ਨਵੀਂ ਦਿੱਲੀ- ਗੁਜ਼ਰੇ ਜਮਾਨੇ ਦੀ ਪ੍ਰਸਿੱਧ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਅੰਤਰਰਾਸ਼ਟਰੀ ਭਾਰਤੀ ਫਿਲਮ ਮਹਾਂ ਉਤਸਵ ਦੇ ਮੌਕੇ ਤੇ ਉਸ ਦੇ ਹਿੰਦੀ ਸਿਨੇਮੇ ਨੂੰ ਦਿੱਤੇ ਬੇਮਿਸਾਲ ਯੋਗਦਾਨ ਲਈ ਪਹਿਲੇ ਸ਼ਤਾਬਦੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। 20 ਨਵੰਬਰ ਨੂੰ ਗੋਆ ਵਿੱਚ ਸ਼ੁਰੂ ਹੋਣ ਵਾਲਾ ਇਹ ਮਹਾਂ ਉਤਸਵ 10 ਦਿਨਾਂ ਤੱਕ ਚਲੇਗਾ।
ਹਿੰਦੀ ਸਿਨੇਮੇ ਦੇ 100 ਸਾਲ ਪੂਰੇ ਹੋਣ ਨੂੰ ਯਾਦਗਰ ਬਣਾਉਣ ਦੇ ਲਈ ਭਾਰਤ ਸਰਕਾਰ ਨੇ ਇਸੇ ਸਾਲ ਸ਼ਤਾਬਦੀ ਫਿਲਮ ਪੁਰਸਕਾਰ ਦੀ ਸ਼ੁਰੂਆਤ ਕੀਤੀ ਹੈ। ਹਰ ਸਾਲ ਕਿਸੇ ਨਾਂ ਕਿਸੇ ਫਿਲਮ ਅਭਿਨੇਤਾ ਜਾਂ ਅਭਿਨੇਤਰੀ ਨੂੰ ਫਿਲਮਾਂ ਵਿੱਚ ਉਸ ਦੇ ਯੋਗਦਾਨ ਨੂੰ ਵੇਖਦੇ ਹੋਏ ਇਹ ਪੁਰਸਕਾਰ ਦਿੱਤਾ ਜਾਵੇਗਾ। 77 ਸਾਲਾ ਅਭਿਨੇਤਰੀ ਵਹੀਦਾ ਰਹਿਮਾਨ ਫਿਲਮ ਸਾਹਿਬ ਬੀਬੀ ਔਰ ਗੁਲਾਮ, ਪਿਆਸਾ ਅਤੇ ਗਾਈਡ ਵਿੱਚ ਆਪਣੀ ਦਮਦਾਰ ਅਦਾਕਾਰੀ ਕਰਕੇ ਜਾਣੀ ਜਾਂਦੀ ਹੈ।
ਵਹੀਦਾ ਰਹਿਮਾਨ ਨੂੰ 1972 ਵਿੱਚ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ 2011 ਵਿੱਚ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਸੀ। ਇਸ ਸਾਲ ਪੰਜ ਮੈਂਬਰਾਂ ਦੀ ਇੱਕ ਜਿਊਰੀ ਨੇ ਪਹਿਲੇ ਸ਼ਤਾਬਦੀ ਪੁਰਸਕਾਰ ਲਈ ਵਹੀਦਾ ਦੇ ਨਾਂ ਦੀ ਚੋਣ ਕੀਤੀ ਹੈ। ਸ਼ਤਾਬਦੀ ਫਿਲਮ ਪੁਰਸਕਾਰ ਦੇ ਤਹਿਤ ਉਨ੍ਹਾਂ ਨੂੰ ਇੱਕ ਪ੍ਰਸੰਸਾ ਪੱਤਰ,ਪ੍ਰਮਾਣ ਪੱਤਰ,ਮੈਡਲ(ਚਾਂਦੀ ਦਾ ਮੋਰ), ਸ਼ਾਲ ਅਤੇ ਦਸ ਲੱਖ ਰੁਪੈ ਦੀ ਰਾਸ਼ੀ ਦਿੱਤੀ ਜਾਵੇਗੀ।