ਨਵੀਂ ਦਿੱਲੀ : ਮਾਤਾ ਸੁੰਦਰੀ ਕਾਲੇਜ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਸਕੂਲਾਂ ਵਿਖੇ ਗੁਰਮਤਿ ਅਤੇ ਪੰਜਾਬੀ ਪੜਾਉਣ ਵਾਲੇ ਅਧਿਆਪਕਾਂ ਵਿਚਕਾਰ ਕੌਣ ਬਣੇਗਾ ਕਰੋੜਪਤੀ ਦੀ ਤਰਜ਼ ਤੇ ਗੁਰਮਤਿ ਕਵਿਜ਼ ਮੁਕਾਬਲਾ ਕੌਣ ਬਨੇਗਾ ਗੁਰਮੁੱਖ ਪਿਆਰਾ ਕਰਵਾਇਆ ਗਿਆ। ਜਿਸ ਵਿਚ ਖਾਲਸਾ ਸਕੂਲਾਂ ਦੇ ਨਾਲ ਸਰਕਾਰੀ ਸਕੂਲਾਂ ਦੇ ਲਗਭਗ 50 ਸਿੱਖ ਅਧਿਆਪਕਾਂ ਨੇ ਭਾਗ ਲਿਆ ਤੇ ਇਸ ਪ੍ਰਤਿਯੋਗਿਤਾ ਦੌਰਾਨ 15 ਅਧਿਆਪਕ ਫਾਸਟੇਸਟ ਫਿੰਗਰ ਫਸਟ ਲੈਵਲ ਪਾਸ ਕਰਕੇ ਸਵਾਲਾਂ ਦੇ ਜਵਾਬ ਦੇਣ ਲਈ ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਦੇ ਸਾਹਮਣੇ ਹੋਟ ਸੀਟ ਤੇ ਵਿਰਾਜਮਾਨ ਹੋਏ। ਇਸ ਮੁਕਾਬਲੇ ਨੂੰ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲਬਾਗ ਦੀ ਧਾਰਮਿਕ ਸਿਖਿਆ ਦੀ ਅਧਿਆਪਿਕਾ ਨੇ ਜਿਤਿਆ।
ਇਸ ਮੌਕੇ ਪਹਿਲੇ ਰਾਉਂਡ ਨੂੰ ਪਾਰ ਕਰਨ ਵਾਲੇ ਪ੍ਰਤਿਯੋਗਿਆਂ ਨੂੰ 1100, ਦੂਜਾ ਰਾਉਂਡ 2100, ਅਤੇ ਤੀਜਾ ਰਾਉਂਡ ਪਾਰ ਕਰਨ ਵਾਲਿਆਂ ਨੂੰ 3100 ਰੁਪਏ ਦੀ ਨਗਦ ਰਾਸ਼ੀ ਕਮੇਟੀ ਵਲੋਂ ਦਿੱਤੀ ਗਈ। ਅਧਿਆਪਕ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਏ ਉਨ੍ਹਾਂ ਸਵਾਲਾਂ ਨੂੰ ਉਥੇ ਦਰਸ਼ਕ ਦੇ ਰੂਪ ਵਿਚ ਮੌਜੂਦ ਬੱਚਿਆਂ ਕੋਲੋ ਪੁਛਿਆ ਗਿਆ ਤੇ ਸਹੀ ਜਵਾਬ ਦੇਣ ਵਾਲੇ ਬੱਚੇ ਨੂੰ ਵੀ ਨਗਦ ਇਨਾਮੀ ਰਾਸ਼ੀ ਦਿੱਤੀ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਅਤੇ ਕੁਲਮੋਹਨ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਧਾਰਮਿਕ ਸਿਖਿਆ ਦੇ ਅਧਿਆਪਕਾਂ ਦੇ ਵਿਚ ਗੁਰਮਤਿ ਦੇ ਆਧਾਰ ਤੇ ਇਕ ਦੂਜੇ ਨਾਲ ਅੱਗੇ ਨਿਕਲਣ ਦੀ ਜਿੱਥੇ ਹੋੜ ਪੈਦਾ ਹੋਵੇਗੀ ਉਥੇ ਨਾਲ ਹੀ ਵਿਧਿਆਰਥੀਆਂ ਨੂੰ ਚੰਗੀ ਗੁਰਮਤਿ ਸਿਖਿਆ ਪ੍ਰਾਪਤ ਹੋਵੇਗੀ।