ਤਕਰੀਬਨ ਹਰ ਇਨਸਾਨ ਦੀ ਆਦਤ ਹੁੰਦੀ ਹੈ ਜਿੱਥੇ ਉਹ ਆਪਣੇ ਭੱਵਿੱਖ ਲਈ ਫਿਕਰਮੰਦ ਹੁੰਦਾ ਹੈ, ਉੱਥੇ ਉਹ ਆਪਣੇ ਭੂਤਕਾਲ ਬਾਰੇ ਸੋਚਣ ਲੱਗ ਜਾਦਾਂ ਹੈ। ਗੁਜ਼ਰੇ ਹੋਏ ਸਮੇਂ ਦੀਆਂ ਕਈ ਘਟਨਾਵਾਂ ਨੂੰ ਉਹ ਸਾਰੀ ਉਮਰ ਹੀ ਨਹੀ ਭੁਲਾ ਸਕਦਾ,ਵਾਕਿਆ ਚਾਹੇ ਖੁਸ਼ੀ ਨਾਲ ਸਬੰਧਤ ਹੋਵੇ ਜਾਂ ਦਰਦਨਾਈਕ।ਬਹੁਤ ਵਾਰੀ ਕੌਮ ਦੀ ਜਾਂ ਆਪਣੇ ਲੋਕਾਂ ਦੇ ਭਲੇ ਅਤੇ ਹੱਕ ਦੀ ਗੱਲ ਸੋਚਣ ਵਾਲੇ ਵੀ ਅੱਤਵਾਦੀ ਜਾਂ ਵੱਖਵਾਦੀ ਬਣਾ ਦਿੱਤੇ ਜਾਂਦੇ ਨੇ।ਕਈ ਵਾਰੀ ਮੌਤ ਦਾ ਕਾਰਨ ਕੁੱਝ ਹੋਰ ਹੁੰਦੇ ਹੋਏ ਵੀ ਸ਼ਹੀਦ ਬਣਾ ਦਿੱਤੇ ਜਾਂਦੇ ਨੇ ।ਜਿਸ ਸ਼ਹੀਦ ਦੀ ਕਹਾਣੀ ਮੈ ਤੁਹਾਡੇ ਨਾਲ ਸਾਂਝੀ ਕਰਨ ਲੱਗਾਂ ਹਾਂ,ਉਸ ਬਾਰੇ ਤੁਸੀ ਆਪ ਹੀ ਸੋਚਣਾ ਕਿ ਇਸ ਸ਼ਹੀਦੀ ਨੂੰ ਕਿਹੜੀ ਪ੍ਰੀਭਾਸ਼ਾ ਦਿੱਤੀ ਜਾਵੇ?
ਸ਼ਹਿਰ ਦੀ ਜਿਸ ਸਰਕਾਰੀ ਕੋਠੀ ਵਿਚ ਮੈ ਰਹਿੰਦਾ ਸਾਂ, ਉਸ ਦੇ ਨਾਲ ਵਾਲੀ ਕੋਠੀ ਵਿਚ ਹੀ ਉਹ ਅਫਸਰ ਹਰਿਆਣੇ ਸੂਬੇ ਵਿਚੋਂ ਬਦਲ ਕੇ ਆਇਆ। ਗੁਵਾਂਢੀ ਹੋਣ ਦੇ ਨਾਤੇ ਮੈ ਉਸ ਵੱਲ ਦੌਸਤੀ ਦਾ ਹੱਥ ਵਧਾਇਆ ਅਤੇ ਕਿਹਾ, “ ਰਾਤੀ ਕੋਠੀ ਵਿਚ ਜੱਗਦੀ ਲਾਈਟ ਦੇਖੀ ਤਾਂ ਖੁਸ਼ੀ ਹੋਈ ਕਿ ਕਈ ਚਿਰ ਤੋਂ ਵੀਰਾਨ ਪਈ ਕੋਠੀ ਵਿਚ ਵੀ ਰੌਣਕ ਆਈ।”
“ ਹਾਂ ਜੀ ਮੈ ਕੱਲ ਹੀ ਇੱਥੇ ਆਇਆ ਹਾਂ।” ਉਸ ਨੇ ਮੇਰੇ ਨਾਲ ਹੱਥ ਮਿਲਾਉਂਦਿਆ ਕਿਹਾ, “ਰਹਿਣ ਲਈ ਇਹ ਇਲਾਕਾ ਕਿਹੋ ਜਿਹਾ ਆ।”
“ ਬਹੁਤ ਵਧੀਆ ਤੇ ਸ਼ਾਂਤੀ ਭਰਿਆ ਮਹੌਲ ਹੈ ਇਸ ਮੱਹਲੇ ਦਾ।” ਮੈ ਕਿਹਾ, “ ਤੁਸੀ ਕਿਸੇ ਗੱਲ ਦੀ ਵੀ ਚਿੰਤਾ ਨਾ ਕਰਨਾ, ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਦੱਸਣ ਤੋਂ ਸੰਕੌਚ ਨਾ ਕਰਨਾ।”
“ ਮੇਰਾ ਨਾਮ ਬਿਜੇ ਹੈ।” ਉਸ ਨੇ ਮੁਸਕ੍ਰਰਾ ਕੇ ਕਿਹਾ, “ ਖੁਸ਼ੀ ਹੋਈ ਤੁਹਾਨੂੰ ਮਿਲ ਕੇ।”
“ ਤੁਹਾਡਾ ਪਰਿਵਾਰ ਵੀ ਨਾਲ ਹੀ ਆਇਆ ਹੈ।” ਮੈ ਉਸ ਬਾਰੇ ਹੋਰ ਜਾਣਕਾਰੀ ਲੈਣ ਦੇ ਕਾਰਨ ਉਤਸਕਤਾ ਨਾਲ ਕਿਹਾ, “ ਕੱਲ੍ਹ ਨੂੰ ਸ਼ਾਮ ਦੀ ਚਾਹ ਸਾਡੇ ਵੱਲ ਪੀ ਲੈਣਾ।”
“ ਮੇਰੀ ਅਜੇ ਸ਼ਾਦੀ ਨਹੀ ਹੋਈ।” ਉਸ ਨੇ ਦੱਸਿਆ, “ ਮੇਰੇ ਪਰਿਵਾਰ ਵਿਚ ਸਿਰਫ ਮੇਰੀ ਮਾਂ ਹੀ ਹੈ, ਉਹ ਵੀ ਪਿੰਡ ਹੀ ਰਹਿੰਦੀ ਹੈ।”
“ ਚਲੋ ਕੋਈ ਨਹੀ, ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਹੀ ਸਮਝਨਾ।” ਮੈ ਕਿਹਾ, “ ਚੰਗਾ ਫਿਰ ਮਿਲਦੇ ਹਾਂ ਕੱਲ ਸ਼ਾਮ ਨੂੰ।”
ਘਰ ਜਾ ਕੇ ਆਪਣੀ ਪਤਨੀ ਨੂੰ ਇਸ ਨਵੇ ਗੁਵਾਂਢੀ ਨਾਲ ਹੋਈ ਮੁਲਾਕਾਤ ਬਾਰੇ ਦੱਸਿਆ, “ ਜੋ ਆਪਣੀ ਨਾਲ ਵਾਲੀ ਕੋਠੀ ਵਿਚ ਆਇਆ ਹੈ, ਉਸ ਨੂੰ ਕੱਲ ਸ਼ਾਮ ਦੀ ਚਾਹ ਲਈ ਸੱਦਾ ਦੇ ਕੇ ਆਇਆ ਹਾਂ।”
“ ਕੌਣ ਹੈ ਉਹ?” ਮੇਰੀ ਪਤਨੀ ਨੇ ਕਿਹਾ, “ ਜਾਣ ਨਾ ਪਹਿਚਾਣ ਮੈ ਤੇਰਾ ਮਹਿਮਾਨ,ਪਤਾ ਨਹੀ ਕਿਹਨੂੰ ਕਿਹਨੂੰ ਨਿਉਂਦੇ ਦਿੰਦੇ ਰਹਿੰਦੇ ਹੋ।”
“ ਮੈਨੂੰ ਏਨਾ ਪਤਾ ਹੈ ਕਿ ਉਹ ਇਕ ਇਨਸਾਨ ਹੈ ਤੇ ਆਪਣਾ ਗੁਵਾਂਢੀ।” ਮੈ ਆਖਿਆ, “ ਜੋ ਇਕ ਗੁਵਾਂਢੀ ਦਾ ਫਰਜ਼ ਬਣਦਾ ਹੈ ਉਹ ਹੀ ਮੈ ਕੀਤਾ ।
“ ਅੱਛਾ ਅੱਛਾ, ਸਾਰੀ ਉਮਰ ਫਰਜ਼ਾਂ ਵਿਚ ਹੀ ਫਸੇ ਰਹੋ ਅਗਾਂਹ ਨਾ ਵਧਉ।”
ਮੇਰੀ ਪਤਨੀ ਇਹ ਗੱਲ ਕਹਿ ਕੇ ਚਲੀ ਗਈ ਸੀ ਤੇ ਮੈਨੂੰ ਸਮਝ ਹੀ ਨਹੀ ਸੀ ਆ ਰਹੀ ਕਿ ਆਪਣੇ ਫਰਜ਼ ਨਿਭਾਉਣ ਵਾਲਾ ਬੰਦਾ ਅਗਾਂਹ ਕਿਉਂ ਨਹੀ ਵਧ ਸਕਦਾ?
ਸ਼ਾਮ ਨੂੰ ਜਦੋਂ ਉਹ ਸਫੈਦ ਪਾਪਲੀਨ ਦੇ ਕੁੜਤੇ ਪਜਾਮੇ ਵਿਚ ਅਇਆ ਤਾਂ ਕਾਫੀ ਜੱਚ ਰਿਹਾ ਸੀ।
“ ਧੰਨਵਾਦ, ਸੱਦਾ ਕਬੂਲ ਕਰਨ ਲਈ।” ਮੈ ਉਸ ਨੂੰ ਕਿਹਾ, “ ਜੀ ਅਇਆ ਨੂੰ।”
ਇਸ ਗੱਲ ਤੇ ਉਹ ਸਿਰਫ ਮੁਸਕ੍ਰਾਇਆ ਤੇ ਬੋਲਿਆ ਕੁੱਝ ਵੀ ਨਾ।
“ ਤੁਸੀ ਕਿਹੜੇ ਵਿਭਾਗ ਵਿਚ ਕੰਮ ਕਰਦੇ ਹੋ?” ਮੈ ਪੁੱਛਿਆ, “ ਤੁਹਾਡੇ ਤੋਂ ਪਹਿਲਾਂ ਤਾਂ ਇਸੇ ਕੋਠੀ ਵਿਚ ਇਕ ਐਸ.ਡੀ. ਉ. ਰਹਿੰਦਾ ਸੀ।”
ੳਦੋਂ ਹੀ ਮੇਰੀ ਪਤਨੀ ਪਕੌੜਿਆਂ ਅਤੇ ਬਰਫੀ ਦੀਆਂ ਪਲੇਟਾਂ ਲੈ ਕੇ ਆ ਗਈ। ਉਸ ਨੇ ਰਸਮੀ ਜਿਹੀ ਸਤ-ਸਲਾਮ ਮੇਰੀ ਪਤਨੀ ਨਾਲ ਕੀਤੀ ਤੇ ਦੱਸਿਆ, “ ਤਹਾਡੇ ਸ਼ਹਿਰ ਵਿਚ ਜੋ ਡੈਮ ਉਸਰ ਰਿਹਾ ਹੈ ਮੇਰੀ ਸਰਵਿਸ ਉਸ ਦੀ ਦੇਖਭਾਲ ਕਰਨੀ ਹੈ।”
ਭਾਂਵੇ ਮੈਨੂੰ ਉਸ ਦੇ ਜ਼ਵਾਬ ਨਾਲ ਬਹੁਤੀ ਤਸੱਲੀ ਤਾਂ ਨਾ ਹੋਈ ਫਿਰ ਵੀ ਮੈ ਕਿਹਾ, “ਚਲੋ ਵਧੀਆ ਕੰਮ ਆ।”
“ ਤੁਸੀ ਕਿੱਥੇ ਕੰਮ ਕਰਦੇ ਹੋ?” ਉਸ ਨੇ ਪੁੱਛਿਆ, “ ਤੁਹਾਡੀ ਪਤਨੀ ਵੀ ਕੰਮ ਕਰਦੀ ਹੈ?”
“ ਮੈ ਵੀ ਟਾਉਨਸ਼ਿਪ ਵਿਚ ਹੀ ਕੰਮ ਕਰਦਾ ਹਾਂ।” ਆਪਣੇ ਵਿਭਾਗ ਦਾ ਨਾਮ ਲੁਕਾਂਉਂਦਿਆ ਹੋਇਆ ਕਿਹਾ, “ ਬੱਚੇ ਛੋਟੇ ਹੋਣ ਕਾਰਨ ਪਤਨੀ ਅਜੇ ਕੰਮ ਨਹੀ ਕਰਦੀ।”
ਭਾਂਵੇ ਅਸੀ ਦੋਵੇ ਹੀ ਆਪਣੇ ਕੰਮਾਂ ਬਾਰੇ ਝੂਠ ਬੋਲੇ ਸਾਂ, ਪਰ ਫਿਰ ਵੀ ਇਸ ਦਿਨ ਤੋਂ ਬਾਅਦ ਅਸੀ ਦੋਵੇ ਗੁਆਂਢੀ ਹੌਲੀ ਹੌਲੀ ਇਕ ਦੂਜੇ ਦੇ ਨਯਦੀਕ ਹੁੰਦੇ ਚਲੇ ਗਏ ।ਹੁਣ ਤਾਂ ਉਹ ਸਾਡੇ ਘਰ ਆਮ ਹੀ ਆ ਜਾਦਾਂ। ਮੇਰੀ ਪਤਨੀ ਵੀ ਉਸ ਨਾਲ ਹੁਣ ਖੁੱਲ਼੍ਹ ਕੇ ਗੱਲਬਾਤ ਕਰਦੀ, “ ਭਾਈ ਸਾਹਿਬ, ਹੁਣ ਤੁਸੀ ਵਿਆਹ ਕਰਵਾ ਲਉ।”
“ ਚਲੋ ਭਾਬੀ ਜੀ, ਕਰਾਉ ਕੋਈ ਰਿਸ਼ਤਾ।” ਉਹ ਹੱਸ ਕੇ ਕਹਿ ਛੱਡਦਾ, “ ਆਪਣੇ ਪੇਕਿਆਂ ਤੋਂ ਹੀ ਕੋਈ ਸਾਕ ਕਰਵਾ ਦਿਉ।”
ਮੇਰੀ ਪਤਨੀ ਨੂੰ ਤਾ ਇਹ ਗੱਲ ਸਮਝ ਨਹੀ ਸੀ ਆਈ, ਪਰ ਮੈਨੂੰ ਪਤਾ ਲੱਗ ਗਿਆ ਸੀ ਪੇਕਿਆਂ ਵਾਲੇ ਰਿਸ਼ਤੇ ਤੋਂ ਉਸ ਦਾ ਇਸ਼ਾਰਾ ਮੇਰੀ ਛੋਟੀ ਸਾਲੀ ਵੱਲ ਹੈ ਜੋ ਇਕ ਹਫਤਾ ਪਹਿਲਾਂ ਸਾਡੇ ਕੋਲ ਛੁੱਟੀਆਂ ਬਿਤਾ ਕੇ ਗਈ ਸੀ।
ਕਦੀ ਕਦੀ ਉਹ ਵੀ ਮੈਨੂੰ ਆਪਣੇ ਘਰ ਬੁਲਾ ਲੈਂਦਾ।ਇਕ ਦਿਨ ਛਨੀਵਾਰ ਨੂੰ ਗਈ ਰਾਤ ਤੱਕ ਅਸੀ ਉਸ ਦੇ ਘਰ ਬੈਠੇ ਰਹੇ।ਉਸ ਦਾ ਕੋਈ ਫੋਜ਼ੀ ਮਿੱਤਰ ਉਸ ਨੂੰ ਰਮ ਦੀਆਂ ਬੋਤਲਾਂ ਦੇ ਕੇ ਗਿਆ ਸੀ।ਮੈ ਸ਼ਰਾਬ ਪੀਣ ਦਾ ਆਦੀ ਤਾਂ ਨਹੀ ਸਾਂ, ਪਰ ਸੁੰਹ ਵੀ ਨਹੀ ਸੀ ਪਾਈ। ਉਸ ਦਿਨ ਪਹਿਲੀ ਵਾਰ ਮੈ ਉਸ ਦਾ ਹਮਪਿਆਲਾ ਬਣਿਆ। ਉਸ ਦਾ ਅਸਲੀ ਭੇਦ ਲੈਣ ਲਈ ਮੈ ਚਲਾਕੀ ਖੇਡੀ। ਮੈ ਆਪਣਾ ਪਹਿਲਾ ਪੈਗ ਹੀ ਨਾ ਖਤਮ ਕੀਤਾ, ਪਰ ਉਸ ਨੂੰ ਦੋ ਤਿੰਨ ਵੱਡੇ ਪੈਗ ਪਿਲਾ ਕੇ ਸ਼ਰਾਬੀ ਕਰ ਲਿਆ ਅਤੇ ਉਸ ਨੂੰ ਪੁੱਛਣ ਲੱਗਾ, “ ਅੱਜ ਆਪਾਂ ਪਹਿਲੀ ਵਾਰ ਹਮਪਿਆਲਾ ਬਣੇ ਹਾਂ,ਸੱਚੋ ਸੱਚ ਦਸੋ ਕਿ ਤੁਸੀ ਬਣ ਰਹੇ ਡੈਮ ਦੀ ਦੇਖਭਾਲ ਦਾ ਹੀ ਕੰਮ ਕਰਦੇ ਹੋ?”
“ ਨਹੀ ਯਾਰ, ਮੈ ਤਾਂ ਪੁਲੀਸ ਲਈ ਕੰਮ ਕਰਦਾ ਹਾਂ ਸਿਵਲ ਕੱਪੜਿਆਂ ਵਿਚ ਰਹਿ ਕੇ।”
“ ਡਾਕੂ ਲੁਟੇਰਿਆਂ ਨੂੰ ਲੱਭ ਲੱਭ ਕੇ ਫੜਾਉਂਦੇ ਹਵੋਗੇ।”
“ ਡਾਕੂਆ ਤੋਂ ਵੀ ਵਧੇਰੇ ਖਤਰਨਾਕ ਅਤਿਵਾਦੀਆਂ ਨੂੰ।”
“ ਫਿਰ ਤਾਂ ਆਪਾਂ ਇਕੋ ਹੀ ਥਾਲੀ ਦੇ ਚੱਠੇ ਵੱਟੇ ਹਾਂ।” ਮੇਰੇ ਮੂੰਹ ਵਿਚੋਂ ਇਕਦਮ ਹੀ ਸੱਚ ਨਿਕਲ ਗਿਆ, “ ਆਪਣੇ ਕੰਮ ਕਰਨ ਦੇ ਢੰਗਾਂ ਵਿਚ ਬਹੁਤਾ ਅੰਤਰ ਨਹੀ ।”
ਉਹ ਹੈਰਾਨੀ ਨਾਲ ਮੇਰੇ ਮੂੰਹ ਵੱਲ ਦੇਖਣ ਲੱਗਾ। ਮੈਨੂੰ ਲੱਗਾ ਮੇਰੀ ਗੱਲ ਸੁਣ ਕੇ ਜਿਵੇ ਉਸ ਦਾ ਨਸ਼ਾ ਲੈ ਗਿਆ ਹੋਵੇ।ਉਹ ਸ਼ਰਾਬੀ ਤੋਂ ਗੰਭੀਰ ਹੁੰਦਾ ਹੋਇਆ ਮੈਨੂੰ ਪੁੱਛਣ ਲੱਗਾ, “ ਚਲੋ ਤੁਸੀ ਵੀ ਅਸਲੀਅਤ ਦੱਸ ਹੀ ਦਿਉ।”
“ ਮੈ ਲੁਕ ਕੇ ਗੁਪਤਚਾਰ ਵਿਭਾਗ ਲਈ ਕੰਮ ਕਰਦਾ ਹਾਂ, “ ਮੈਨੂੰ ਸੱਚ ਦੱਸਣਾ ਪਿਆ, “ ਮੇਰਾ ਨਿਸ਼ਾਨਾ ਵੀ ਅਤਿਵਾਦੀ ਜਾਂ ਖਾੜਕੂ ਹੀ ਹੈ।”
ਇਹ ਸੁਣ ਕੇ ਉਹ ਬਹੁਤ ਜ਼ੋਰ ਦੀ ਉੱਚੀ ਦੇਣੀ ਹੱਸਿਆ ਅਤੇ ਮੇਰੇ ਨਾਲ ਹੱਥ ਮਿਲਾਉਂਦਾ ਬੋਲਿਆ, “ ਸੱਪ ਨੂੰ ਸੱਪ ਲੜੇ, ਤਾਂ ਜ਼ਹਿਰ ਕਿਸ ਨੂੰ ਚੜੇ।”
ਮੈ ਅਜੇ ਉਸ ਵੱਲ ਵੇਖ ਹੀ ਰਿਹਾ ਸੀ ਕਿ ਉਹ ਫਿਰ ਬੋਲਿਆ, “ ਮਿਸਟਰ ਸਿੰਘ, ਤੁਸੀ ਮੈਨੂੰ ਸ਼ਰਾਬੀ ਬਣਾ ਕੇ ਭੇਦ ਕੱਢਣ ਦੀ ਕੋਸ਼ਿਸ਼ ਕੀਤੀ ਤੇ ਮੈ ਜਾਣ ਕੇ ਸ਼ਰਾਬੀ ਬਣਦੇ ਹੋਏ ਨੇ ਤੁਹਾਡੀ ਅਸਲੀਅਤ ਵੀ ਕੱਢਵਾ ਲਈ।”
ਫਿਰ ਅਸੀ ਦੋਵੇ ਹੀ ਖੁੱਲ੍ਹ ਕੇ ਹੱਸੇ।ਰੋਟੀ ਖਾਣ ਤੱਕ ਅਸੀ ਅੱਗੇ ਨਾਲੋ ਵੀ ਗੂੜੇ ਦੋਸਤ ਬਣ ਗਏ ਅਤੇ ਵਾਅਦੇ ਵੀ ਕੀਤੇ ਅੱਜ ਦੇ ਖੁੱਲੁੇ ਭੇਦ ਸਾਡੇ ਦੋਵਾਂ ਵਿਚਕਾਰ ਹੀ ਰਹਿਣਗੇ।
ਹੁਣ ਜਦੋਂ ਵੀ ਅਸੀ ਇਕੱਠੇ ਹੁੰਦੇ ਆਪਣੇ ਕੰਮਾਂ ਬਾਰੇ ਖੁੱਲ੍ਹ ਕੇ ਵਿਚਾਰ ਹੀ ਨਾ ਕਰਦੇ ਸਗੋਂ ਇਕ ਦੂਸਰੇ ਦੀ ਮੱਦਦ ਵੀ ਕਰਦੇ।ਇਕ ਵਾਰੀ ਉਸ ਨੇ ਮੈਨੂੰ ਸੂਹ ਦਿੱਤੀ, “ ਪਾਕਿਸਤਾਨ ਤੋਂ ਆਏ ਕੱਝ ਖਾੜਕੂ ਅੰਮ੍ਰਿਤਸਰ ਕਿਸੇ ਦੇ ਘਰ ਠਹਿਰੇ ਨੇ।”
“ ਤੁਸੀ ਮੇਰਾ ਰਾਵਤਾ ਉਹਨਾਂ ਨਾਲ ਕਰਵਾ ਸਕਦੇ ਹੋ।” ਮੈ ਕਿਹਾ,” ਮੇਰਾ ਮਤਲਵ ਜਿਸ ਨੇ ਤਹਾਨੂੰ ਮੁਖਬਰੀ ਕੀਤੀ ਉਸ ਨਾਲ।”
“ ਉਹ ਵੀ ਇਕ ਖਾੜਕੂ ਹੀ ਹੈ।”
“ ਖਾੜਕੂਆਂ ਲਈ ਤਾਂ ਉਹ ਗਦਾਰ ਹੋਵੇਗਾ।” ਮੈ ਮੁਸਕ੍ਰਾ ਕਿਹਾ, “ ਤੁਹਾਡੇ ਲਈ ਮੁਖਬਰ।”
“ ਵੈਸੇ ਉਸ ਵਲੋਂ ਦਿੱਤੀ ਸੂਹ ਹਮੇਸ਼ਾ ਪੱਕੀ ਅਤੇ ਠੀਕ ਨਿਕਲਦੀ ਆ।”
“ ਐਤਕੀ ਤੁਸੀ ਇਸ ਬਾਰੇ ਪੁਲੀਸ ਨੂੰ ਨਾ ਦੱਸਉ।”
“ ਉਹ ਕਿਉ?”
“ ਇਹ ਤਹਾਨੂੰ ਬਾਅਦ ਵਿਚ ਦੱਸਾਂਗਾ, ਬਸ ਤੁਸੀ ਉਸ ਨਾਲ ਮੈਨੂੰ ਮਿਲਵਾ ਦਿਉ।”
“ ਵੈਸੇ ਉਹ ਬੰਦਾ ਪੁਲੀਸ ਨੇ ਖ੍ਰੀਦਿਆ ਹੋਇਆ ਆ।”
“ ਕੋਈ ਗੱਲ ਨਹੀ ਅਸੀ (ਸਰਕਾਰ)ਉਸ ਨੂੰ ਵੱਧ ਮੁੱਲ ਦੇ ਕੇ ਖ੍ਰੀਦ ਲਵਾਂਗੇ।”
ਬਿਜੈ ਉਸੇ ਰਾਤ ਮੈਨੂੰ ਇਕ ਸੁੰਨਸਾਨ ਜਗਾਹ ਤੇ ਲੈ ਕੇ ਗਿਆ,ਜਿੱਥੇ ਉਸ ਨੇ ਬੰਦੇ ਨਾਲ ਮਿਲਵਾਉਣ ਦਾ ਪ੍ਰਬੰਧ ਕੀਤਾ।
ਦੇਖਣ ਤੋਂ ਉਸ ਬੰਦੇ ਦਾ ਪਹਿਰਾਵਾ ਪੂਰਾ ਦਰਸ਼ਨੀ ਸਿੰਘਾਂ ਵਾਲਾ ਸੀ।ਖੈਰ ਮੈਨੂੰ ਕੀ, ਮੈ ਆਪਣੇ ਮਤਲਵ ਦੀ ਗੱਲ ਕੀਤੀ, “ ਜਿਸ ਗੁੱਰਪ ਦੀ ਤੁਸਾਂ ਸਾਨੂੰ ਸੂੁਹ ਦਿੱਤੀ, ਜੇ ਉਸ ਦੇ ਲੀਡਰ ਨਾਲ ਸਾਡੀ ਮਲਾਕਾਤ ਕਰਵਾ ਦਿਉ ਤਾਂ ਮੂੰਹ ਮੰਗਿਆ ਮੁੱਲ ਦੇਵਾਂਗੇ।”
ਚੁਗਿਰਦੇ ਹਨੇਰੇ ਦਾ ਪਸਾਰ ਹੋਣ ਤੇ ਵੀ ਉਸ ਨੇ ਆਪਣੇ ਆਲੇ-ਦੁਆਲੇ ਦੂਰ ਤਕ ਨਿਗਾਹ ਮਾਰੀ ਤੇ ਕਿਹਾ, “ ਫਿਰ ਤੁਸੀ ਕੀ ਕਰੋਂਗੇ?”
“ ਅਸੀ ਸਰਕਾਰ ਨਾਲ ਸਿਧੀ ਗੱਲ ਕਰਵਾ ਕੇ ਸ਼ਾਂਤੀ ਨਾਲ ਖਾੜਕੂਆਂ ਦੀਆਂ ਮੁਸ਼ਕਲਾ ਦਾ ਹੱਲ ਲੱਭਾਗੇ।”
ਥੋੜ੍ਹੀਆਂ ਬਹੁਤੀਆਂ ਹੋਰ ਵੀ ਗੱਲਾ ਹੋਈਆਂ ਤੇ ਜਾਣ ਲੱਗਾ ਉਹ ਬੰਦਾ ਇੰਨਾ ਜ਼ਰੂਰ ਕਹਿ ਗਿਆ, “ ਮੈ ਆਪਣੀ ਪੂਰੀ ਕੋਸ਼ਿਸ਼ ਕਰਾਂਗਾ।”
ਥੌੜ੍ਹੇ ਹੀ ਦਿਨਾਂ ਬਾਅਦ ਉਸ ਬੰਦੇ ਨੇ ਸਾਡੀ ਮੁਲਾਕਾਤ ਦਾ ਪ੍ਰਬੰਧ ਖਾੜਕੂਆਂ ਦੇ ਲੀਡਰ ਨਾਲ ਕਰਵਾ ਦਿੱਤਾ। ਮੇਰੀਆਂ ਤੇ ਬਿਜੈ ਦੀਆਂ ਅੱਖਾਂ ਤੇ ਪੱਟੀ ਬਣ ਕੇ ਖਾੜਕੂਆ ਦੇ ਟਿਕਾਣੇ ਤੇ ਲਿਆਂਦਾ ਗਿਆ।ਪੱਟੀ ਖੋਲ੍ਹਣ ਤੇ ਮੇਰੀ ਉਮੀਦ ਤੋਂ ਵੱਧ ਬੰਦੇ ਦੇਖ ਕੇ ਪਹਿਲਾਂ ਤਾਂ ਮੈ ਘਬਰਾ ਗਿਆ,ਪਰ ਘਬਰਾਟ ਉੁਹਨਾਂ ਤੱਕ ਪੁੱਜਣ ਨਾ ਦਿੱਤੀ ਅਤੇ ਬਿਜੈ ਦੀ “ਇੰਟਰੋਡੈਕਸ਼ਨ” ਮੈ ਇਹ ਕਹਿ ਕੇ ਕਰਵਾਈ, “ ਇਹ ਮੇਰਾ ਸਾਥੀ ਮੇਰੇ ਵਾਂਗ ਸਰਕਾਰ ਅਤੇ ਖਾੜਕੂਆਂ ਵਿਚਾਲੇ ਵਿਚੋਲਗੀ ਦਾ ਕੰਮ ਕਰਦਾ ਹੈ।”
ਗੱਲ ਕੀ ਮੈ ਆਪਣੀ ਚਲਾਕੀ ਅਤੇ ਗੱਲਾਂ ਦੀ ਹੇਰਾਫੇਰੀ ਨਾਲ ਉਸ ਟੋਲੇ ਨੂੰ ਘਾਈਲ ਕਰ ਲਿਆ ਅਤੇ ਉਹਨਾਂ ਨੂੰ ਗ੍ਰਹਿ ਮੰਤਰੀ ਨਾਲ ਮਿਲਵਾਉਣ ਦਾ ਲਾਰਾ ਦੇ ਦਿੱਤਾ।
ਉਹਨਾਂ ਗਭਰੂਆਂ ਨੂੰ ਮਿਲ ਕੇ ਜੋ ਭੇਦ ਭਰੀ ਸਾਜਿਸ਼ ਖੇਡਣੀ ਸੀ ਉਸ ਲਈ ਮੇਰਾ ਮਨ ਬਦਲ ਗਿਆ।ਮੈ ਸੱਚ-ਮੁਚ ਹੀ ਗ੍ਰਹਿ ਮੰਤਰੀ ਨਾਲ ਖਾੜਕੂਆਂ ਨਾਲ ਸਮਝੋਤੇ ਦੀ ਗੱਲ ਕੀਤੀ। ਉਹ ਮੇਰੀ ਗੱਲ ਸੁਣ ਕੇ ਏਨਾ ਖਪਾ ਹੋਇਆ ਤੇ ਮੇਰੀ ਝਾੜਝੰਬ ਕਰਕੇ ਤੋਰ ਦਿੱਤਾ ਅਤੇ ਚਿਤਾਵਨੀ ਦਿੱਤੀ, “ ਜੋ ਕੰਮ ਤਹਾਨੂੰ ਕਰਨ ਲਈ ਕਿਹਾ ਗਿਆ ਹੈ, ਉਹੀ ਹੀ ਕਰਿਆ ਕਰੋ,ਤਹਾਨੁੰ ਕਿਸੇ ਨੇ ਕਿਹਾ ਸ਼ਾਤੀ ਦੀ ਗੱਲ ਕਰਨ ਲਈ।”
ਮੈ ਨਿਮੋਝੋਣਾ ਹੁੰਦਾ ਹੋਇਆ ਆਪਣੀ ਡਿਊਟੀ ਕਰਨ ਲੱਗਾ।ਪਹਿਲਾਂ ਸਰਕਾਰ ਦੇ ਪੈਸੇ ਨਾਲ ਉਸ ਗੁੱਰਪ ਦੇ ਲੀਡਰ ਨੂੰ ਖ੍ਰੀਦਿਆ ਤੇ ਫਿਰ ਉਸ ਤੋਂ ਹੀ ਦੂਸਰੀਆਂ ਖਾੜਕੂ ਜੱਥੇਬੰਦੀਆਂ ਵਿਚ ਫੁੱਟ ਪਵਾਈ। ਢੇਰ ਸਾਰਾ ਅਸਲਾ ਲੈ ਕੇ ਦਿੱਤਾ ਜਿਸ ਨੂੰ ਉਹਨਾਂ ਨੇ ਆਪਸ ਵਿਚ ਲੜਨ ਲਈ ਵਰਤਿਆ ਅਤੇ ਬਹੁਤ ਸਾਰੇ ਖਾੜਕੂ ਇਕ ਦੂਜੇ ਨਾਲ ਲੜਦੇ ਹੀ ਮੁੱਕ ਗਏ।
ਇਸ ਮਿਸ਼ਨ ਵਿਚ ਮੈ ਕਾਮਯਾਬ ਹੋਇਆ ਸਾਂ ਜਿਸ ਲਈ ਮੈਨੂੰ ਮਾਇਆ ਦੇ ਥੈਲੇ ਮਿਲੇ। ਉਸ ਵਿਚੋਂ ਅੱਧ ਮੈ ਬਿਜੈ ਨੂੰ ਦਿੱਤਾ ਤਾਂ ਉਹ ਖੁਸ਼ ਹੋਇਆ ਕਹਿਣ ਲੱਗਾ, “ ਹੁਣ ਆਪਾਂ ਇਸੇ ਤਰਾਂ ਮਿਲ ਕੇ ਹੀ ਕੰਮ ਕਰਿਆ ਕਰਾਂਗੇ।”
ਮੇਰੇ ਵਲੋਂ ਮਿਲੀ ਸਰਕਾਰੀ ਮਾਇਆ ਪੁਲੀਸ ਦੀ ਕਮਾਈ ਵਿਚ ਰਲ ਕੇ ਬਿਜੈ ਦੇ ਸਿਰ ਚੜ੍ਹ ਕੇ ਬੋਲਣ ਲੱਗੀ। ਉਹ ਆਪਣੇ ਘਰ ਪਾਰਟੀਆਂ ਕਰਨ ਲੱਗਾ।ਪੀਣ ਦੀ ਆਦਤ ਲਗਾਤਾਰ ਵਧੀ ਗਈ। ਉਸ ਦੇ ਘਰ ਆਣ-ਜਾਣ ਵਲਿਆਂ ਦਾ ਤਾਂਤਾਂ ਲੱਗਾ ਰਹਿੰਦਾ। ਇਕ ਕੁੜੀ ਜੋ ਪੁਲੀਸ ਦੀ ਹੀ ਅਫਸਰ ਸੀ ਉਸ ਦੇ ਘਰ ਆਮ ਹੀ ਆ ਜਾਇਆ ਕਰਦੀ।ਕਦੀ ਕਦੀ ਉਹ ਆਪਣੇ ਦੋਸਤਾਂ ਨੂੰ ਵੀ ਨਾਲ ਲਿਆਉਂਦੀ।ਪਿੱਛਲੇ ਹਫਤੇ ਇਹਨਾ ਸਾਰਿਆ ਨੇ ਰੱਲ ਕੇ ਸ਼ਰਾਬ ਪੀਤੀ ਤੇ ਅੱਧੀ ਰਾਤ ਤੱਕ ਹੱਲਾ-ਗੁੱਲਾ ਕਰਦੇ ਰਹੇ।ਗੁਆਂਢ ਵਿਚ ਸ਼ੋਰ ਹੋਣ ਕਾਰਨ ਸਾਨੂੰ ਸੋਣ ਵਿਚ ਵੀ ਪਰੇਸ਼ਾਨੀ ਆਉਂਦੀ ਸੀ। ਇਸ ਤੇ ਮੇਰੀ ਪਤਨੀ ਖਿੱਝ ਕੇ ਮੈਨੂੰ ਕਹਿਣ ਲੱਗੀ, “ ਜਾਉ ਉਹਨਾਂ ਨੂੰ ਬੰਦ ਕਰਕੇ ਕੇ ਆਉ, ਕੀ ਕੰਜਰਖਾਨਾ ਸ਼ੁਰੂ ਕੀਤਾ ਆ।”
“ ਤੂੰ ਚੁੱਪ ਕਰਕੇ ਸੋਂ ਜਾਹ, ਬਾਕੀ ਕੋਠੀਆਂ ਵਾਲੇ ਵੀ ਸੁੱਤੇ ਹੀ ਪਏ ਆ।”
“ ਉਹ ਵੀ ਤੁਹਡੇ ਵਰਗੇ ਹੀ ਆ।”
“ ਐਵੇ ਮੇਰੇ ਤੋਂ ਉਹਨਾ ਨੂੰ ਕੁੱਝ ਕਹਿ ਹੋ ਗਿਆ ਤਾਂ ਗੱਲ ਵੱਧ ਜਾਵੇਗੀ।”
“ ਵੱਧ ਤੋਂ ਵੱਧ ਬਿਜੈ ਮੂੰਹ ਵੱਟ ਲਵੇਗਾ।”
“ ਭਲੀਏਲੋਕੇ, ਸਿਆਣੇ ਕਹਿੰਦੇ ਨੇ ਕੁੜਮਾ ਨਾਲ ਵਿਗਾੜ ਲਉ, ਪਰ ਗੁਆਂਢ ਨਾਲ ਨਾ ਵਿਗਾੜੋ।”
“ ਅੱਛਾ, ਤੁਸੀ ਨਾ ਵਿਗਾੜੋ,ਪਰ ਅੱਜ ਤੋਂ ਬਾਅਦ ਉਸ ਨੂੰ ਅਪਾਣੇ ਘਰ ਨਹੀ ਬਲਾਉਣਾ।”
“ ਮੈ ਤਾਂ ਉਸ ਦਾ ਵਿਚੋਲਾ ਬਨਣ ਨੂੰ ਫਿਰਦਾ ਸੀ।” ਮੈ ਮਜ਼ਾਕ ਕਰਦੇ ਕਿਹਾ, “ ਤੇਰੀ ਭੈਣ ਦਾ ਰਿਸ਼ਤਾ ਕਰਵਾ ਕੇ।”
ਇਹ ਸੁਣ ਕੇ ਮੇਰੀ ਪਤਨੀ ਬੈਡ ਵਿਚੋਂ ਉੱਠ ਕੇ ਇਕਦਮ ਬੈਠ ਗਈ ਤੇ ਬੋਲੀ, “ ਉਸ ਦੇ ਜੋ ਹੁਣ ਚਾਲੇ ਨੇ ਉਸ ਨਾਲ ਵਿਆਹੁਣ ਤੋਂ ਤਾਂ ਮੈ ਆਪਣੀ ਭੈਣ ਨੂੰ ਖੂਹ ਵਿੱਚ ਧੱਕਾ ਦੇ ਦਿਊਗੀ।”
“ ਅੱਗੇ ਤਾਂ ਭਾਈ ਸਾਹਿਬ, ਭਾਈ ਸਾਹਿਬ ਕਹਿੰਦੀ ਥੱਕਦੀ ਨਹੀ ਸੀ।”
“ ਅੱਗੇ ਗੱਲ ਹੋਰ ਸੀ, ਹੁਣ ਤਾਂ ਦਿਨੋ ਦਿਨ ਉਸ ਦੇ ਰੰਗ-ਢੰਗ ਬਦਲ ਰਹੇ ਨੇ।” ਮੇਰੀ ਪਤਨੀ ਨੇ ਮੈਨੂੰ ਸਮਝਾਉਂਦਿਆਂ ਕਿਹਾ, “ ਤੁਸੀ ਵੀ ਉਸ ਨਾਲ ਵਿੱਥ ਕਰ ਲਉ ਤਾਂ ਚੰਗਾਂ ਹੋਵੇਗਾ।”
“ ੳਹੁ ਤਾਂ ਅੱਗੇ ਹੀ ਆਪਣੇ ਦੌਸਤਾਂ ਵਿਚ ਇੰਨਾ ਰੁੱਝ ਗਿਆ ਕਿ ਵਿੱਥ ਆਪਣੇ ਆਪ ਹੀ ਬਣ ਗਈ।”
“ ਦੋਸਤਾਂ ਨਾਲ ਤਾਂ ਦੋਸਤੀ ਘੱਟ ਹੀ ਹੋਵੇਗੀ ਪਰ ਉਹ ਪੱਟਿਆਂ ਵਾਲੀ ਕੁੜੀ ਤਾਂ ਜ਼ਿਆਦਾ ਹੀ ਸਹੇਲੀ ਬਣ ਗਈ ਲੱਗਦੀ ਆ”
“ ਉਹ ਉਹਦੇ ਮਹਿਕਮੇ ਵਿਚ ਹੀ ਅਫਸਰ ਆ।”
“ਕਰਤੂਤਾ ਤਾਂ ਉਸ ਦੀਆਂ ਅਫਸਰਾਂ ਵਾਲੀਆਂ ਹੈ ਨਹੀ।”
“ ਭਲਾ, ਤੈਨੂੰ ਕੀ ਕਹਿੰਦੀ ਆ?”
“ ਕਦੇ ਕਿਸੇ ਨਾਲ ਬਾਂਹ ਵਿਚ ਬਾਂਹ ਪਾ ਕੇ ਤੁਰੀ ਹੁੰਦੀ ਤੇ ਕਦੇ ਕਿਸੇ ਨਾਲ।”
“ ਉਹ ਮੋਡਰਨ ਲੋਕੀ ਆ।”
“ ਅੱਗ ਲੱਗੇ ਇਹੋ ਜਿਹੇ ਮੋਡਰਨਾਂ ਨੂੰ।
“ ਹੁਣ ਤੂੰ ਚੁੱਪ ਕਰਕੇ ਸੋਂ ਜਾ।”
“ ਭੈੜੇ ਕੰਮਾਂ ਦੇ ਨਤੀਜ਼ੇ ਸਦਾ ਭੈੜੇ ਹੀ ਨਿਕਲਦੇ ਆ।” ਪਤਨੀ ਨੇ ਕਿਹਾ, “ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋ।”
“ ਮੈ ਗੱਲ ਕਰੂਗਾਂ ਬਿਜੈ ਨਾਲ।”
ਮੈ ਤਾਂ ਅਜੇ ਗੱਲ ਕਰਨੀ ਹੀ ਸੀ ਕਿ ਇਕ ਐਤਵਾਰ ਦੀ ਦੁਪਹਿਰ ਨੂੰ ਬਿਜੈ ਨੇ ਮੈਨੂੰ ਆਪ ਹੀ ਬੁਲਾ ਲਿਆ। ਮੈ ਦੇਖਿਆ ਉਸ ਦਾ ਚਿਹਰਾ ਉਤਰਿਆ ਪਿਆ ਸੀ ਤੇ ਉਸ ਦੀਆਂ ਅੱਖਾ ਵਿਚ ਨਿਰਾਸ਼ਾ ਦੀ ਝਲਕ ਸਾਫ ਦਿਸ ਰਹੀ ਸੀ।
“ ਕੀ ਗੱਲ ਹੈ?” ਮੈ ਪੁੱਛਿਆ, “ ਤੁਹਾਡੀ ਤ ਬੀਅਤ ਤਾ ਠੀਕ ਨਹੀ ਲੱਗਦੀ।”
“ ਤਬੀਅਤ ਤਾਂ ਠੀਕ ਹੈ ,ਪਰ ਇਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”
“ ਕਿਸ ਪਰੇਸ਼ਾਨੀ ਦਾ?”
“ ਜੈਨੀ ਪਰੈਗਨੈਟ ਹੋ ਗਈ।”
“ ਜੈਨੀ ਕੌਣ ਆ?”
“ ਤੁਸੀ ਦੇਖਿਆ ਹੀ ਹੋਵੇਗਾ ਉਸ ਨੂੰ ਮੇਰੀ ਕੋਠੀ ਆਉਂਦਿਆ, ਜਾਂਦਿਆਂ।”
“ ਹਾਂ ਹਾਂ, ਕਈ ਵਾਰੀ ਉਸ ਨਾਲ ਇਕ ਲੜਕਾ ਵੀ ਆਉਂਦਾ ਆ।”
“ ਉਹ ਇਕ ਲੀਡਰ ਦਾ ਮੁੰਡਾ ਹੈ”
“ ਜੈਨੀ ਦੇ ਗਰਭ ਵਿਚ ਕਿਸ ਦਾ ਬੱਚਾ ਹੈ?”
“ ਪਤਾ ਨਹੀ।”
“ ਪਰ ਤੁਸੀ ਕਿਉਂ ਪਰੇਸ਼ਾਨ ਹੋ?”
“ ਲੀਡਰ ਦਾ ਮੁੰਡਾ ਤੇ ਜੈਨੀ ਰਲ ਕੇ ਮੈਨੂੰ ਬਲੈਕਮੇਲ ਕਰਦੇ ਨੇ।”
ਮੈਨੂੰ ਗੱਲਾਂ ਦੀ ਕੋਈ ਸਮਝ ਨਹੀ ਸੀ ਪੈ ਰਹੀ,ਸਮਝਨ ਦੀ ਕੋਸ਼ਿਸ਼ ਕਰਦੇ ਕਿਹਾ, “ ਕੀ ਕਹਿੰਦੇ
ਆ?”
“ ਜੈਨੀ ਨਾਲ ਵਿਆਹ ਕਰਵਾਂ ਜਾਂ ਨੋਟਾ ਦਾ ਥੱਦਾ ਦੇ ।”
“ ਪੈਸੇ ਦੇ ਕੇ ਮੂੰਹ ਬੰਦ ਕਰ ਦਿਉ।”
“ ਪੈਸੇ ਤਾਂ ਲੈ ਵੀ ਚੁੱਕੇ ਨੇ, ਪਰ ਫਿਰ ਨਹੀ ਹਟੇ।”
ਬਿਜੈ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਜਿਵੇ ਘੋਰ ਨਿਰਾਸ਼ ਹੋਵੇ ਅਤੇ ਇਸ ਉਲਝਨ ਤੋਂ ਬਾਹਰ ਆਉਣ ਦਾ ਕੋਈ ਰਾਹ ਨਾ ਹੋਵੇ। ਮੈਨੂੰ ਆਪ ਨਾ ਪਤਾ ਲੱਗੇ ਕੀ ਉਸ ਨੂੰ ਕਿਹੜਾ ਸੁਝਾਅ ਦੇਵਾਂ।ਮੈ ਤਾਂ ਮੁਸ਼ਕਲ ਦਾ ਹੱਲ ਲੱਭਣ ਦਾ ਸੋਚ ਹੀ ਰਿਹਾ ਸਾਂ ਕਿ ਉਸ ਨੇ ਇਕ ਦਰਦ ਭਰਿਆ ਹਉਕਾ ਲਿਆ ਤੇ ਕਿਹਾ, “ ਮਹਿਕਮੇ ਵਿਚ ਵੀ ਮੇਰੀ ਬਦਨਾਮੀ ਹੋਵੇਗੀ।”
“ ਘੁੱਗੀ ਯਾਰਨੀ, ਤੇ ਕਾਂ ਬਦਨਾਮ।” ਮੈ ਸਹਿਜ ਸੁਭਾਅ ਕਿਹਾ, “ ਇਸ ਤਰਾਂ ਦੇ ਲੋਕਾਂ ਤੋਂ ਪਿੱਛਾ ਛੁਟਵਾਉਣਾ ਤਾਂ ਔਖਾ ਹੁੰਦਾ ਆ, ਪਰ ਗੱਲ ਹੈ ਸੋਚਣ ਵਾਲੀ।”
“ ਤੁਹਾਡੇ ਅੱਗੇ ਵੀ ਰੁਕੈਸਿਟ ਹੈ ਕਿ ਇਹ ਭੇਦ ਵੀ ਪਹਿਲੇ ਭੇਦਾਂ ਵਾਂਗ ਹੀ ਰੱਖਣਾ।”
“ ਭੇਦ ਦੀ ਚਿੰਤਾ ਨਾ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ।”
ਅਸੀ ਅਜੇ ਗੱਲਾਂ ਕਰ ਹੀ ਰਹੇ ਸਾਂ ਕਿ ਜੈਨੀ ਤੇ ਲੀਡਰ ਦਾ ਮੁੰਡਾ ਫਿਰ ਆ ਗਏ। ਉਹਨਾਂ ਨੁੰ ਦੇਖ ਕੇ ਬਿਜੈ ਆਪਣੀ ਘਬਰਾਟ ਲਕਾਉਂਦਾ ਹੋਇਆ ਮੁਸਕ੍ਰਾ ਕੇ ਉਹਨਾਂ ਨੂੰ ਮਿਲਿਆ ਅਤੇ ਵਧੀਆ ਸਲੀਕੇ ਨਾਲ ਉਹਨਾਂ ਨਾਲ ਜਾਣ-ਪਹਿਚਾਣ ਕਰਵਾਉਂਦਾ ਬੋਲਿਆ, “ ਇਹ ਨੇ ਮੇਰੇ ਦੌਸਤ ਜੈਨੀ ਤੇ ਮੇਜ਼ਰ।”
“ ਚੰਗਾ ਲੱਗਾ ਇਹਨਾ ਨੂੰ ਮਿਲਕੇ।” ਮੈ ਉਪਰੇ ਮਨੋ ਕਿਹਾ, “ ਚਲੋ ਤੁਸੀ, ਆਪਸ ਵਿਚ ਬੈਠ ਕੇ ਗੱਪ-ਸ਼ੱਪ ਮਾਰੋ, ਮੈ ਫਿਰ ਮਿਲਾਂਗਾ।”
ਮੈ ਅਪਣੇ ਘਰ ਆ ਕੇ ਬਿਜੈ ਬਾਰੇ ਸੋਚਦਾ ਰਿਹਾ ਉਸ ਦੇ ਮਾਮਲੇ ਬਾਰੇ ਕੀ ਕੀਤਾ ਜਾਵੇ।
ਰਾਤ ਦੇ ਹਨੇਰੇ ਨੇ ਅਜੇ ਰਾਤ ਨੂੰ ਪੂਰੀ ਤਰਾਂ ਢੱਕਿਆ ਵੀ ਨਹੀ ਸੀ। ਜਦੋਂ ਇਕ ਪੁਲੀਸ ਆਫੀਸਰ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ।ਮੇਰੇ ਬੂਹਾ ਖੋਲਦੇ ਹੀ ਉਸ ਨੇ ਕਿਹਾ, “ ਮੈ ਬਹੁਤ ਦੁੱਖੀ ਹਿਰਦੇ ਨਾਲ ਤਹਾਨੂੰ ਦਸ ਰਿਹਾ ਕਿ ਤੁਹਾਡੇ ਪੜੋਸੀ ਬਿਜੈ ਦੀ ਮੌਤ ਹੋ ਗਈ ਹੈ।”
“ ਹੈਂ।” ਮੈ ਉਸ ਦੀ ਗੱਲ ਦਾ ਯਕੀਨ ਨਾ ਕਰਦਿਆ ਕਿਹਾ, “ ਉੁਹ ਕਿਵੇ।”
“ ਉਸ ਨੂੰ ਅਤਿਵਾਦੀਆਂ ਨੇ ਸ਼ਹੀਦ ਕਰ ਦਿੱਤਾ।” ਉਸ ਨੇ ਆਖਿਆ, “ ਸੰਪਰਕ ਕਰਨ ਤੇ ਪਤਾ ਲੱਗਾ ਕਿ ਇਸ ਸ਼ਹਿਰ ਵਿਚ ਆਪ ਹੀ ਉਸ ਦੇ ਕਰੀਬੀ ਹੋ।”
“ ਇਹ ਸਭ ਕੱਝ ਕਿੱਥੇ ਤੇ ਕਿਵੇ ਵਰਤਿਆ।” ਮੈ ਡੋਰਭੋਰ ਹੋਇਆਂ ਪੁੱਛ ਰਿਹਾ ਸੀ, “ ਇਸ ਤਰਾਂ ਕਿਵੇ ਹੋ ਸਕਦੀ ਹੈ।”
“ ਆਉ ਮੇਰੇ ਨਾਲ ਚਲੋ।” ਉਸ ਪੁਲੀਸ ਆਫੀਸਰ ਨੇ ਨਿਮਰਤਾ ਨਾਲ ਕਿਹਾ, “ ਤਹਾਨੁੰ ਉਸ ਥਾਂ ਤੇ ਲੈ ਚਲਾਂ ਜਿੱਥੇ ਸਭ ਕੁੱਝ ਵਾਪਰਿਆ।”
ਮੈ ਜਿਸ ਪਹਿਰਾਵੇ ਵਿਚ ਸੀ ਉਸੇ ਪਹਿਰਾਵੇ ਨਾਲ ਹੀ ਤੁਰ ਪਿਆ। ਸ਼ਹਿਰ ਦੇ ਉੱਤਰ ਪਾਸੇ ਜੰਗਲ ਦੇ ਨਾਲ ਲਗਦੀ ਸੜਕ ਤੇ ਪਹੁੰਚੇ ਤਾਂ ਉੱਥੇ ਹੋਰ ਵੀ ਪੁਲੀਸ ਸੀ। ਬਿਜੈ ਦੀ ਲਾਸ਼ ਨੂੰ ਚਿੱਟੇ ਕੱਪੜੇ ਨਾਲ ਢੱਕਿਆ ਹੋਇਆ ਸੀ।ਮੈ ਰੋਣਹਾਕੀ ਅਵਾਜ਼ ਵਿਚ ਕਿਹਾ, “ ਅਤਿਵਾਦੀਆਂ ਨੂੰ ਇਸ ਦਾ ਸਬਕ ਸਿਖਾ ਕੇ ਹੀ ਸਾਹ ਲਵਾਂਗਾ।”
ਉਹ ਪੁਲੀਸ ਅਫੀਸਰ ਮੈਨੂੰ ਫੜ੍ਹਕੇ ਪਰੇ ਖੜ੍ਹੀ ਜੀਪ ਵਿਚ ਲੈ ਗਿਆ ਅਤੇ ਇਕ ਖੋਲ੍ਹੀ ਹੋਈ ਚਿੱਠੀ ਦਿੱਤੀ, ਜੋ ਮੇਰੇ ਨਾਮ ‘ਤੇ ਸੀ। ਜਿਸ ਵਿਚ ਬਿਜੈ ਨੇ ਇਹ ਜ਼ਿਕਰ ਕੀਤਾ ਸੀ ਕਿ ਉਸ ਪਰੇਸ਼ਾਨੀ ਦਾ ਉਹ ਹੋਰ ਜ਼ਿਆਦਾ ਬੋਝ ਨਹੀ ਸੀ ਉਠਾ ਸਕਦਾ ਜਿਸ ਕਰਕੇ ਉਹ ਆਤਮਹੱਥਿਆ ਕਰ ਰਿਹਾ ਹੈ।ਚਿੱਠੀ ਪੜ੍ਹ ਕੇ ਹੈਰਾਨ ਹੁੰਦਿਆ ਮੈ ਪੁਲੀਸ ਆਫੀਸਰ ਨੂੰ ਕਿਹਾ, “ ਤੁਸੀ ਚਿੱਠੀ ਪੜ੍ਹੀ।”
“ਹਾਂ ਪੜ੍ਹੀ।” ਉਸ ਨੇ ਚਿੱਠੀ ਮੇਰੇ ਹੱਥੋਂ ਫੜਦਿਆਂ ਕਿਹਾ, “ ਤੇ ਤੁਸੀ ਕੋਣ ਹੋ?ਇਹ ਵੀ ਮੈਨੂੰ ਪਤਾ ਲੱਗ ਗਿਆ ਹੈ।”
“ ਪਰ ਤੁਸੀ ਤਾਂ ਕਹਿ ਰਹੇ ਹੋ ਕਿ ਅਤਿਵਾਦੀਆਂ ਨੇ ਬਿਜੈ ਨੂੰ ਸ਼ਹੀਦ ਕਰ ਦਿੱਤਾ।”
“ ਅੱਜ ਤੋਂ ਬਾਅਦ ਤੁਸੀ ਵੀ ਇਹ ਹੀ ਕਹਿਣਾ ਹੈ।” ਉਸ ਨੇ ਚਿੱਠੀ ਨੂੰ ਟੁਕੜੇ ਟੁਕੜੇ ਕਰਦਿਆਂ ਕੋਲ ਵਗਦੇ ਗੰਦੇ ਨਾਲੇ ਵਿਚ ਸੁੱਟਦਿਆਂ ਕਿਹਾ, “ ਜਿਹੜੇ ਭੇਦ ਤੁਸੀ ਪਹਿਲਾਂ ਲੁਕਾ ਕੇ ਰੱਖੇ ਹੋਏ ਨੇ ਉਹਨਾਂ ਵਿਚ ਇਹ ਵੀ ਸ਼ਾਂਮਲ ਕਰ ਲੈਣਾ।”
ਮੈਨੂੰ ਚੁੱਪ-ਚਪੀਤੇ ਦੇਖ ਕੇ ਉਸ ਨੇ ਫਿਰ ਕਿਹਾ, “ ਤੁਹਾਡੇ ਮਹਿਕਮੇ ਦਾ ਅਤੇ ਸਾਡੇ ਮਹਿਕਮੇ ਦਾ ਚੋਲੀ ਦਾਮਨ ਦਾ ਸਾਥ ਹੈ, ਇਹ ਸਾਥ ਬਣਿਆ ਰਹੇ ਤਾਂ ਦੋਨਾਂ ਲਈ ਹੀ ਲਾਹੇਬੰਦ ਹੋਵੇਗਾ।”
ਸਲਾਮੀਆ ਅਤੇ ਸਲੂਟਾਂ ਨਾਲ ਬਿਜੈ ਦੀ ਲਾਸ਼ ਦਾ ਆਦਰ ਨਾਲ ਸੰਸਕਾਰ ਕਰ ਦਿੱਤਾ। ਬਾਅਦ ਦੀਆਂ ਰਸਮਾਂ ਵਿਚ ਬਿਜੈ ਦੀ ਮਾਂ ਨੂੰ ਗ੍ਰਹਿ ਮੰਤਰੀ ਨੇ ਮੈਡਲ ਨਾਲ ਸਨਮਾਨਿਤ ਕੀਤਾ ਤੇ ਕਿਹਾ, “ ਤੂੰ ਧੰਨ ਦੀ ਮਾ ਹੈ ਜਿਸ ਨੇ ਆਪਣੀ ਕੁੱਖ ਤੋਂ ਸ਼ਹੀਦ ਨੂੰ ਜਨਮ ਦਿੱਤਾ।”
ਬਿਜੈ ਦੀ ਮਾਂ ਸ਼ਹੀਦ ਪੁੱਤਰ ਲਈ ਦੁੱਖ ਅਤੇ ਖੁਸ਼ੀ ਦੇ ਹੁੰਝੂ ਲਈ ਰੋ ਰਹੀ ਸੀ। ਮੈ ਉਸ ਕੋਲ ਅਫਸੋਸ ਕੀਤਾ ਤਾਂ ਉਸ ਨੇ ਕਿਹਾ, “ ਮਰਨਾ ਤਾਂ ਸਭ ਨੇ ਪਰ ਮੇਰਾ ਪੁੱਤਰ ਆਪਣੇ ਦੇਸ਼ ਦੀ ਸ਼ਾਂਤੀ ਖਾਤਰ ਕੁਰਬਾਨ ਹੋ ਗਿਆ, ਮੈਨੂੰ ਮਾਣ ਹੈ ਕਿ ਮੈ ਇਕ ਸ਼ਹੀਦ ਦੀ ਮਾਂ ਹਾਂ।
ਉਸ ਮਾਂ ਨੂੰ ਦੇਖ ਕੇ ਇਹ ਗੁੱਝਾ ਭੇਦ ਵੀ ਆਪਣੇ ਆਪ ਹੀ ਮੇਰੇ ਪਹਿਲੇ ਭੇਦਾਂ ਵਿਚ ਸ਼ਾਮਲ ਹੋ ਗਿਆ।
“ਬਿਜੈ ਅਮਰ ਰਹੇਗਾ”। ਬਾਕੀ ਲੋਕਾਂ ਵਾਂਗ ਕਹਿੰਦਾ ਹੋਇਆ ਮੈ ਬਿਜੈ ਦੇ ਸਨਮਾਣ ਸਮਰੋਹ ਵਿਚੋਂ ਬਾਹਰ ਆ ਗਿਆ।