ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਲੂਆਂ ਦੀ ਖੋਜ ਨੂੰ ਹੋਰ ਪ੍ਰਫੁਲਤ ਕਰਨ ਲਈ ਸ਼ਿਮਲਾ ਵਿਖੇ ਸਥਿਤ ਕੌਮਾਂਤਰੀ ਆਲੂ ਖੋਜ ਅਦਾਰੇ (ਸੀ ਪੀ ਆਰ ਆਈ) ਨਾਲ ਇਕਰਾਰਨਾਮਾ ਕੀਤਾ ਗਿਆ ਹੈ । ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਇਸ ਅਦਾਰੇ ਵੱਲੋਂ ਡਾਇਰੈਕਟਰ ਡਾ. ਬੀ.ਪੀ. ਸਿੰਘ ਨੇ ਅਤੇ ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ. ਸਤਿਬੀਰ ਸਿੰਘ ਗੋਸਲ ਨੇ ਹਸਤਾਖਰ ਕੀਤੇ ।
ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਇਕਰਾਰਨਾਮੇ ਦਾ ਮੁੱਖ ਮੰਤਵ ਆਲੂਆਂ ਸੰਬੰਧੀ ਕੀਤੇ ਜਾ ਰਹੇ ਖੋਜ ਕਾਰਜਾਂ ਨੂੰ ਮਜਬੂਤੀ ਦੇਣਾ ਹੈ । ਇਸ ਖੋਜ ਇਕਰਾਰਨਾਮੇ ਤਹਿਤ ਦੋਵਾਂ ਅਦਾਰਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਖੋਜ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਜਾਣਗੀਆਂ । ਉਨ੍ਹਾਂ ਦ¤ਸਿਆ ਕਿ ਇਸ ਤੋਂ ਇਲਾਵਾ ਚੰਗੇਰਾ ਜਨਣ ਪਦਾਰਥ (ਜਰਮ ਪਲਾਜਮ) ਵੀ ਦੋਵਾਂ ਅਦਾਰਿਆਂ ਵੱਲੋਂ ਅਦਾਨ ਪ੍ਰਦਾਨ ਕੀਤਾ ਜਾਵੇਗਾ । ਇਸ ਮੌਕੇ ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ ਵੱਖ ਖੋਜ ਕੇਂਦਰਾਂ ਵਿਖੇ ਜਰਮ ਪਲਾਜਮਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਪੰਜਾਬ ਦੇ ਵਾਤਾਵਰਣ ਦੀ ਅਨੁਕੂਲਤਾ ਅਨੁਸਾਰ ਇਸ ਦੀਆਂ ਸਿਫ਼ਾਰਸ਼ਾਂ ਕੀਤੀਆਂ ਜਾਣਗੀਆਂ ।
ਉਨ੍ਹਾਂ ਦੱਸਿਆ ਕਿ ਭਾਰਤ ਦੇ ਨੀਦਰਲੈਂਡ ਮੁਲਕ ਵਿਚਾਲੇ ਵੀ ਆਲੂ ਦੇ ਸੰਬੰਧਤ ਖੋਜ ਕਾਰਜ ਸਾਂਝੇ ਤੌਰ ਤੇ ਚਲਾਏ ਜਾ ਰਹੇ ਹਨ । ਯੂਨੀਵਰਸਿਟੀ ਦੇ ਸਬਜ਼ੀ ਵਿਭਾਗ ਦੇ ਮੁਖੀ ਡਾ. ਐਮ ਐਸ ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਅਦਾਰਿਆਂ ਵੱਲੋਂ ਸਾਂਝੇ ਤੌਰ ਤੇ ਵਿਕਸਤ ਕੀਤੀਆਂ ਨਵੀਆਂ ਕਿਸਮਾਂ ਦੋਹਾਂ ਅਦਾਰਿਆਂ ਵੱਲੋਂ ਜਾਰੀ ਕੀਤੀਆਂ ਜਾਣਗੀਆਂ । ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਸਾਬਕਾ ਐਡੀਸ਼ਨਲ ਡਾਇਰੈਕਟਰ ਰਿਸਰਚ ਡਾ. ਟੀ. ਐਸ. ਥਿੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਵੀ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਆਲੂ ਸੰਬੰਧੀ ਖੋਜ ਕਾਰਜ ਨੇਪਰੇ ਚਾੜ੍ਹਨ ਲਈ ਇੱਕ ਪ੍ਰਾਜੈਕਟ ਨੂੰ ਮਨਜੂਰੀ ਦੇ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਵਿਸ਼ਾਣੂੰ ਰਹਿਤ ਆਲੂ ਦਾ ਬੀਜ ਤਿਆਰ ਕਰਨ ਨਾਲ ਇਸ ਨੂੰ ਗੁਆਂਢੀ ਮੁਲਕਾਂ ਜਿਵੇਂ ਪਾਕਿਸਤਾਨ ਦੇ ਮੱਧ ਪੂਰਬੀ ਦੇਸ਼ਾਂ ਵਿੱਚ ਵੀ ਭੇਜਿਆ ਜਾ ਸਕੇਗਾ । ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਆਲੂ ਦੀ ਜ਼ਿਆਦਾ ਪੈਦਾਵਾਰ, ਉਸ ਦੇ ਸੁਚੱਜੇ ਭੰਡਾਰਨ, ਪ੍ਰਾਸੈਸਿੰਗ ਅਤੇ ਮੰਡੀ ਦੇ ਵੱਖ ਵੱਖ ਵਸੀਲਿਆਂ ਬਾਰੇ ਵੀ ਨਵੀਆਂ ਰਾਹਾਂ ਮਿਲਣਗੀਆਂ। ਇਹ ਇਕਰਾਰਨਾਮਾ ਵਿਸ਼ੇਸ਼ ਤੌਰ ਤੇ ਡਾ. ਢਿੱਲੋਂ, ਡਾ. ਗੋਸਲ, ਡਾ. ਥਿੰਦ, ਯੂਨੀਵਰਸਿਟੀ ਦੇ ਤਕਨਾਲੋਜੀ ਮਾਰਕੀਟਿੰਗ ਸੈਲ ਦੇ ਇੰਚਾਰਜ ਡਾ. ਐਸ. ਐਸ. ਚਾਹਲ, ਡਾ. ਧਾਲੀਵਾਲ, ਡਾ. ਬੀ.ਪੀ. ਸਿੰਘ, ਡਾ. ਪੀ.ਐਮ. ਗੋਬਿੰਦਾ ਕ੍ਰਿਸ਼ਨਨ, ਡਾ. ਵੀ. ਭਾਰਦਵਾਜ ਦੇ ਆਪਸ ਵਿੱਚ ਲੰਮੇ ਚਿਰ ਤੋਂ ਚੱਲੇ ਆ ਰਹੇ ਵਿਚਾਰਾਂ ਸਦਕਾ ਹੀ ਸੰਭਵ ਹੋ ਸਕਿਆ ਹੈ ।