 320 ਕਿਲੋਮੀਟਰ ਦੀ ਰਫ਼ਤਾਰ ਨਾਲ ਆਏ ਹੁਣ ਤੱਕ ਦੇ ਸੱਭ ਤੋਂ ਵੱਧ ਪਾਵਰਫੁਲ ਤੂਫ਼ਾਨ ਦੇ ਟਕਰਾਉਣ ਨਾਲ ਵੱਡੀਆਂ ਵੱਡੀਆਂ ਇਮਾਰਤਾਂ ਮਿੰਟਾਂ ਸਕਿੰਟਾਂ ਵਿੱਚ ਹੀ ਢਹਿਢੇਰੀ ਹੋ ਗਈਆਂ ਅਤੇ ਕੁਝ ਜਗ੍ਹਾ ਤੇ ਜਮੀਨ ਅੰਦਰ ਧੱਸ ਗਈ।
ਫਿਲੀਪੀਂਜ਼ ਵਿੱਚ 147 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ ਨੇ ਕਹਿਰ ਮਚਾਇਆ ਹੋਇਆ ਹੈ।ਸਮੁੰਦਰ ਵਿੱਚ 15 ਮੀਟਰ ਤੱਕ ਉਚੀਆਂ ਲਹਿਰਾਂ ੳਠ ਰਹੀਆਂ ਸਨ ਅਤੇ 400 ਮਿਲੀਮੀਟਰ ਦੇ ਕਰੀਬ ਵਰਖਾ ਹੋਈ। ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਹਨ ਹਨ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। 8 ਲੱਖ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਗਿਆ ਹੈ। ਅਜੇ ਵੀ 1 ਕਰੋੜ 20 ਲੱਖ ਤੋਂ ਵੱਧ ਲੋਕ ਖਤਰੇ ਵਿੱਚ ਘਿਰੇ ਹੋਏ ਹਨ। ਟੇਕਲੋਬਾਨ ਸ਼ਹਿਰ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਘਿਰਿਆ ਹੋਇਆ ਹੈ ਅਤੇ ਸੈਂਕੜੇ ਲਾਸ਼ਾਂ ਪਾਣੀ ਤੇ ਤੈਰ ਰਹੀਆਂ ਹਨ।ਇਸ ਤੂਫ਼ਾਨ ਨੂੰ ਫਿਲੀਪੀਂਜ਼ ਦਾ ਹੁਣ ਤੱਕ ਦਾ ਸੱਭ ਤੋਂ ਵੱਧ ਭਿਆਨਕ ਤੂਫ਼ਾਨ ਮੰਨਿਆ ਜਾ ਰਿਹਾ ਹੈ।
ਫਿਲੀਪੀਂਜ਼ ਦੇ ਪ੍ਰੈਜ਼ੀਡੈਂਟ ਬੇਨਿਗਨੋ ਨੇ ਕਿਹਾ ਕਿ ਅਸੀਂ ਯੁੱਧ ਪੱਧਰ ਤੇ ਹਾਲਾਤ ਨਾਲ ਨਜਿਠਣ ਦੀ ਤਿਆਰੀ ਕੀਤੀ ਹੈ। ਸੀ-130 ਏਅਰਫੋਰਸ ਕਾਰਗੋ ਪਲੇਨ ਅਤੇ 32 ਹੈਲੀਕਾਪਟਰਾਂ ਦੇ ਨਾਲ ਕਈ ਜਹਾਜ਼ ਵੀ ਤੈਨਾਤ ਕਰ ਦਿੱਤੇ ਗਏ ਹਨ। 20 ਨੇਵੀ ਸਿ਼ਪਸ ਵੀ ਤਿਆਰ ਕਰ ਲਏ ਗਏ ਹਨ। ਸਕੂਲ, ਦਫ਼ਤਰ ਅਤੇ ਦੁਕਾਨਾਂ ਬੰਦ ਕਰ ਦਿੱਤੇ ਗਏ ਹਨ। 200 ਤੋਂ ਵੱਧ ਲੋਕਲ ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ ਹਨ। ਰਾਹਤ ਕੈਂਪਾਂ ਵਿੱਚ ਖਾਣ ਦੀ ਸਮਗਰੀ ਅਤੇ ਹੋਰ ਜਰੂਰਤ ਦਾ ਸਾਮਾਨ ਪਹੁੰਚਾ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੱਭ ਤੋਂ ਪਹਿਲਾ ਕੰਮ ਲੋਕਾਂ ਨੂੰ ਖਾਣਾ ਮੁਹਈਆ ਕਰਵਾਉਣਾ ਹੈ।