ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਬਾਦਲ ਅਕਾਲੀ ਦਲ ਦੇ ਮੁੱਖੀਆਂ ਪੁਰ ਦੋਸ਼ ਲਾਇਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲ ਅਤੇ ਕੁਫਰ ਤੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ. ਸਰਨਾ ਨੇ ਇਸ ਸਬੰਧ ਵਿੱਚ ਆਪਣੇ ਬਿਆਨ ਵਿੱਚ ਦਸਿਆ ਕਿ ਬਾਦਲ ਅਕਾਲੀ ਦਲ ਦੇ ਇਨ੍ਹਾਂ ਮੁਖੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਨ੍ਹਾਂ ਵਲੋਂ ਗੁਰਦੁਆਰਾ ਕਮੇਟੀ ਦੇ ਕਿਸੇ ਵੀ ਸਾਧਨ ਦੀ ਦੁਰਵਰਤੋਂ ਨਹੀਂ ਕੀਤੀ ਗਈ, ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਦੇ ਉਮੀਦਵਾਰਾਂ, ਭਾਵੇਂ ਉਹ ਦਲ ਦੇ ਚੋਣ ਨਿਸ਼ਾਨ ‘ਤਕੜੀ’ ਤੇ ਚੋਣ ਲੜੇ ਤੇ ਭਾਵੇਂ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ਤੇ ਉਨ੍ਹਾਂ ਚੋਣ ਲੜੀ, ਨੇ ਖੁਲ੍ਹ ਕੇ ਗੁਰਦੁਆਰਾ ਕਮੇਟੀ ਦੀਆਂ ਗੱਡੀਆਂ, ਸਟਾਫ, ਗੋਲਕ ਅਤੇ ਹੋਰ ਸਾਧਨਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਸਦੇ ਚਸ਼ਮਦੀਦ ਗੁਆਹ ਉਹ ਲੋਕੀ ਹਨ, ਜਿਨ੍ਹਾਂ ਨੇ ਚੋਣਾਂ ਦੌਰਾਨ ਇਹ ਸਭ ਕੁਝ ਆਪਣੀ ਅਖੀਂ ਵੇਖਿਆ ਹੈ। ੳੋੁਨ੍ਹਾਂ ਹੋਰ ਕਿਹਾ ਕਿ ਬਾਦਲ ਅਕਾਲੀ ਦਲ ਦੇ ਇਨ੍ਹਾਂ ਮੁੱਖੀਆਂ ਦੀ ਇਹ ਫਿਤਰਤ ਬਣ ਚੁਕੀ ਹੋਈ ਹੈ, ਕਿ ਝੂਠ ਬੋਲ ਅਤੇ ਕੁਫਰ ਤੋਲ ਲੋਕਾਂ ਨੂੰ ਗੁੰਮਰਾਹ ਕਰ ਆਪਣੇ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕੀਆਂ ਜਾਣ। ਉਹ ਇਸੇ ਦੇ ਸਹਾਰੇ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ, ਪਰਮਜੀਤ ਸਿੰਘ ਸਰਨਾ ਆਦਿ ਪੁਰ ਗੁਰਦੁਆਰਾ ਕਮੇਟੀ ਦੀਆਂ ਜ਼ਮੀਨਾਂ-ਜਾਇਦਾਦਾਂ ਵੇਚਣ ਦੇ ਦੋਸ਼ ਲਾਏ ਤੇ ਇਸੇ ਝੂਠ ਅਤੇ ਕੁਫਰ ਦੇ ਸਹਾਰੇ ਦਿੱਲੀ ਦੇ ਸਿੱਖਾਂ ਨੂੰ ਗੁੰਮਰਾਹ ਕਰ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਬਜ਼ਾ ਕੀਤਾ। ਗੁਰਦੁਆਰਾ ਕਮੇਟੀ ਤੇ ਕਬਜ਼ਾ ਕਰ ਇਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਕੁਝ ਦਿਨਾਂ ਵਿੱਚ ਹੀ ਪਿਛਲੇ ਪ੍ਰਬੰਧਕਾਂ ਵਲੋਂ ਕੀਤੇ ਘੁਟਾਲਿਆਂ ਦਾ ਪਰਦਾ ਫਾਸ਼ ਕਰ ਦੇਣਗੇ। ਇਨ੍ਹਾਂ ਬਾਦਲ ਦਲ ਦੇ ਮੁੱਖੀਆਂ ਨੂੰ ਗੁਰਦੁਆਰਾ ਪ੍ਰਬੰਧ ਪੁਰ ਕਬਜ਼ਾ ਕੀਤਿਆਂ ਸਾਲ ਪੂਰਾ ਹੋਣ ਨੂੰ ਆ ਰਿਹਾ ਹੈ, ਪਰ ਉਹ ਕੋਈ ਇੱਕ ਵੀ ਦੋਸ਼ ਸਾਬਤ ਨਹੀਂ ਕਰ ਸਕੇ। ਸ. ਸਰਨਾ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਨੇ ਆਪਣੇ ਪ੍ਰਬੰਧਕੀ-ਕਾਲ ਦੌਰਾਨ ਆਪਣੀ ਜ਼ਿਮੇਂਦਾਰੀ ਨੂੰ ਸਤਿਗੁਰਾਂ ਦੀ ਅਮਾਨਤ ਵਜੋਂ ਸਵੀਕਾਰ ਕਰ ਪੂਰੀ ਨਿਸ਼ਠਾ ਤੇ ਤਨਦੇਹੀ ਨਾਲ ਨਿਭਾਹਿਆ ਹੈ।
ਬਾਦਲ ਦਲ ਨੇ ਕੁਫਰ ਦੇ ਸਹਾਰੇ ਦਿੱਲੀ ਦੇ ਸਿੱਖਾਂ ਨੂੰ ਗੁੰਮਰਾਹ ਕਰ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਬਜ਼ਾ ਕੀਤਾ
This entry was posted in ਭਾਰਤ.