ਲੁਧਿਆਣਾ – ਪੰਜਾਬ ਤੇ ਵਿਸ਼ੇਸ਼ ਕਰਕੇ ਉਦਯੋਗਿਕ ਨਗਰੀ ਲੁਧਿਆਣਾ ਅੰਦਰ ਟ੍ਰੈਫਿਕ ਦੀ ਦਿਨ ਪ੍ਰਤੀ ਦਿਨ ਵਿਗੜ ਰਹੀ ਸਮੱਸਿਆ ਦੇ ਹੱਲ ਲਈ ਜਿੱਥੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਯਤਨਸ਼ੀਲ ਹਨ, ਉਥੇ 17 ਭਾਰਤੀਆਂ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਵਾਲੇ ਦੁਬਈ ਦੇ ਉਘੇ ਬਿਜਨਸਮੈਨ ਐਸ.ਪੀ.ਸਿੰਘ ਉਬਰਾਏ ਨੇ 10 ਹਜ਼ਾਰ ਟ੍ਰੈਫਿਕ ਨਿਯਮਾਂ ਸਬੰਧੀ ਸਟਿੱਕਰ ਛਪਵਾ ਕੇ ਲੁਧਿਆਣਾ ਟ੍ਰੈਫਿਕ ਪੁਲਿਸ ਨੂੰ ਸੌਂਪੇ । ਸੰਸਥਾ ਦਾ ਨਿਸ਼ਾਨਾ 1 ਲੱਖ ਸਟਿੱਕਰ ਜਿਲ੍ਹਾ ਲੁਧਿਆਣੇ ਵਿੱਚ ਵੰਡਣ ਦਾ ਹੈ ।
ਸਰਬਤ ਦਾ ਭਲਾ ਟਰੱਸਟ ਵੱਲੋਂ ਸੜਕ ਹਾਦਸੇ ਰੋਕਣ ਅਤੇ ਮਨੁੱਖ ਜਾਨਾਂ ਦੇ ਬਚਾਅ ਲਈ ਵਾਹਨਾਂ ਉਪਰ ਰੇਡੀਅਮ ਰਿਫਲੈਕਟਰ ਲਗਾਉਣ ਦੀ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਉਘੇ ਬਿਜਨਸਮੈਨ ਐਸ.ਪੀ. ਸਿੰਘ ਉਬਰਾਏ ਨੇ ਪੁਲਿਸ ਕਮਿਸ਼ਨਰ ਨਿਰਮਲ ਸਿੰਘ ਢਿੱਲੋਂ ਨੂੰ ਰੇਡੀਅਮ ਰਿਫਲੈਕਟਰ ਵਾਲਾ ਸਟਿੱਕਰ ਸੌਂਪਿਆ । ਉਬਰਾਏ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਸਬੰਧੀ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਨ ਦੀ ਬੇਹੱਦ ਲੋੜ ਹੈ । ਕਿਉਂਕਿ ਵਿਸ਼ਵ ਭਰ ਵਿੱਚ ਸੜਕ ਹਾਦਸਿਆਂ ਕਾਰਨ ਹਜ਼ਾਰਾਂ ਹੀ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਤੇ ਕਈ ਸਦਾ ਲਈ ਅਪਾਹਜ ਹੋ ਕੇ ਰਹਿ ਜਾਂਦੇ ਹਨ । ਉਨ੍ਹਾਂ ਕਿਹਾ ਕਿ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਇਕੋ ਇਕ ਉਦੇਸ਼ ਹੈ ਕਿ ਮਾਨਵਤਾ ਦੇ ਭਲੇ ਲਈ ਹਰ ਸਮੇਂ ਕੁੱਝ ਨਾ ਕੁੱਝ ਜਰੂਰ ਕੀਤਾ ਜਾਵੇ ।
ਕਮਿਸ਼ਨਰ ਆਫ ਪੁਲਿਸ ਨਿਰਮਲ ਸਿੰਘ ਢਿੱਲੋਂ ਨੇ ਕਿਹਾ ਕਿ ਸਮਾਜ ਸੇਵੀ ਐਸ.ਪੀ.ਸਿੰਘ ਵੱਲੋਂ ਉਰਬਾਏ ਵੱਲੋਂ ਦੁਨੀਆਂ ਭਰ ਅੰਦਰ ਸਮਾਜ ਭਲਾਈ ਦੇ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ । ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਸ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਪੁਲਿਸ ਪ੍ਰਸ਼ਾਸ਼ਨ ਨੂੰ ਬਲ ਮਿਲੇਗਾ । ਟਰੱਸਟ ਦੇ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਅੰਦਰ ਟ੍ਰੈਫਿਕ ਦੇ ਵਿਸ਼ੇ ਨੂੰ ਵੀ ਪੜਾਉਣ ਤਾਂ ਜੋ ਨਵੀਂ ਪੀੜੀ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਹੋ ਸਕੇ । ਇਸ ਸਮਾਗਮ ਵਿੱਚ ਰਿਟਾਇਰਡ ਕਮਿਸ਼ਨਰ ਐਸ.ਕੇ. ਆਹਲੂਵਾਲੀਆ, ਜਿਲ੍ਹਾ ਭਲਾਈ ਅਫਸਰ ਇੰਦਰਪ੍ਰੀਤ ਕੌਰ ਮਲਹੋਤਰਾ, ਮਨਿੰਦਰ ਸਿੰਘ ਈ.ਟੀ.ਓ., ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਵਿਜੇ ਕੁਮਾਰ, ਸੁਖਜਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ ਚਾਵਲਾ, ਜਸਵੰਤ ਸਿੰਘ ਦਾਖਾ, ਕੁਲਦੀਪ ਸਿੰਘ ਰੁਪਾਲ, ਤੇਜਿੰਦਰ ਸਿੰਘ ਲੱਕੀ, ਅਮਰਦੀਪ ਸਿੰਘ ਦਿਓਲ, ਬ੍ਰਹਮਰੂਪ ਸਿੰਘ ਆਦਿ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।