ਮੋਗਾ (ਭਵਨਦੀਪ ਸਿੰਘ ਪੁਰਬਾ) – ਠਾਠ ਨਾਨਕਸਰ ਈਸ਼ਰ ਦਰਬਾਰ ਤਖਾਣਵੱਧ ਵਿਖੇ ਧੰਨ-ਧੰਨ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਵਿਚ ਭਾਗਾਂ ਭਰੀ ਰੈਣਸਬਾਈ ਕਰਵਾਈ ਗਈ। ਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਰਵਾਏ ਗਏ ਇਸ ਸਲਾਨਾ ਕੀਰਤਨ ਦਰਬਾਰ ਵਿਚ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਧੂੜਕੋਟ ਵਾਲੇ, ਭਾਈ ਗੁਰਮੇਲ ਸਿੰਘ ਜੀ ਨਾਨਕਸਰ ਕਲੇਰਾ, ਸੰਤ ਬਾਬਾ ਗੁਰਬਖ਼ਸ਼ ਸਿੰਘ ਜੀ ਨਾਨਕਸਰ ਨਕੋਦਰ, ਸੰਤ ਬਾਬਾ ਕਪੂਰ ਸਿੰਘ ਜੀ ਸਨੇਰਾ, ਸੰਤ ਬਾਬਾ ਧੰਨਾ ਸਿੰਘ ਜੀ ਬੜੂੰਦੀ, ਸੰਤ ਬਾਬਾ ਪਿਆਰਾ ਸਿੰਘ ਜੀ ਸਿਰਸਿੜੇ, ਸੰਤ ਬਾਬਾ ਪਾਲਾ ਸਿੰਘ ਜੀ ਕੜਿਆਲ, ਸੰਤ ਬਾਬਾ ਕਰਤਾਰ ਸਿੰਘ ਜੀ ਯੂ.ਐਸ.ਏ., ਭਾਈ ਤਜਿੰਦਰ ਸਿੰਘ ਜੀ ਜਿੰਦੂ ਨਾਨਕਸਰ, ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਨਾਨਕਸਰ, ਭਾਈ ਅਵਤਾਰ ਸਿੰਘ ਜੀ ਜਲੰਧਰ, ਭਾਈ ਗੁਰਮੀਤ ਸਿੰਘ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ, ਭਾਈ ਬਲਦੇਵ ਸਿੰਘ ਮੁਲਤਾਨੀ ਆਦਿ ਪ੍ਰਸਿੱਧ ਰਾਗੀ ਜੋਧਿਆਂ ਨੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦਿਆਂ ਆਪਣੇ ਅਨਮੌਲਿਕ ਬਚਨਾਂ ਰਾਹੀਂ ਨਿਹਾਲ ਕੀਤਾ।
ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਹੋਇਆ ਪ੍ਰੋਗਰਾਮ 7 ਦਿਨ ਚੱਲਿਆ। ਅਖੀਰਲੇ ਦਿਨ ਸਮਾਪਤੀ ਤੇ ਰਾਤ ਨੂੰ ਹਵਾਈ ਜਹਾਜ਼ ਰਾਹੀਂ ਸੰਗਤਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ। ਨਾਲ-ਨਾਲ ਮਿਲਟਰੀ ਬੈਂਡ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਵਿਚ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਆਤਿਸ਼ਬਾਜ਼ੀ ਕੀਤੀ ਗਈ। ਸਾਰੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ। ਇਹ ਮਨਮੋਹਕ ਦ੍ਰਿਸ਼ ਵਿਸ਼ੇਸ਼ ਤੌਰ ਵੇਖਣਯੋਗ ਸੀ। ਇਸ ਸਮਾਗਮ ਵਿਚ 25 ਸਾਲ ਤੋਂ ਘੱਟ ਦੇ ਅੰਮ੍ਰਿਤਧਾਰੀ ਮੁੰਡੇ-ਕੁੜੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਬੇਦੀ ਸਾਊਂਡ, ਘੁੱਲਾ ਸਾਊਂਡ, ਕਿਰਨਪਾਲ ਸਿੰਘ, ਦਸਮੇਸ਼ ਟਰਾਂਸਪੋਰਟ ਡੁਬਈ, ਸ. ਜਰਨੈਲ ਸਿੰਘ ਅਟਾਰੀ ਜੋੜਿਆਂ ਦੀ ਸੇਵਾ ਕਾਉਂਕੇ ਕਲਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।