ਪਟਿਆਲਾ – ਡਰੱਗ ਮਾਫੀਆ ਜਗਦੀਸ਼ ਭੋਲਾ ਨੇ ਡਰੱਗ ਮਾਮਲੇ ਵਿੱਚ ਪੰਜਾਬ ਦੇ ਮੁੱਖਮੰਤਰੀ ਦੇ ਬਹੁਤ ਹੀ ਨਜਦੀਕੀ ਰਿਸ਼ਤੇਦਾਰ ਅਤੇ ਕੈਬਨਿਟ ਮੰਤਰੀ , ਡਰੱਗ ਰੈਕਟ ਦਾ ਪਰਦਾਫਾਸ਼ ਕਰਨ ਵਾਲੇ ਐਸਐਸਪੀ ਅਤੇ ਜਾਂਚ ਟੀਮ ਤੇ ਗੰਭੀਰ ਆਰੋਪ ਲਗਾ ਕੇ ਸਾਰੇ ਪਾਸੇ ਹਲਚੱਲ ਮਚਾ ਦਿੱਤੀ ਹੈ।
ਅਦਾਲਤ ਵਿੱਚ ਪੇਸ਼ੀ ਤੇ ਆਏ ਸਮਗਲਰ ਜਗਦੀਸ਼ ਭੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੇ ਡਰੱਗ ਰੈਕਟ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਹੱਥ ਹੈ। ਉਹ ਹੀ ਸਾਰੇ ਰੈਕਟ ਦਾ ਮਾਸਟਰ ਮਾਈਂਡ ਹੈ ਅਤੇ ਮੈਨੂੰ ਇਸ ਕੇਸ ਵਿੱਚ ਝੂਠਾ ਹੀ ਫਸਾਇਆ ਜਾ ਰਿਹਾ ਹੈ।ਭੋਲਾ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਸੀ ਪਰ ਮੁੱਖਮੰਤਰੀ ਨੇ ਇਹ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਜਗਦੀਸ਼ ਭੋਲਾ ਨੇ ਕਿਹਾ ਕਿ ਰੀਮਾਂਡ ਦੌਰਾਨ ਜਦੋਂ ਪੁਲਿਸ ਉਸ ਤੋਂ ਪੁੱਛਗਿੱਛ ਕਰਦੀ ਸੀ ਤਾਂ ਜਦੋਂ ਵੀ ਮੈਂ ਮਜੀਠੀਆ ਦਾ ਨਾਂ ਲੈਂਦਾ ਸੀ ਤਾਂ ਪੁੱਛਗਿੱਛ ਬੰਦ ਕਰ ਦਿੱਤੀ ਜਾਂਦੀ ਸੀ। ਏਨਾ ਹੀ ਨਹੀਂ ਉਸ ਤੋਂ ਬਾਅਦ ਪੁਲਿਸ ਨੇ ਮੇਰਾ ਰੀਮਾਂਡ ਨਹੀਂ ਮੰਗਿਆ ਅਤੇ ਮੈਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਉਸ ਨੇ ਕਿਹਾ ਕਿ ਜੇਲ੍ਹ ਵਿੱਚ ਮਜੀਠੀਏ ਵੱਲੋਂ ਅਕਸਰ ਉਸ ਨੂੰ ਫੋਨ ਕੀਤੇ ਜਾਂਦੇ ਸਨ ਅਤੇ ਪੁੱਛਗਿੱਛ ਸਬੰਧੀ ਸਾਰੀ ਜਾਣਕਾਰੀ ਲਈ ਜਾਂਦੀ ਸੀ।
ਪਟਿਆਲਾ ਦੇ ਐਸਐਸਪੀ ਹਰਦਿਆਲ ਸਿੰਘ ਮਾਨ ਅਤੇ ਉਸ ਦੀ ਜਾਂਚ ਟੀਮ ਤੇ ਵੀ ਭੋਲਾ ਨੇ ਗੰਭੀਰ ਆਰੋਪ ਲਗਾਏ ਹਨ। ਉਸ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਪੁਲਿਸ ਅਧਿਕਾਰੀ 20 ਤੋਂ 25 ਕਰੋੜ ਰੁਪੈ ਖਾ ਚੁੱਕੇ ਹਨ। ਭੋਲਾ ਦੇ ਵਕੀਲ ਗੋਪਾਲ ਮਾਹਲ ਨੇ ਕਿਹਾ ਕਿ ਉਹ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਸਾਰੇ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਨਗੇ। ਇਸ ਤੋਂ ਪਹਿਲਾਂ ਵੀ ਭੋਲਾ ਨੇ ਇਸ ਡਰੱਗ ਰੈਕਟ ਵਿੱਚ ਪੰਜਾਬ ਦੇ ਤਿੰਨ ਮੰਤਰੀਆਂ ਦੇ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਸੀ।
ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਆਪਣੇ ਸਾਲੇ ਸਾਹਿਬ ਦਾ ਬਚਾਅ ਕਰਦੇ ਹੋਏ ਭੋਲਾ ਤੇ ਇਹ ਆਰੋਪ ਲਗਾ ਰਹੇ ਹਨ ਕਿ ਉਹ ਜਾਣਬੁੱਝ ਕੇ ਮਜੀਠੀਏ ਤੇ ਡਰੱਗ ਵਿੱਚ ਸ਼ਾਮਿਲ ਹੋਣ ਦਾ ਆਰੋਪ ਲਗਾ ਕੇ ਮਾਮਲੇ ਨੂੰ ਭਟਕਾਉਣ ਦਾ ਯਤਨ ਕਰ ਰਿਹਾ ਹੈ।ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜੇ ਮੰਤਰੀ ਇਸ ਵਿੱਚ ਸ਼ਾਮਿਲ ਹੁੰਦੇ ਤਾਂ ਦਬਾਅ ਕਾਰਨ ਮੰਤਰੀਆਂ ਨੇ ਉਸ ਨੂੰ ਪਕੜਨਾ ਹੀ ਨਹੀਂ ਸੀ।