ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਗੁਰਮਤਿ ਸਮਾਗਮ ਮੌਕੇ ਡੀਐਸਜੀਪੀਸੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਤੇ ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਝਾਤ ਮਾਰਨ ਦੌਰਾਨ ਉਨ੍ਹਾਂ ਨੂੰ ਵਿਤਕਰਾ ਨਹੀਂ ਕਰਨ ਵਾਲੇ ਨਿਜਾਮ ਦੱਸਦੇ ਹੋਏ ਸੰਗਤਾਂ ਨੂੰ ਉਨ੍ਹਾਂ ਦੇ ਸੰਦੇਸ਼ਾਂ ਤੇ ਚੱਲਣ ਦੀ ਬੇਨਤੀ ਕੀਤੀ। ਇਸ ਮੌਕੇ ਡਾ: ਜਸਪਾਲ ਸਿੰਘ ਨੂੰ ਲਗਾਤਾਰ ਤੀਸਰੀ ਵਾਰ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਵਾਈਸ ਚਾਂਸਲਰ ਬਣਨ ਅਤੇ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਨੂੰ ਦਿੱਲੀ ਦੇ ਗੁਰਧਾਮਾਂ ਵਿੱਚ ਚੱਲ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਦਿੱਲੀ ਕਮੇਟੀ ਵੱਲੋਂ ਸਿਰੋਪਾ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਮਨਜੀਤ ਸਿੰਘ ਜੀ.ਕੇ. ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੂਨਾਈਟਡ ਨੇਸ਼ਨ ਜੋ ਅੱਜ ਸੱਭ ਦੇਸ਼ਾਂ ਦੇ ਲੜਾਈ ਝਗੜੇ ਸਮਾਪਤ ਕਰਕੇ ਗੱਲਬਾਤ ਨਾਲ ਹੱਲ ਕਰਨ ਵਾਸਤੇ ਲਗੀ ਹੋਈ ਹੈ, ਉਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਗੋਸਟਿ ਕਰਦੇ ਹੋਏ ਸ਼ੁਰੂ ਕੀਤੀ ਸੀ। ਉਨ੍ਹਾਂ ਨ ਇਸ ਮੌਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪ੍ਰਾਇਮਰੀ ਦੇ ਬੱਚਿਆਂ ਵਾਸਤੇ ਬੇਹਤਰ ਸੁਵਿਧਾਵਾਂ ਉਪਲੱਭਦ ਕਰਵਾਉਣ ਵਾਸਤੇ ‘ਅਨਮੋਲ ਰਤਨ’ ਨਾਮਕ ਵਕਾਰੀ ਯੋਜਨਾ ਦੀ ਸ਼ੁਰੂਆਤ ਦੀ ਜਾਣਕਾਰੀ ਵੀ ਦਿੱਤੀ। ਸਰਕਾਰੀ ਸਕੀਮਾਂ ਦੀ ਬਦੌਲਤ ਆਪਣੇ ਸਕੂਲਾਂ ਵਿੱਚ ਪੜ੍ਹਦੇ ਸਿੱਖ ਬੱਚਿਆਂ ਨੂੰ ਫੀਸ ਮਾਫ਼ੀ ਯੋਜਨਾ ਦਾ ਫਾਇਦਾ ਦੇਣ ਵਾਸਤੇ ਨਵੀਂ ਕਮੇਟੀ ਵੱਲੋਂ ਉਲੀਕੀਆਂ ਗਈਆਂ ਯੋਜਨਾਵਾਂ ਦਾ ਜਿ਼ਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੀ ਪੂਰੀ ਟੀਮ ਨੇਸੇਵਾ ਮਿਲਣ ਤੋਂ ਬਾਅਦ ਸਕੂਲ ਦੇ ਸਟਾਫ਼ ਵਿੱਚੋਂ ਹੀ 40 ਨੋਡਲ ਅਫ਼ਸਰਾਂ ਨੂੰ ਸਾਰੇ ਖਾਲਸਾ ਸਕੂਲਾਂ ਵਾਸਤੇ ਇਸ ਕਾਰਜ ਵਿੱਚ ਲਗਾਇਆ ਸੀ, ਜਿਸ ਦਾ ਸਿੱਟਾ ਇਹ ਹੋਇਆ ਕਿ ਪਿੱਛਲੇ ਸਾਲ ਸਿੱਖ ਬੱਚਿਆਂ ਨੇ ਇਨ੍ਹਾਂ ਯੋਜਨਾਵਾਂ ਰਾਹੀਂ ਸਿਰਫ਼ 50 ਲੱਖ ਰੁਪੈ ਦੀ ਸਹਾਇਤਾ ਪ੍ਰਾਪਤ ਕੀਤੀ ਸੀ ਪਰ ਹੁਣ ਵੱਧ ਕੇ ਇਸ ਸਾਲ ਤੋਂ 12 ਕਰੋੜ ਰੁਪੈ ਹੋ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 3.75 ਕਰੋੜ ਰੁਪੈ ਦਿੱਲੀ ਕਮੇਟੀ ਵੱਲੋਂ ਵੀ ਲੋੜਵੰਦ ਬੱਚਿਆਂ ਦੀ ਫੀਸ ਮਾਫ਼ੀ ਲਈ ਖਰਚਣ ਦਾ ਦਾਅਵਾ ਵੀ ਕੀਤਾ।