ਭਾਰਤੀ ਰੇਲਵੇ ਮੰਤਰੀ ਸ੍ਰੀ ਮੱਲਿਕਾਰਜੁਨ ਖਰਗੇ ਨੇ ਧੂਰੀ ਅਤੇ ਲਹਿਰਾਗਾਗਾ ਵਿਖੇ ਜਾਖਲ-ਧੂਰੀ-ਲੁਧਿਆਣਾ ਰੇਲਵੇ ਪ੍ਰੋਜੈਕਟਾਂ ਦੇ ਬਿਜਲੀਕਰਨ,ਟੋਕਨਲੈੱਸ ਅਤੇ ਰੰਗੀਨ ਸਿਸਟਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਧੂਰੀ ਅਤੇ ਲਹਿਰਾਗਾਗਾ ਸਟੇਸ਼ਨ ਉੱਤੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਯੂ.ਪੀ.ਏ ਸਰਕਾਰ ਅਤੇ ਭਾਰਤੀ ਰੇਲਵੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਨਵੀਆਂ ਗੱਡੀਆ ਚਲਾਉਣ ਅਤੇ ਹੋਰ ਰੇਲਵੇ ਪ੍ਰੋਜੈਕਟਾਂ ਦੇ ਸ਼ੁਰੂ ਹੋਣ ਨਾਲ ਜਿੱਥੇ ਹਲਕੇ ਨੂੰ ਲਾਭ ਮਿਲੇਗਾ ਉੱਥੇ ਹੀ ਹਲਕੇ ਦੇ ਨਾਲ ਲੱਗਦੇ ਇਲਾਕਿਆਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨਾਂ ਦਾ ਬਿਜਲੀਕਰਨ ਹੋਣ ਨਾਲ ਜਿੱਥੇ ਲੰਬੇ ਸਫਰ ਵਿੱਚ ਸਮੇ ਦੀ ਬੱਚਤ ਹੋਵੇਗੀ ਉੱਥੇ ਹੀ ਸੁਰੱਖਿਆ ਵਿੱਚ ਵੀ ਵਾਧਾ ਹੋਵੇਗਾ ਅਤੇ ਪੰਜਾਬ ਵਿੱਚ ਵਪਾਰ ਵੱਧੇਗਾ।
ਇਸ ਮੌਕੇ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਭਾਰਤੀ ਰੇਲਵੇ ਮੰਤਰੀ ਸ਼੍ਰੀ ਮੱਲਿਕਾਰਜੁਨ ਖਰਗੇ ਨੂੰ ਇਲਾਕੇ ਦੀਆ ਮੰਗਾਂ ਬਾਰੇ ਜਾਣੂ ਕਰਵਾਇਆ। ਜਿਸ ਵਿੱਚ ਲੁਧਿਆਣਾ-ਦਿੱਲੀ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਨੂੰ ਧੂਰੀ ਸਟੇਸ਼ਨ ਤੇ ਰੋਕਣ ਬਾਰੇ ਕਿਹਾ।
ਉਨ੍ਹਾਂ ਗੱਡੀ ਨੰ.16031/16032 ਅੰਡੇਮਾਨ ਐਕਸਪ੍ਰੈਸ ਜੋ ਕਿ ਇਸ ਸਮੇਂ ਜੰਮੂ-ਕੱਟੜਾ ਚੱਲਦੀ ਹੈ ਉਸ ਗੱਡੀ ਨੂੰ ਉੱਦਮਪੁਰ ਤੋਂ ਕੱਟੜਾ ਵੀ ਚਲਾਏ ਜਾਣ ਬਾਰੇ ਕਿਹਾ, ਤਾਂ ਜੋ ਪੰਜਾਬ ਅਤੇ ਦੱਖਣੀ ਭਾਰਤ ਦੇ ਲੋਕਾਂ ਨੂੰ ਵੀ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾ ਲਈ ਸਿੱਧੀ ਰੇਲ ਸੇਵਾ ਮਿਲ ਸਕੇ।
ਉਨ੍ਹਾਂ ਅਗਲੀ ਮੰਗ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਪੰਜਾਂ ਤਖਤਾਂ ਨੂੰ ਜਾਣ ਲਈ ਭਾਰਤੀ ਰੇਲਵੇ ਦੁਆਰਾ ਰੈਗੂਲਰ ਸੇਵਾ ਘੱਟ ਰੇਟ ਤੇ ਸੁਰੂ ਕਰਨ ਲਈ ਕਿਹਾ। ਉਨ੍ਹਾਂ ਕੇਂਦਰੀ ਸੜਕ ਯੋਜਨਾ ਅਤੇ ਹੋਰ ਅੰਤਰ-ਰਾਸ਼ਟਰੀ ਸਾਧਨਾਂ ਰਾਹੀ ਲੈਵਲ ਕਰਾਸਿੰਗ ਤੇ ਜਿਸ ਕਾਰਨ ਅਨੇਕਾਂ ਦੁਰਘਟਨਾਵਾਂ ਹੁੰਦੀਆ ਹਨ, ਨੂੰ ਬਾਰ੍ਹਵੀ 2017 ਦੀ ਯੋਜਨਾ ਵਿੱਚ ਪਹਿਲ ਦੇ ਆਧਾਰ ਤੇ ਵਿੱਤੀ ਮਦਦ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਭਾਰਤੀ ਰੇਲਵੇ ਦੀ ਵੈਬਸਾਈਟ ਰਾਹੀ ਟਿਕਟਾਂ ਬੁੱਕ ਕਰਵਾਉਣ ਦੀ ਸਹੂਲਤ ਦੇਣ ਲਈ ਕਿਹਾ ਅਤੇ ਇਹ ਵੈਬਸਾਈਟ ਪੰਜਾਬੀ ਭਾਸ਼ਾ ਵਿੱਚ ਵੀ ਲਾਗੂ ਕੀਤੇ ਜਾਣ ਦੀ ਮੰਗ ਰੱਖੀ। ਇੰਨ੍ਹਾਂ ਮੰਗਾਂ ਨੂੰ ਰੱਖੇ ਜਾਣ ਉਪਰੰਤ ਭਾਰਤੀ ਰੇਲਵੇ ਮੰਤਰੀ ਨੇ ਅਜਮੇਰ-ਅੰਮ੍ਰਿਤਸਰ ਜਾਣ ਵਾਲੀ ਗੱਡੀ ਨੰ.19781/19782 ਨੂੰ ਸੰਗਰੂਰ ਸਟੇਸ਼ਨ ਤੇ ਰੁਕਣ ਲਈ ਸਹਿਮਤੀ ਪ੍ਰਗਟਾਈ। ਸੰਗਰੂਰ ਲੋਕ ਸਭਾ ਹਲਕੇ ਵਿੱਚ ਆਉਣ ਤੇ ਰੇਲਵੇ ਮੰਤਰੀ ਨੇ ਗੱਡੀ ਨੰ.14035/14036 ਧੌਲਾ-ਧਾਰ ਐਕਸਪ੍ਰੈਸ ਲਹਿਰਾਗਾਗਾ ਸਟੇਸ਼ਨ ਤੇ ਵੀ ਸਹਿਮਤੀ ਪ੍ਰਗਟਾਈ ਅਤੇ ਵਿਜੈ ਇੰਦਰ ਸਿੰਗਲਾ ਨੇ ਉਨ੍ਹਾਂ ਦੁਆਰਾ ਮੰਗੀਆ ਮੰਗਾਂ ਨੂੰ ਪੂਰਾ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੰਗਰੂਰ ਹਲਕੇ ਲਈ ਇੱਕ ਵਧੀਆ ਤੋਹਫਾ ਹੈ।
ਜ਼ਿਕਰਯੋਗ ਹੈ ਕਿ ਵਿਜੈ ਇੰਦਰ ਸਿੰਗਲਾ ਮੈਂਬਰ ਪਾਰਲੀਮੈਂਟ ਸੰਗਰੂਰ ਜਦੋਂ ਤੋਂ (2009) ਐਮ.ਪੀ. ਬਣੇ ਹਨ ਉਦੋਂ ਤੋਂ ਹੀ ਉਨ੍ਹਾਂ ਨਵੀਆਂ ਰੇਲ ਗੱਡੀਆਂ,ਰੇਲਵੇ ਟਰੈਕ ਦੇ ਬਿਜਲੀਕਰਨ,ਦੂਹਰੀ ਰੇਲ ਲਾਈਨ,ਸੁਰੱਖਿਆ ਮਾਪ-ਯੰਤਰ ਅਤੇ ਹੋਰ ਵੀ ਸੰਗਰੂਰ ਤੇ ਬਰਨਾਲਾ ਦੇ ਯਾਤਰੀਆ ਲਈ ਸਹੂਲਤਾ ਮੁਹੱਈਆ ਕਰਵਾਈਆ ਹਨ। ਇਸ ਦੇ ਨਾਲ ਬਰਨਾਲਾ ਸੰਗਰੂਰ ਤੋਂ ਇਲਾਵਾ ਹੋਰ ਵੀ ਇਲਾਕਿਆਂ ਨੂੰ ਇੰਨ੍ਹਾਂ ਸਹੂਲਤਾ ਦਾ ਲਾਭ ਮਿਲ ਸਕੇ ਜਿਵੇ ਕਿ ਉਨ੍ਹਾਂ ਦੀ ਮਿਹਨਤ ਸਦਕਾ ਹਜੂਰ ਸਾਹਿਬ ਜਾਣ ਲਈ ਸਿੱਧੀ ਰੇਲ ਗੱਡੀ ਚਾਲੂ ਕਰਵਾਈ ਗਈ,ਅਜਮੇਰ-ਸਰਸਾ-ਦਿੱਲੀ ਸਰਾਇ ਰੋਹਿਲਾ ਸਟੇਸ਼ਨ ਲਈ ਨਵੀਆਂ ਗੱਡੀਆਂ ਚਲਾਈਆ, ਜਿਹੜੀ ਸ਼ਤਾਬਦੀ ਐਕਸਪ੍ਰੈਸ ਲੁਧਿਆਣਾ/ਮੋਗਾ ਦਿੱਲੀ ਜਾਣ ਵਾਲੀ ਗੱਡੀ ਪਹਿਲਾਂ ਹਫਤੇ ਵਿੱਚ ਇੱਕ ਦਿਨ ਚੱਲਦੀ ਸੀ ਉਹ ਹੁਣ ਰੋਜ਼ਾਨਾ ਜਾਣ ਲੱਗ ਪਈ।
ਕੰਪਿਊਟਰਾਈਜ਼ਡ ਰਿਜ਼ਰਵੇਸ਼ਨ ਤਪਾ-ਸੁਨਾਮ ਅਤੇ ਲਹਿਰਾਗਾਗਾ ਵਿੱਚ ਚਾਲੂ ਕੀਤਾ ਗਿਆ।ਇਸੇ ਤਰਾਂ ਹੀ ਲਹਿਰਾਗਾਗਾ-ਸੁਨਾਮ-ਸੰਗਰੂਰ ਧੂਰੀ ਤਪਾ ਬਰਨਾਲਾ ਅਤੇ ਮਲੇਰਕੋਟਲਾ ਸਟੇਸ਼ਨਾ ਨੂੰ ਅੱਪਗ੍ਰੇਡ ਕਰਕੇ ਆਦਰਸ਼ ਸਟੇਸ਼ਨ ਬਣਾਏ ਜਾ ਰਹੇ ਹਨ ਜਿਨ੍ਹਾਂ ਦਾ ਕੰਮ ਬ-ਕਾਇਦਾ ਚੱਲ ਰਿਹਾ ਹੈ। ਸੰਗਰੂਰ ਬਰਨਾਲਾ ਖੇਤਰ ਦੇ ਹੋਰ ਨਵੇਂ ਸਟੇਸ਼ਨਾ ਤੇ ਗੱਡੀਆ ਰੁਕਵਾਉਣ ਲਈ ਵੀ ਯੋਗਦਾਨ ਪਾਇਆ। ਜਾਖਲ-ਧੂਰੀ-ਲੁਧਿਆਣਾ ਰੇਲਵੇ ਲਾਈਨ ਦਾ ਬਿਜਲੀਕਰਨ ਕਰਨ ਲਈ 126 ਕਰੋੜ ਰੁਪਏ ਅਤੇ ਟੋਕਨਲੈਸ ਅਤੇ ਰੰਗੀਨ ਸਿਗਨਲ ਸਿਸਟਮ ਲਈ 49 ਕਰੋੜ ਰੁਪਏ, ਰਾਜਪੁਰਾ-ਧੂਰੀ-ਬਰਨਾਲਾ-ਤਪਾ-ਲਹਿਰਾ ਮੁਹੱਬਤ ਰੇਲ ਲਾਈਨ ਦੇ ਬਿਜਲੀਕਰਨ ਕਰਨ ਲਈ 152.6 ਕਰੋੜ ਰੁਪਏ ਮਨਜੂਰ ਕਰਵਾਉਣ ਵਿੱਚ ਯੋਗ ਉਪਰਾਲੇ ਕੀਤੇ ਹਨ।