ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਵਿੱਚ ਵੀ ਬਗਾਵਤੀ ਸੁਰ ਉਠਣ ਲਗ ਪਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਵਿਨੋਦ ਕੁਮਾਰ ਬਿੰਨੀ ਸਮੇਤ ਚਾਰ ਵਿਧਾਇਕਾਂ ਸਬੰਧੀ ਇਹ ਚਰਚਾ ਚੱਲ ਰਹੀ ਹੈ ਕਿ ਉਹ ਬੀਜੇਪੀ ਨੇਤਾਵਾਂ ਦੇ ਸੰਪਰਕ ਵਿੱਚ ਹਨ। ਹਾਲਾਂ ਕਿ ਬੀਜੇਪੀ ਨੇਤਾ ਭਾਂਵੇ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ, ਪਰ ਆਪ ਦੇ ਤਿੰਨ ਵਿਧਾਇਕਾਂ ਬਾਰੇ ਇਹ ਆਲੋਚਨਾ ਵੀ ਹੋ ਰਹੀ ਹੈ ਕਿ ਉਹ ਪਹਿਲਾਂ ਤੋਂ ਹੀ ਬੀਜੇਪੀ ਦੇ ਸੰਪਰਕ ਵਿੱਚ ਸਨ। ਆਪ ਵਿੱਚ ਬਗਾਵਤ ਦੇ ਬਾਵਜੂਦ ਵੀ ਬੀਜੇਪੀ ਲੋਕ ਸੱਭਾ ਚੋਣਾਂ ਤੱਕ ਸ਼ਾਂਤ ਰਹਿਣ ਦੀ ਰਣਨੀਤੀ ਤੇ ਚੱਲ ਰਹੀ ਹੈ।ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਲੋਕਸੱਭਾ ਚੋਣਾਂ ਤੋਂ ਬਾਅਦ ਦਿੱਲੀ ਦੀ ਸਿਆਸਤ ਵਿੱਚ ਉਥਲ ਪੁੱਥਲ ਦੀ ਸੰਭਾਵਨਾ ਹੈ।
ਵਿਧਾਇਕ ਬਿੰਨੀ ਭਾਜਪਾ ਦੇ ਨਾਲ ਸਬੰਧਾਂ ਕਾਰਣ ਪਹਿਲਾਂ ਵੀ ਬਗਾਵਤੀ ਤੇਵਰ ਉਠਾ ਚੁੱਕੇ ਹਨ। ਉਹ ਕਾਂਗਰਸ ਅਤੇ ਆਪ ਵਿੱਚਕਾਰ ਇੱਕ ਬਿਜਨਸਮੈਨ ਦੁਆਰਾ ਕਰਵਾਈ ਗਈ ਡੀਲ ਦਾ ਵੀ ਖੁਲਾਸਾ ਕਰਨ ਵਾਲੇ ਸਨ ਪਰ ਉਸ ਸਮੇਂ ਲੋਕਸਭਾ ਚੋਣਾਂ ਵਿੱਚ ਟਿਕਟ ਦੇਣ ਦਾ ਵਾਅਦਾ ਕਰਕੇ ਉਸ ਦਾ ਮੂੰਹ ਬੰਦ ਕਰਵਾ ਦਿੱਤਾ ਗਿਆ ਸੀ। ਇਹ ਵੀ ਚਰਚਾ ਚੱਲ ਰਹੀ ਹੈ ਕਿ ਬਿੰਨੀ ਤੋਂ ਇਲਾਵਾ ਵੈਸਟ ਦਿੱਲੀ ਤੋਂ ਦੋ ਹੋਰ ਵਿਧਾਇਕ ਵੀ ਬੀਜੇਪੀ ਨੇਤਾਵਾਂ ਦੇ ਸੰਪਰਕ ਵਿੱਚ ਹਨ। ਉਹ ਵੀ ਪਾਰਟੀ ਲਈ ਸਮਸਿਆਵਾਂ ਖੜ੍ਹੀਆਂ ਕਰ ਸਕਦੇ ਹਨ। ਇੱਕ ਹੋਰ ਵਿਧਾਇਕ ਜੋ ਕਿ ਬਿੰਨੀ ਦੇ ਕਾਫ਼ੀ ਨਜ਼ਦੀਕ ਹਨ, ਉਹ ਵੀ ਬਗਾਵਤ ਕਰ ਸਕਦੇ ਹਨ।
ਬੀਜੇਪੀ ਲੋਕਸਭਾ ਚੋਣਾਂ ਤੋਂ ਪਹਿਲਾਂ ਆਪ ਦੇ ਖਿਲਾਫ਼ ਕੋਈ ਵੀ ਰਣਨੀਤੀ ਅਪਨਾ ਕੇ ਆਪਣਾ ਅਕਸ ਖਰਾਬ ਨਹੀਂ ਕਰਵਾਉਣਾ ਚਾਹੁੰਦੀ। ਪਰ ਚੋਣਾਂ ਤੋਂ ਬਾਅਦ ਬੀਜੇਪੀ ਬਗਾਵਤੀ ਸੁਰ ਵਾਲੇ ਆਪ ਦੇ ਵਿਧਾਇਕਾਂ ਦਾ ਇਸਤੇਮਾਲ ਕਰਕੇ ਕੇਜਰੀਵਾਲ ਸਰਕਾਰ ਨੂੰ ਘੇਰ ਸਕਦੀ ਹੈ।