ਨਵੀਂ ਦਿੱਲੀ- ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਜੋੜ ਮੇਲੇ ਦੇ ਰੂਪ ਵਿੱਚ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਗਿਆ। ਜਿਸ ਵਿੱਚ ਪ੍ਰਸਿੱਧ ਰਾਗੀ ਜੱਥੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਨਿਰਮਲ ਸਿੰਘ ਖਾਲਸਾ ਅਤੇ ਭਾਈ ਅਮਰਜੀਤ ਸਿੰਘ ਪਟਿਆਲੇ ਵਾਲਿਆਂ ਨੇ ਕੀਰਤਨ ਰਾਹੀਂ ਅਤੇ ਭਾਈ ਸੋਹਣ ਸਿੰਘ ਖਾਲਸਾ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ਼ਹਾਦਤਾਂ ਸਬੰਧੀ ਜਾਣਕਾਰੀ ਦਿੱਤੀ। ਸਾਬਕਾ ਪ੍ਰਧਾਨ ਹਿੱਤ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਨ ਜਰਨੈਲ, ਯੋਧਾ, ਲਿਖਾਰੀ ਅਤੇ ਸਰਬੰਸ ਦਾਨੀ ਦੱਸਦੇ ਹੋਏ ਕਿਹਾ ਕਿ ਸਾਰੀ ਕੌਮ ਗੁਰੂ ਸਾਹਿਬ ਦਾ ਦੇਣ ਨਹੀਂ ਦੇ ਸਕਦੀ ਕਿਉਂਕਿ ਉਨ੍ਹਾਂ ਨੇ ਸਿਰਫ਼ ਆਪਣੇ ਧਰਮ ਵਾਸਤੇ ਹੀ ਨਹੀਂ ਸਗੋਂ ਦੂਸਰੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦਿੱਤਾ।
ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਇਸ ਮੌਕੇ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦੇਸ਼ ਪੰਥ ਦੀ ਸੇਵਾ ਕਰਨ ਦਾ ਸੁਨੇਹਾ ਦਿੰਦੇ ਹੋਏ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਲਗਾਏ ਜਾ ਰਹੇ ਗੁਰਮਤਿ ਅਤੇ ਪੰਜਾਬੀ ਸਿਖਲਾਈ ਕੈਂਪਾਂ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਦੀ ਗੱਲ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ 27 ਦਸੰਬਰ ਨੂੰ ਸਵੇਰੇ 10.15 ਵਜੇ 5 ਵਾਰ ਮੂ਼ਲ ਮੰਤਰ ਦਾ ਪਾਠ ਕਰਨ ਦੀ ਅਪੀਲ ਵੀ ਕੀਤੀ। ਕਮੇਟੀ ਵੱਲੋਂ ਸ਼ਹਾਦਤਾਂ ਨੂੰ ਸਮਰਪਿਤ ਹੈਪੇਟਾਈਟਸ ਬੀ ਦੀ ਜਾਂਚ ਦਾ ਫਰੀ ਕੈਂਪ ਵੀ ਲਗਾਇਆ ਗਿਆ।