ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ (ਯੂਥ ਵਿੰਗ) ਦੇ ਪ੍ਰਧਾਨ ਦਮਨਦੀਪ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰ, ਦਿੱਲੀ ਸਰਕਾਰ ਵਿੱਚ ਵਜ਼ੀਰ ਬਣਨ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਕਰਾਰ ਦਿੰਦਿਆਂ ਕਿਹਾ ਹੈ ਕਿ ਭਾਜਪਾ, ਜੋ ਕਿ ਸਿੱਖ-ਵਿਰੋਧੀ ਪਾਰਟੀ ਮੰਨੀ ਜਾਂਦੀ ਹੈ, ਦਾ ਰਿਕਾਰਡ ਗੁਆਹ ਹੈ ਕਿ ਉਸਨੇ ਕਦੀ ਵੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਨੂੰ ਜਿਤ ਸਕਣ ਵਾਲੀਆਂ ਸੀਟਾਂ ਨਹੀਂ ਦਿਤੀਆਂ ਅਤੇ ਨਾ ਹੀ ਉਸਦੇ ਕੈਡਰ ਨੇ ਕਦੇ ਅਕਾਲੀ ਉਮੀਦਵਾਰਾਂ ਦੀ ਜਿੱਤ ਨਿਸ਼ਚਿਤ ਕਰਨ ਲਈ ਉਨ੍ਹਾਂ ਨੂੰ ਸਹਿਯੋਗ ਦਿੱਤਾ ਹੈ। ਇਸ ਵਾਰ ਵੀ ਉਸ ਵਲੋਂ ਅਕਾਲੀ ਉਮੀਦਵਾਰਾਂ ਪ੍ਰਤੀ ਉਹੀ ਰੋਲ ਅਦਾ ਕੀਤੇ ਜਾਣ ਦੀ ਸੰਭਾਵਨਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਵਾਰ ਤਾਂ ਭਾਜਪਾ ਨੇ ਇਕ ਪਾਸੇ ਬਾਦਲਕਿਆਂ ਦੇ ਨਾਂ ਤੇ ਹਰੀਨਗਰ ਤੋਂ ਉਸ ਸਿੱਖ ਦੀ ਟਿਕਟ ਕਟ ਦਿੱਤੀ ਜੋ ਉਥੋਂ ਬੀਤੇ ਵੀਹਾਂ ਵਰ੍ਹਿਆਂ ਤੋਂ ਜਿਤਦਾ ਚਲਿਆ ਆ ਰਿਹਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੇ ਬਾਦਲਕਿਆਂ ਪਾਸੋਂ ਹੀ ਆਪਣੇ ਗੈਰ-ਸਿੱਖ ਨੂੰ ਚੋਣ ਮੈਦਾਨ ਵਿੱਚ ਉਤਰਵਾ, ਉਨ੍ਹਾਂ ਇਹ ਸੀਟ ਸਿੱਖ ਪਾਸੋਂ ਹੀ ਨਹੀਂ ਖੋਹ ਲਈ, ਸਗੋਂ ਬਾਦਲਕਿਆਂ ਪਾਸੋਂ ਵੀ ਖੋਹ ਲਈ ਹੈ। ਦਮਨਦੀਪ ਸਿੰਘ ਨੇ ਆਪਣੇ ਬਿਆਨ ਵਿੱਚ ਦਸਿਆ ਕਿ ੧੯੯੩ ਦੀਆਂ ਦਿਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੇ ਬਾਦਲ ਅਕਾਲੀ ਦਲ ਦੇ ਸਹਿਯੋਗ ਨਾਲ ਜਿੱਤ ਹਾਸਲ ਕਰ ਸੱਤਾ ਸੰਭਾਲੀ ਸੀ। ਉਸ ਸਮੇਂ ਦੇ ਮੁਖ ਮੰਤਰੀ ਮਦਨ ਲਾਲ ਖੁਰਾਨਾ ਨੇ ਬਾਦਲ ਅਕਾਲੀ ਦਲ ਦੇ ਸਾਰੇ ਮੁਖੀਆਂ ਪਾਸੋਂ ਇਹ ਆਖਕੇ ਉਨ੍ਹਾਂ ਦੇ ਬਾਇਓ-ਡਾਟਾ ਲਏ ਸਨ ਕਿ ਉਨ੍ਹਾਂ ਨੂੰ ਸਰਕਾਰੀ ਕਮੇਟੀਆਂ ਵਿੱਚ ਐਡਜਸਟ ਕੀਤਾ ਜਾਇਗਾ। ਪਰ ਹੋਇਆ ਕੀ? ਕਮੇਟੀਆਂ ਵਿੱਚ ਸ਼ਾਮਲ ਹੋਣ ਸਮੇਂ ਪਹਿਨਣ ਲਈ ਬਾਦਲ ਅਕਾਲੀ ਦਲ ਦੇ ਇਨ੍ਹਾਂ ਮੁਖੀਆਂ ਵਲੋਂ ਸੁਆਈਆਂ ਗਈਆਂ ਅਚਨਕਾਂ ਬਿਨਾਂ ਪਹਿਨਿਆਂ ਹੀ ਅਲਾਮਾਰੀਆਂ ਵਿੱਚ ਹੀ ਟੰਗੀਆਂ ਰਹਿ ਗਈਆਂ।
ਦਮਨਦੀਪ ਸਿੰਘ ਨੇ ਬਾਦਲ ਦਲ ਦੇ ਉਮੀਦਵਾਰਾਂ ਵਲੋਂ ਵਿਧਾਨ ਸਭਾ ਚੋਣਾਂ ਵਿੱਚ ਜਿਤ ਹਾਸਲ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਰੋਸ਼ਨੀ ਵਿੱਚ ਦਿੱਲੀ ਸਰਕਾਰ, ਦਿੱਲੀ ਪੁਲਿਸ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਸਾਵਧਾਨ ਕੀਤਾ ਹੈ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਅਜਿਹੇ ਦਾਅਵਿਆਂ ਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਇਨ੍ਹਾਂ ਚੋਣਾਂ ਵਿੱਚ ਜਿਤ ਹਾਸਲ ਕਰਨ ਵਾਸਤੇ ਉਹ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਅਪਨਾਏ ਹੱਥਕੰਡੇ ਅਪਨਾ ਸਕਦੇ ਹਨ, ਜਿਵੇਂ ਕਿ ਪੈਸੇ ਤੇ ਸ਼ਰਾਬ ਦੀ ਖੁਲ੍ਹੀ ਵੰਡ, ਜਾਅਲੀ ਪਛਾਣ ਪਤ੍ਰਾਂ ਦੇ ਸਹਾਰੇ ਜਾਅਲੀ ਵੋਟਾਂ ਦਾ ਭੁਗਤਾਣ ਅਤੇ ਮਤਦਾਤਾਵਾਂ ਨੂੰ ਧਮਕਾਣ ਲਈ ਪੰਜਾਬੋਂ ਪੁਲਿਸ ਅਤੇ ਦਲ ਦੇ ਯੂਥ-ਵਿੰਗ ਦੇ ਬੰਦੇ ਲਿਆਉਣ ਸਮੇਤ ਪੰਜਾਬ ਸਰਕਾਰ ਦੇ ਸਾਰੇ ਸਾਧਨਾ ਦੀ ਵਰਤੋਂ ਕਰ ਸਕਦੇ ਹਨ।