ਨਵੀਂ ਦਿੱਲੀ- ਧੁੰਧ ਅਤੇ ਠੰਢ ਨੇ ਪੂਰੀ ਦਿੱਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਧੁੰਧ ਕਰਕੇ ਹਾਲਾਤ ਅਜਿਹੇ ਹੋ ਗਏ ਹਨ ਕਿ ਰਾਤ 8 ਵਜੇ ਤੋਂ ਬਾਅਦ ਕੁਝ ਵਿਖਾਈ ਨਹੀਂ ਦਿੰਦਾ।2010 ਤੋਂ ਬਾਅਦ ਇਹ ਹੁਣ ਤੱਕ ਦਾ ਸੱਭ ਤੋਂ ਵੱਧ ਧੁੰਧ ਵਾਲਾ ਸਮਾਂ ਹੈ।ਰਾਤੀਂ ਵਿਜਿਬਿਲਟੀ ਜੀਰੋ ਹੋਣ ਕਰਕੇ ਦਿੱਲੀ ਏਅਰਪੋਰਟ ਦੇ ਦੋ ਰਨਵੇਅ ਬੰਦ ਕਰਨੇ ਪਏ।ਦਿੱਲੀ ਏਅਰਪੋਰਟ ਤੇ ਟਰੈਫਿਕ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਜਾ ਸਕਦਾ ਹੈ।
ਵਰਨਣਯੋਗ ਹੈ ਕਿ 3 ਜਨਵਰੀ ਨੂੰ ਵੀ ਵਿਜਿਬਿਲਟੀ ਜੀਰੋ ਹੋਣ ਕਰਕੇ ਦਿੱਲੀ ਏਅਰਪੋਰਟ ਨੂੰ 8 ਵਜੇ ਹੀ ਬੰਦ ਕਰਨਾ ਪਿਆ ਸੀ।ਦਿੱਲੀ ਏਅਰਪੋਰਟ ਤੋਂ ਉਡਾਣ ਭਰਨ ਵਾਲੇ 444 ਜਹਾਜ ਪ੍ਰਭਾਵਿਤ ਹੋਏ। ਕਈ ਫਲਾਈਟਸ ਬੰਦ ਕਰਨੀਆਂ ਪਈਆਂ।ਸੰਘਣੀ ਧੁੰਧ ਦਾ ਰੇਲਵੇ ਤੇ ਵੀ ਬਹੁਤ ਪ੍ਰਭਾਵ ਪਿਆ ਹੈ। ਦੋ ਦਰਜਨ ਤੋਂ ਵੱਧ ਟਰੇਨਾਂ 2 ਤੋਂ 36 ਘੰਟੇ ਤੱਕ ਲੇਟ ਚੱਲ ਰਹੀਆਂ ਹਨ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਧੁੰਧ ਹੋਰ ਸੰਘਣੀ ਹੋ ਸਕਦੀ ਹੈ। ਇਸ ਦਾ ਸੱਭ ਤੋਂ ਵੱਧ ਪ੍ਰਭਾਵ ਏਅਰਪੋਰਟ ਤੇ ਪੈ ਰਿਹਾ ਹੈ, ਜਿੱਥੇ ਵਿਜਿਬਿਲਟੀ 50 ਮੀਟਰ ਤੋਂ ਵੀ ਥੱਲੇ ਪਹੁੰਚ ਗਈ ਹੈ। ਜਿਸ ਕਰਕੇ ਘਰੇਲੂ ਅਤੇ ਇੰਟਰਨੈਸ਼ਨਲ ਫਲਾਈਟਸ ਦੀ ਲੈਂਡਿੰਗ ਅਤੇ ਟੇਕਆਫ਼ ਵਿੱਚ ਦੇਰੀ ਹੋਈ।
ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਬਾਰਿਸ਼ ਹੋਣ ਸਬੰਧੀ ਵੀ ਕਿਹਾ ਜਾ ਰਿਹਾ ਹੈ ਪਰ ਅਜੇ ਤੱਕ ਠੰਢ ਨਹੀਂ ਘੱਟ ਰਹੀ। ਦਿੱਲੀ ਵਾਸੀਆਂ ਨੂੰ ਠੰਢ ਕਾਰਣ ਆਫਿਸ ਆਉਣ ਜਾਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।