ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਆਖਿਰ ਦਿੱਲੀ ਦੇ ਮੁੱਖਮੰਤਰੀ ਬਣ ਹੀ ਗਏ। ਕੇਜਰੀਵਾਲ ਆਪਣੇ 6 ਵਿਧਾਇਕਾਂ ਸਮੇਤ ਮੈਟਰੋ ਦੁਆਰਾ ਰਾਮਲੀਲਾ ਗਰਾਊਂਡ ਵਿੱਚ ਪਹੁੰਚੇ। ਉਪ ਰਾਜਪਾਲ ਨਜੀਬ ਜੰਗ ਨੇ ਕੇਜਰੀਵਾਲ ਨੂੰ ਰਾਮਲੀਲਾ ਮੈਦਾਨ ਵਿੱਚ ਦਿੱਲੀ ਦੇ ਸਤਵੇਂ ਮੁੱਖਮੰਤਰੀ ਦੇ ਤੌਰ ਤੇ ਸੌਂਹ ਚੁਕਵਾਈ।
ਕੇਜਰੀਵਾਲ ਦੇ ਨਾਲ ਉਸ ਦੀ ਕੈਬਨਿਟ ਦੇ 6 ਹੋਰ ਵਿਧਾਇਕਾਂ ਮਨੀਸ਼ ਸਿਸੌਦੀਆ, ਸੋਮਨਾਥ ਭਾਰਤੀ,ਸਤੇਂਦਰ ਜੈਨ,ਰਾਖੀ ਬਿਰਲਾ, ਗਿਰੀਸ਼ ਸੋਨੀ ਅਤੇ ਸੌਰਭ ਭਾਰਦਵਾਜ ਨੇ ਵੀ ਮੰਤਰੀ ਪਦ ਦੀ ਸੌਂਹ ਚੁੱਕੀ। ਇਹ ਦੂਸਰੀ ਵਾਰ ਹੈ ਕਿ ਜਦੋਂ ਕਿ ਦਿੱਲੀ ਵਿੱਚ ਕਿਸੇ ਮੁੱਖਮੰਤਰੀ ਨੇ ਸਰਵਜਨਿਕ ਸਥਾਨ ਤੇ ਸੌਂਹ ਚੁੱਕੀ ਹੈ। ਸੌਂਹ ਚੁੱਕਣ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ, “ ਮੈਂ ਮੁੱਖਮੰਤਰੀ ਨਹੀਂ ਬਣ ਰਿਹਾ ਸਗੋਂ ਦਿੱਲੀ ਦੀ ਆਮ ਜਨਤਾ ਮੁੱਖਮੰਤਰੀ ਬਣ ਰਹੀ ਹੈ।”
ਸੌਂਹ ਚੁੱਕਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ, “ਆਮ ਆਦਮੀ ਦੀ ਜਿੱਤ ਹੋਈ ਹੈ। ਇਹ ਸੌਂਹ ਅਸਲ ਵਿੱਚ ਦਿੱਲੀ ਦੀ ਜਨਤਾ ਨੇ ਚੁੱਕੀ ਹੈ। ਇਹ ਕੁਦਰਤ ਦਾ ਕਰਿਸ਼ਮਾ ਹੀ ਹੈ ਕਿ ਦੋ ਸਾਲ ਪਹਿਲਾਂ ਅਸੀਂ ਇਹ ਸੋਚ ਵੀ ਨਹੀਂ ਸੀ ਸਕਦੇ ਕਿ ਅਸੀਨ ਇਹ ਲੜਾਈ ਜਿੱਤ ਜਾਵਾਂਗੇ।”
ਉਨ੍ਹਾਂ ਨੇ ਦਿੱਲੀ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਅਰਵਿੰਦ ਕੇਜਰੀਵਾਲ ਇਹ ਲੜਾਈ ਇੱਕਲਿਆਂ ਨਹੀਂ ਲੜ ਸਕਦਾ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਾਰੀਆਂ ਸਮਸਿਆਵਾਂ ਦਾ ਹੱਲ ਨਹੀਂ ਹੈ। ਨਾਂ ਹੀ ਸਾਡੇ ਕੋਲ ਕੋਈ ਜਾਦੂ ਦੀ ਛੜੀ ਹੈ, ਪਰ ਦਿੱਲੀ ਦੀ ਜਨਤਾ ਮਿਲ ਕੇ ਦਿੱਲੀ ਦੀਆਂ ਸਮਸਿਆਵਾਂ ਨੂੰ ਹਲ ਕਰ ਸਕਦੀ ਹੈ।”
ਮੁੱਖਮੰਤਰੀ ਬਣੇ ਅਰਵਿੰਦ ਨੇ ਆਪਣੀ ਜਿੱਤ ਨੂੰ ਆਜਾਦੀ ਦੀ ਦੂਸਰੀ ਲੜਾਈ ਦੱਸਿਆ। ਉਨ੍ਹਾਂ ਨੇ ਅੱਜ ਹੀ ਆਪਣੇ ਮੰਤਰੀਮੰਡਲ ਦੀ ਬੈਠਕ ਵੀ ਬੁਲਾਈ ਹੈ।