ਲੁਧਿਆਣਾ : – ਸ਼੍ਰੋਮਣੀ ਅਕਾਲੀ ਦਲ ਜ਼ਿਲਾ ਇਕਾਈ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਮਦਾਨ ਦੀ ਅਗਵਾਈ ਵਿੱਚ ਸਥਾਨਕ ਫ਼ੀਲਡ ਗੰਜ ਵਾਰਡ ਨੰ.39 ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਰਣਨੀਤੀ ਬਣਾਈ ਗਈ। ਮਦਾਨ ਨੇ ਕਿਹਾ ਕਿ ਗਾਲਿਬ ਦੇ ਚੋਣ ਪ੍ਰਚਾਰ ਲਈ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਉਨ੍ਹਾਂ ਨੂੰ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਾਰਡ ਅੰਦਰ ਗਾਲਿਬ ਦੇ ਹੱਕ ਵਿੱਚ ਹਨੇਰੀ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਗਾਲਿਬ ਇੱਕ ਦੂਰ ਦ੍ਰਿਸ਼ਟੀ ਸੋਚ ਰੱਖਣ ਵਾਲੇ ਨੇਕ ਦਿਲ ਰਾਜਸੀ ਆਗੂ ਹਨ ਜੋ ਸੰਸਦ ਵਿੱਚ ਪੁੱਜ ਕੇ ਪੰਜਾਬ ਅਤੇ ਲੁਧਿਆਣਾ ਦੇ ਵਿਕਾਸ ਲਈ ਬਹੁਤ ਕੁਝ ਕਰ ਸਕਦੇ ਹਨ। ਮਦਾਨ ਨੇ ਕਿਹਾ ਕਿ ਇਲਾਕੇ ਵਿੱਚੋਂ ਬਹਿ ਰਿਹਾ ਬੁੱਢਾ ਨਾਲਾ ਜੋ ਸ਼ਹਿਰ ਲਈ ਧੱਬਾ ਹੈ ਅਤੇ ਇਸ ਦੀ ਕਾਇਆ ਕਲਪ ਲਈ ਵਿਆਪਕ ਪੱਧਰ ਤੇ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਵਾਰਡ ਅੰਦਰ ਗਾਲਿਬ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ, ਜਲਸਿਆਂ ਅਤੇ ਰੈਲੀਆਂ ਦਾ ਆਯੋਜਨ ਕਰਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਦੋਗਲੀਆਂ ਨੀਤੀਆਂ ਤੋਂ ਜਾਣੂੰ ਕਰਵਾ ਕੇ ਸਹਿਯੋਗ ਮੰਗਿਆ ਜਾਵੇ। ਇਸ ਦੇ ਨਾਲ ਹੀ ਵੋਟਰਾਂ ਨੂੰ ਹੁਣ ਤੱਕ ਦੀਆਂ ਅਕਾਲੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ, ਨੀਤੀਆਂ ਅਤੇ ਟੀਚਿਆਂ ਬਾਰੇ ਦੱਸ ਕੇ ਇਹ ਅਪੀਲ ਕੀਤੀ ਜਾਵੇਗੀ ਕਿ ਉਹ 13 ਮਈ ਨੂੰ ਤੱਕੜੀ ਤੇ ਮੋਹਰਾਂ ਲਗਾ ਕੇ ਅਕਾਲੀ ਭਾਜਪਾ ਗੱਠਜੋੜ ਨੂੰ ਮਜਬੂਤੀ ਪ੍ਰਦਾਨ ਕਰਨ। ਇਸ ਮੀਟਿੰਗ ਵਿੱਚ ਅਮਰ ਸਿੰਘ, ਮਨਮੋਹਨ ਸਿੰਘ ਸਿੱਬਲ, ਤੀਰਥ ਸਿੰਘ, ਰਵਿੰਦਰਪਾਲ ਸਿੰਘ ਖ਼ਾਲਸਾ, ਬਹਾਦਰ ਸਿੰਘ, ਮਾਸਟਰ ਰਜਿੰਦਰ ਸਿੰਘ ਠੱਕਰ, ਰਜਿੰਦਰ ਸਿੰਘ ਖ਼ਾਲਸਾ, ਸੰਜੀਵ ਖਾਲਸਾ, ਅਕਾਲੀ ਪ੍ਰਤਾਪ ਸਿੰਘ, ਜੱਥੇਦਾਰ ਬਾਬੂ ਸਿੰਘ, ਪਵਨਦੀਪ ਸਿੰਘ ਮਦਾਨ, ਅਮਰਜੀਤ ਕੌਰ, ਨਰਿੰਦਰ ਕੌਰ ਲਾਂਬਾ, ਨਿਰਮਲ ਖੰਨਾ, ਸੁਰਜੀਤ ਕੌਰ, ਐਡਵੋਕੇਟ ਭੁਪਿੰਦਰ ਸਿੰਘ ਚੱਡਾ, ਰਛਪਾਲ ਬਰਾੜ, ਪ੍ਰਿੰਸੀਪਲ ਇਕਬਾਲ ਸਿੰਘ ਆਦਿ ਮੌਜੂਦ ਸਨ।