ਨਵੀਂ ਦਿੱਲੀ- ਭਾਰਤੀ ਪਸੂ ਕਲਿਆਣ ਬੋਰਡ ਨੇ ਪਸੂਆਂ ਤੇ ਹੋਣ ਵਾਲੇ ਅਤਿਆਚਾਰ ਨੂੰ ਵੇਖਦੇ ਹੋਏ ਸਰਕਸ ਵਿੱਚ ਹਾਥੀਆਂ ਨੂੰ ਇਸਤੇਮਾਲ ਕਰਨ ਦੀ ਮਨਜੂਰੀ ਨਾਂ ਦੇਣ ਦਾ ਫੈਸਲਾ ਕੀਤਾ ਹੈ। ਪੇਟਾ ਦੇ ਅਧਿਕਾਰੀਆਂ ਨੇ ਭਾਰਤ ਵਿੱਚ ਸ਼ੁਕਰਵਾਰ ਨੂੰਇਸ ਦੀ ਜਾਣਕਾਰੀ ਦਿੱਤੀ। ਪੇਟਾ ਇੰਡੀਆ ਅਤੇ ਐਨੀਮਲ ਰਾਹਤ ਸੰਗਠਨਾਂ ਦੁਆਰਾ ਭਾਰਤ ਵਿੱਚ ਸਰਕਸਾਂ ਵਿੱਚ ਹਾਥੀਆਂ ਦੀ ਦੁਰਦਸ਼ਾ ਤੇ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ਤੇ ਇਹ ਫੈਸਲਾ ਲਿਆ ਗਿਆ।
ਪੇਟਾ ਇੰਡੀਆ ਦੇ ਪਸੂ ਚਕਿਸਤਕਾ ਮਾਮਲਿਆਂ ਦੇ ਅਧਿਕਾਰੀ ਮਣੀਲਾਲ ਅਨੁਸਾਰ ਜਾਂਚ ਪੜਤਾਲ ਵਿੱਚ ਇਹ ਸਾਬਿਤ ਹੋਇਆ ਹੈ ਕਿ ਸਰਕਸਾਂ ਵਿੱਚ ਪਸੂਆਂ ਤੇ ਅਤਿਆਚਾਰ ਇਸ ਕਾਰੋਬਾਰ ਦਾ ਅਹਿਮ ਹਿੱਸਾ ਹੈ। ਦੇਸ਼ ਵਿੱਚ ਸਰਕਸਾਂ ਵਿੱਚ ਹੁਣ ਹਰ ਤਰ੍ਹਾਂ ਦੇ ਪਸੂਆਂ ਦਾ ਇਸਤੇਮਾਲ ਬੰਦ ਕਰਨ ਦਾ ਸਮਾਂ ਆ ਗਿਆ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਕਰਨ ਦਾ ਮਤਲੱਬ ਹੈ ਕਿ ਘੋੜੇ, ਊਠਾਂ, ਬਕਰੀਆਂ, ਕੁਤਿਆਂ, ਪੰਛੀਆਂ ਅਤੇ ਹੋਰ ਪਸੂਆਂ ਤੇ ਅਤਿਆਚਾਰ ਨੂੰ ਜਾਰੀ ਰੱਖਣਾ।
ਭਾਰਤੀ ਪਸੂ ਕਲਿਆਣ ਬੋਰਡ ਨੇ ਸ਼ੁਕਰਵਾਰ ਨੂੰ ਹੋਈ ਆਪਣੀ 39ਵੀਂ ਬੈਠਕ ਦੇ ਕੁਝ ਮਿੰਟ ਬਾਅਦ ਹੀ ਇਸ ਫੈਸਲੇ ਦੀ ਪੁਸ਼ਟੀ ਕੀਤੀ। ਬੋਰਡ ਨੇ ਸਰਕਸਾਂ ਵਿੱਚ ਉਮਰਦਰਾਜ ਅਤੇ ਜਖਮੀ ਪਸੂ ਪੰਛੀਆਂ ਦੇ ਇਸਤੇਮਾਲ ਤੇ ਬਹੁਤ ਜਲਦ ਹੀ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਪੁਨਰਵਾਸ ਦੀ ਕਾਰਵਾਈ ਪੂਰੀ ਕੀਤੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੇ ਪਸੂਆਂ ਨੂੰ ਸਰਕਸਾਂ ਤੋਂ ਜਬਤ ਕਰ ਲਿਆ ਜਾਵੇਗਾ।