ਵੱਲੋਂ,
ਸ਼ੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ,
ਕਿਲਾ ਸ. ਹਰਨਾਮ ਸਿੰਘ,
ਡਾ: ਤਲਾਣੀਆਂ,
ਜਿਲ੍ਹਾ ਫਤਿਹਗੜ੍ਹ ਸਾਹਿਬ।
ਵੱਲ,
ਸ. ਪ੍ਰਕਾਸ਼ ਸਿੰਘ ਬਾਦਲ,
ਮੁੱਖ ਮੰਤਰੀ ਪੰਜਾਬ,
ਚੰਡੀਗੜ੍ਹ,
ਮਾਰਫਤ, ਡਿਪਟੀ ਕਮਿਸ਼ਨਰ,
ਫਤਿਹਗੜ੍ਹ ਸਾਹਿਬ।
ਸਅਦਅ/5009/2013 11 ਨਵੰਬਰ 2013
ਸ੍ਰੀ ਮਾਨ ਜੀਓ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।।
ਨਿਮਰਤਾ ਸਾਹਿਤ ਆਪ ਜੀ ਦੇ ਧਿਆਨ ਹਿਤ ਲਿਆਂਦਾ ਜਾਂਦਾ ਹੈ ਕਿ ਆਪ ਜੀ ਦੀ ਸਰਕਾਰ ਅਤੇ ਆਪ ਜੀ ਨੇ ਬੀਤੇ ਕੁਝ ਦਿਨ ਪਹਿਲੇ ਜੋ ਪੰਜਾਬ ਦੇ ਮੱਧ ਵਰਗੀ, ਗਰੀਬ ਉਨਾਂ ਨਿਵਾਸੀਆਂ, ਜਿਨਾਂ ਨੇ ਬਹੁਤ ਮਿਹਨਤ-ਮੁਸ਼ਕੱਤ ਨਾਲ ਆਪਣੇ ਪਰਿਵਾਰਾਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੇ ਰਹਿਣ ਲਈ ਅਤੇ ਘਰ ਬਣਾਉਣ ਹਿਤ ਕਿਸੇ ਵੀ ਸਥਾਨ ਉੱਤੇ ਜਾਂ ਛੋਟੀਆਂ ਵੱਡੀਆਂ ਕਲੋਨੀਆਂ ਵਿਚ ਪਲਾਟ ਖਰੀਦੇ ਹਨ ਜਾਂ ਮਕਾਨ ਲਏ ਹਨ, ਉੱਨਾਂ ਉੱਤੇ ਆਪ ਜੀ ਅਤੇ ਆਪ ਜੀ ਦੀ ਕੈਬਨਿਟ ਨੇ ਭਾਰੀ ਟੈਕਸ ਲਗਾ ਕੇ ਮੱਧ ਵਰਗੀ ਲੋਕਾਂ ਨੂੰ ਬਹੁਤ ਵੱਡੀ ਪ੍ਰੇਸ਼ਨੀ ਖੜੀ ਕਰ ਦਿੱਤੀ ਹੈ। ਜਦੋਂ ਕਿ ਅਜਿਹੇ ਪਰਿਵਾਰਾਂ ਨੇ ਆਪਣੇ ਸਮੁੱਚੇ ਸਾਧਨਾਂ ਨੂੰ ਜੁਟਾ ਕੇ ਜਾਂ ਫਿਰ ਆਪਣੇ ਦੋਸਤਾਂ, ਮਿੱਤਰਾਂ ਅਤੇ ਸੰਬੰਧੀਆਂ ਤੋਂ ਉਧਾਰੇ ਪੈਸੇ ਫੜ ਕੇ ਆਪਣੇ ਘਰ ਬਣਾਉਣ ਲਈ ਜੋ ਪਲਾਟ ਖਰੀਦੇ ਹਨ, ਅਜਿਹੇ ਪਰਿਵਾਰ ਆਪ ਜੀ ਤੇ ਸਰਕਾਰ ਵੱਲੋਂ ਲਗਾਏ ਵਾਧੂ ਟੈਕਸਾਂ ਨੂੰ ਅਦਾ ਕਰਨ ਤੋਂ ਬਿਲਕੁਲ ਅਸਮਰੱਥ ਹਨ। ਦੂਸਰਾ ਆਪ ਜੀ ਨੇ ਛੋਟੇ ਕਾਰੋਬਾਰੀ ਕਲੋਨਾਈਜਰ ਉੱਤੇ ਵੀ ਵੱਡੇ ਟੈਕਸ ਲਗਾ ਕੇ ਉੱਨਾਂ ਦੇ ਕਾਰੋਬਾਰਾਂ ਨੂੰ ਵੱਡਾ
ਨੁਕਸਾਨ ਪਹੁੰਚਾਉਣ ਦੀ ਗੁਸਤਾਖੀ ਕੀਤੀ ਹੈ। ਇਥੇ ਇਹ ਵਰਣਨ ਕਰਨਾਂ ਜਰੂਰੀ ਹੈ ਕਿ ਪੰਜਾਬ ਵਿਚ ਲੱਖਾਂ ਵਿਚ ਵਧਦੀ ਜਾ ਰਹੀ ਬੇਰੁਜ਼ਗਾਰੀ ਦੇ ਕਾਰਨ ਪੜੇ ਲਿਖੇ ਨੌਜਵਾਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਆ ਰਹੇ ਹਨ। ਅਜੋਕੇ ਸਮੇਂ ਦੇ ਕਲੋਨਾਈਜ਼ਰ ਵਿਚ ਇਨਾਂ ਨੌਜਵਾਨਾਂ ਅਤੇ ਉਨਾਂ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਹਿਯੋਗ ਕਰਕੇ ਅਜਿਹੇ ਕਾਰੋਬਾਰਾਂ ਵਿਚ ਤੋਰਿਆ ਜਾ ਰਿਹਾ ਹੈ। ਤਾਂ ਕਿ ਇਹ ਨੌਜਵਾਨ ਆਪਦੀ ਆਮਦਨ ਦੇ ਸਾਧਨ ਬਣਾ ਸਕਣ ਅਤੇ ਆਪਣੇ ਮਾਪਿਆਂ ਦੀ ਮਦਦ ਕਰ ਸਕਣ। ਬਹੁਤ ਦੁੱਖ ਅਤੇ ਅਫਸੋਸ ਹੈ ਕਿ ਆਪ ਜੀ ਅਤੇ ਆਪ ਜੀ ਦੀ ਸਰਕਾਰ ਇਨਾਂ ਬੇਰੁਜ਼ਗਾਰ ਨੌਜਵਾਂਨਾਂ ਜਾਂ ਉਨਾਂ ਦੇ ਮਾਪਿਆਂ ਦੀ ਵੱਡੀ ਮੁਸ਼ਕਿਲ ਨੂੰ ਹੱਲ ਕਰਨ ਵਿਚ ਤਾਂ ਕੋਈ ਯੋਗਦਾਨ ਨਹੀਂ ਪਾ ਰਹੀ, ਲੇਕਿਨ ਜੇ ਅਜਿਹੇ ਨੌਜਵਾਨ ਹਿੰਮਤ ਕਰਕੇ ਆਪਣੇ ਮਾਪਿਆਂ ਦੀ ਪੂੰਜੀ ਅਜਿਹੇ ਛੋਟੇ ਕਾਰੋਬਾਰਾਂ ਵਿਚ ਲਗਾ ਕੇ ਆਪਣੇ ਰੁਜ਼ਗਾਰ ਲਈ ਖੁਦ ਮੌਕਾ ਪੈਦਾ ਕਰ ਰਹੇ ਹਨ, ਉਨਾਂ ਉੱਤੇ ਜਾਂ ਉਨਾਂ ਦੇ ਕਾਰੋਬਾਰ ਨੂੰ ਚਲਦਾ ਰੱਖਣ ਵਾਲੇ ਆਮ ਮੱਧ ਵਰਗੀ ਪਰਿਵਾਰਾਂ ਉੱਤੇ ਭਾਰੇ ਟੈਕਸ ਲਗਾ ਕੇ ਉਨਾਂ ਨੂੰ ਆਪਣੇ ਕਾਰੋਬਾਰਾਂ ਵਿਚੋਂ ਭਜਾਉਣ ਅਤੇ ਲੋਕਾਂ ਉੱਤੇ ਟੈਕਸ ਲਗਾ ਕੇ ਆਪਣੇ ਘਰ ਬਣਾਉਣ ਵਿਚ ਵੱਡੀ ਰੋਕਾਵਟ ਖੜੀ ਕੀਤੀ ਜਾ ਰਹੀ ਹੈ। ਜੋ ਅਸਹਿ ਹੈ ਅਤੇ ਲੋਕ ਵਿਰੋਧੀ ਵਰਤਾਰਾ ਹੈ। ਸ਼੍ਰੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ ਇਸ ਹੋ ਰਹੇ ਲੋਕ ਵਿਰੋਧੀ ਅਮਲਾਂ ਦੀ ਪੁਰਜ਼ੋਰ ਨਿਖੇਧੀ ਕਰਦਾ ਹੋਇਆ, ਪੰਜਾਬ ਸਰਕਾਰ ਵੱਲੋਂ ਲਗਾਏ ਗਏ ਵਾਧੂ ਟੈਕਸਾਂ ਨੂੰ ਖਤਮ ਕਰਨ ਦੀ ਮੰਗ ਕਰਦਾ ਹੈ।
ਅਸੀਂ ਇਹ ਉਮੀਦ ਕਰਦੇ ਹਾਂ ਕਿ ਪੰਜਾਬ ਨਿਵਾਸੀਆਂ, ਪਲਾਟਾਂ ਨਾਲ ਸੰਬੰਧਤ ਕਾਰੋਬਾਰਾਂ ਵਿਚ ਲੱਗੇ ਹੋਏ ਹਜਾਰਾਂ ਪਰਿਵਾਰਾਂ ਅਤੇ ਲੱਖਾਂ ਦੀ ਗਿਣਤੀ ਵਿਚ ਲੋੜਵੰਦ ਉਹ ਪਰਿਵਾਰ ਜੋ ਬਹੁਤ ਮੁਸ਼ਕਿਲਾਂ ਨਾਲ ਆਪਣੇ ਪਲਾਟ ਅਤੇ ਮਕਾਨ ਖਰੀਦ ਰਹੇ ਹਨ, ਉਨਾਂ ਉੱਤੇ ਟੈਕਸਾਂ ਰਾਹੀਂ ਪਾਏ ਜਾ ਰਹੇ ਮਾਲੀ ਬੋਝ ਨੂੰ ਤੁਰੰਤ ਖਤਮ ਕਰਕੇ ਪੰਜਾਬ ਨਿਵਾਸੀਆਂ ਅਤੇ ਨੌਜਵਾਨਾਂ ਵਿਚ ਸਰਕਾਰ ਵਿਰੁੱਧ ਉੱਠ ਰਹੇ ਰੋਹ ਨੂੰ ਖਤਮ ਕਰੋਗੇ। ਜੇਕਰ ਸਰਕਾਰ ਨੇ ਪੰਜਾਬ ਨਿਵਾਸੀਆਂ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਨੌਜਵਾਨਾਂ ਦੀ ਇਸ ਭਾਵਨਾਂ ਨੂੰ ਸਮਝਦੇ ਹੋਏ ਉਸਾਰੂ ਫੈਸਲਾ ਨਾਂ ਕੀਤਾ, ਤਾਂ ਸ਼੍ਰੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੀ ਹਾਈ ਕਮਾਂਡ ਦੀ ਅਗਵਾਈ ਹੇਠ ਪੰਜਾਬ ਦੇ ਜਿਲਾ ਪੱਧਰ ਅਤੇ ਤਹਿਸੀਲ ਪੱਧਰ ਉੱਤੇ ਵੱਡੇ ਰੋਸ ਮੁਜਾਹਰੇ ਕਰਨ ਲਈ ਮਜਬੂਰ ਹੋਵੇਗੀ। ਇਸ ਲਈ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਆਪ ਜੀ ਅਤੇ ਪੰਜਾਬ ਸਰਕਾਰ ਸਾਨੂੰ ਵੱਡੇ ਐਕਸ਼ਨ ਲਈ ਮਜਬੂਰ ਨਹੀਂ ਕਰੇਗੀ ਅਤੇ ਪਲਾਟਾਂ, ਮਕਾਨਾਂ ਅਤੇ ਕਲੋਨੀਆਂ ਉੱਤੇ ਲਗਾਏ ਜਾ ਰਹੇ ਟੈਕਸਾਂ ਨੂੰ ਸਮੇਂ ਨਾਲ ਵਾਪਸ ਲੈ ਲਵੇਗੀ। ਸ਼੍ਰੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵੇਗਾ।
ਗੁਰੂ ਘਰ ਤੇ ਪੰਥ ਦੇ ਦਾਸ,