ਫਤਿਹਗੜ੍ਹ ਸਾਹਿਬ -‘‘ ਭੋਲਾ ਡੀ ਐਸ ਪੀ ਜਿਸ ਨੇ ਸ. ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਦੇ ਤਿੰਨ ਹੋਰ ਕੈਬਿਨਟ ਵਜੀਰਾਂ ਦਾ , ਸੱਤ ਹਜਾਰ ਕਰੋੜ ਦੇ ਡਰੱਗ ਮਾਫੀਆ ਦੇ ਕਾਰੋਬਾਰ ਵਿਚ ਸ਼ਾਮਿਲ ਹੋਣ ਦਾ ਇੰਕਸਾਫ ਕੀਤਾ ਹੈ, ਉਸ ਦੀ ਜਾਨ ਦੀ ਹਿਫਾਜ਼ਤ ਲਈ ਅਤੇ ਪੰਜਾਬ ਦੀ ਜਨਤਾ ਦੇ ਸਾਹਮਣੇ ਸੱਚ ਨੂੰ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਉਨ੍ਹਾਂ ਅਦਾਲਤਾਂ ਜਿਥੇ ਭੋਲੇ ਦੇ ਕੇਸ ਚੱਲ ਰਹੇ ਹਨ, ਉਨ੍ਹਾਂ ਵੱਲੋਂ ਉਚੇਚੇ ਤੌਰ ਤੇ ਜਿਥੇ ਭੋਲੇ ਨੂੰ ਪ੍ਰੈਸ ਦੇ ਸਾਹਮਣੇ ਆਪਣੀ ਗੱਲ ਬਿਨਾਂ ਕਿਸੇ ਡਰ ਭੈਅ ਤੋਂ ਕਹਿਣ ਦਾ ਪ੍ਰਬੰਧ ਕੀਤਾ ਜਾਵੇ, ਉਥੇ ਉਸਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ। ਦੂਸਰਾ ਜੋ ਕਾਂਗਰਸੀਏ ਅਤੇ ਬਾਦਲ ਦਲੀਏ ਇਕ ਦੂਸਰੇ ਦੇ ਪੁਤਲੇ ਫੂਕ ਕੇ ਆਪੋ ਆਪਣੀਆਂ ਸਿਆਸੀ ਤਾਕਤਾਂ ਅਤੇ ਗੈਰ ਕਾਨੂੰਨੀਂ ਢੰਗਾਂ ਰਾਹੀਂ ਇਕੱਤਰ ਕੀਤੇ ਗਏ ਧੰਨ ਦੌਲਤਾਂ ਦੇ ਭੰਡਾਰਾਂ ਦੀ ਦੁਰਵਰਤੋਂ ਕਰਕੇ ਅਸਲ ਮੁੱਦੇ ਤੋਂ ਇਥੋਂ ਦੇ ਨਿਵਾਸੀਆਂ ਦਾ ਧਿਆਨ ਹਟਾ ਕੇ ਸਿਆਸੀ ਦੁਸ਼ਮਣੀ ਵਿਚ ਬਦਲਨਾ ਚਾਹੁੰਦੇ ਹਨ, ਇਹ ਗੁਮਰਾਹਕੁੰਨ ਅਮਲ ਹਨ। ਦੋਵੇਂ ਧਿਰਾਂ ਇਸ ਵਿਸ਼ੇ ਉੱਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਲਈ ਇਸ ਮੁੱਦੇ ਦੀ ਸੀਬੀਆਈ ਤੋਂ ਜਾਂਚ ਹੋਣ ਦੀ ਪੈਰਵੀ ਕਰਨ। ਅਜਿਹਾ ਅਮਲ ਹੋਣ ਨਾਲ ਹੀ ਭਾਵੇਂ ਦੋਸ਼ੀ ਬਾਦਲ ਦਲੀਆਂ ਵਿਚ ਬੈਠੇ ਹੋਣ, ਭਾਵਂੇ ਕਾਂਗਰਸ ਜਾਂ ਹੋਰ ਰਮਾਤਾਂ ਵਿਚ , ਸੱਚ ਖੁਦ ਬਾ ਖੁਦ ਸਾਹਮਣੇ ਆ ਜਾਵੇਗਾ।‘‘
ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਸੂਬੇ ਵਿਚ ਡਰੱਗ ਮਾਫੀਏ ਦੇ ਗੰਭੀਰ ਮੁੱਦੇ ਉੱਤੇ ਸੱਚ ਨੂੰ ਸਾਹਮਣੇ ਲਿਆਉਣ ਦੇ ਅਮਲ ਕਰਨ ਦੀ ਬਜਾਏ ਹੁੱਲੜਬਾਜੀ ਅਤੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਨੂੰ ਅਤੇ ਮੁਜਰਿਮਾਂ ਵੱਲੋਂ ‘‘ ਨਾਲੇ ਚੋਰ ਨਾਲੇ ਚਤੁਰ‘‘ ਵਾਲੀਆਂ ਕਾਰਵਾਈਆਂ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਹ ਡੂੰਘੀ ਸ਼ੰਕਾ ਹੈ ਕਿ ਪੰਜਾਬ ਸਰਕਾਰ ਵਿਚ ਅਤੇ ਪੁਲਿਸ ਅਫਸਰਸ਼ਾਹੀ ਵਿਚ ਡਰੱਗ ਮਾਫੀਏ ਦੀ ਸਰਪ੍ਰਸਤੀ ਕਰਨ ਵਾਲੇ ਬੈਠੇ ਵੱਡੇ ਮਗਰਮੱਛ ਡੀਐਸ ਪੀ ਭੋਲੇ ਨੂੰ ਖਾਣੇ ਵਿਚ ਜਹਿਰ ਮਿਲਾ ਕੇ ਜਾਂ ਪੁਲਿਸ ਦੀ ਗ੍ਰਿਫਤ ਵਿਚੋਂ ਫਰਾਰ ਹੋਣ ਦਾ ਬਹਾਨਾਂ ਬਣਾ ਕੇ ਉਸ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਸਕਦੇ ਹਨ। ਜਦੋਂ ਕਿ ਭੋਲਾ ਇਕੋ ਇਕ ਸੂਤਰ ਅਤੇ ਪ੍ਰਤੱਖ ਸਬੂਤ ਹੈ , ਉਹ ਡਰੱਗ ਮਾਫੀਏ ਵਿਚ ਵੱਡੇ ਮਗਰਮੱਛਾਂ ਦੀ ਸ਼ਮੂਲੀਅਤ ਨੂੰ ਜੱਗ ਜਾਹਰ ਕਰਨ ਦਾ ਸਾਧਨ ਹੈ। ਸ. ਮਾਨ ਨੇ ਕਿਹਾ ਕਿ ਜਦੋਂ ਉਸ ਦੇ ਪਹਿਲੇ ਕੇਸ ਵਿਚ ਲਿਆ ਗਿਆ ਪੁਲਿਸ ਰਿਮਾਂਡ ਕਾਫੀ ਲੰਮਾ ਅਤੇ ਸਖਤ ਸੀ ਤਾਂ ਹੁਣ ਉਸ ਉੱਤੇ ਇਕ ਹੋਰ ਕੇਸ ਦਰਜ ਕਰਕੇ ਪੁਲਿਸ ਰਿਮਾਂਡ ਲੈਣ ਦੇ ਅਮਲ , ਉਸ ਉੱਤੇ ਤਸ਼ੱਦਦ ਕਰਕੇ ਸ਼੍ਰੀ ਮਜੀਠੀਏ ਅਤੇ ਹੋਰ ਤਿੰਨ ਵਜੀਰਾਂ ਸੰਬੰਧੀ ਦਿੱਤੀ ਜਾ ਰਹੀ ਜਾਣਕਾਰੀ ਤੋਂ ਮੁਨਕਰ ਕਰਨ ਵਾਲੇ ਪੁਲਿਸ ਦੇ ਘਟੀਆ ਹਥਕੰਡਿਆਂ ਦੀ ਕੜੀ ਹੈ। ਇਸ ਲਈ ਮੌਜੂਦਾ ਪੰਜਾਬ ਪੁਲਿਸ ਦੇ ਡੀ ਜੀ ਪੀ ਸੁਮੇਧ ਸੈਣੀ ਜਾਂ ਬਾਦਲ ਹਕੂਮਤ ਕੋਈ ਘਟੀਆ ਹੱਥਕੰਡੇ ਵਰਤ ਕੇ ਸ਼੍ਰੀ ਭੋਲੇ ਨੂੰ ਆਪਣੇ ਬਿਆਨਾਂ ਤੋਂ ਮੁਨਕਰ ਹੋਣ ਲਈ ਮਜਬੂਰ ਕਰੇ, ਉਸ ਤੋਂ ਪਹਿਲੇ ਉਸ ਨੂੰ ਅਦਾਲਤੀ ਸੁਰੱਖਿਆ ਤਹਿਤ ਬਿਨਾਂ ਕਿਸੇ ਤਰਾਂ ਦੇ ਦਬਾਅ ਜਾਂ ਡਰ ਤੋਂ ਪ੍ਰੈਸ ਅਤੇ ਮੀਡੀਏ ਦੇ ਸਾਹਮਣੇ ਕਰਨਾ ਅਤਿ ਜਰੂਰੀ ਹੈ । ਤਾਂ ਕਿ ਉਹ ਮੀਡੀਆ ਅਤੇ ਪ੍ਰੈਸ ਨੂੰ ਸਹੀ ਜਾਣਕਾਰੀ ਦੇ ਕੇ ਬਾਦਲ ਦਲੀਆਂ ਜਾਂ ਕਾਂਗਰਸੀਆਂ ਵੱਲੋਂ ਕੀਤੇ ਜਾਣ ਵਾਲੇ ਗੁਮਰਾਹਕੁੰਨ ਪ੍ਰਚਾਰ ਦਾ ਅੰਤ ਕਰ ਸਕੇ ਅਤੇ ਪੰਜਾਬ ਦੇ ਨਿਵਾਸੀਆਂ ਨੂੰ ਅਸਲ ਸੱਚ ਦੀ ਜਾਣਕਾਰੀ ਮਿਲ ਸਕੇ।
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਡੀਐਸਪੀ ਭੋਲੇ ਦੇ ਕੇਸ ਨਾਲ ਸੰਬੰਧਤ ਅਦਾਲਤ ਉਸ ਨੂੰ ਪ੍ਰੈਸ ਦੇ ਸਾਹਮਣੇ ਪੇਸ਼ ਕਰਕੇ ਸੱਚ ਨੂੰ ਸਾਹਮਣੇ ਲਿਆਉਣ ਵਿਚ ਆਪਣੀਆਂ ਨਿਰਪੱਖਤਾਂ ਅਤੇ ਇਨਸਾਫ ਵਾਲੀਆਂ ਭੂਮਿਕਾ ਨਿਭਾਉਣਗੀਆਂ, ਉਥੇ ਡੀਐਸਪੀ ਭੋਲੇ ਦੀ ਜਾਨ ਨੂੰ ਵੱਡੇ ਸਾਜਿਸ਼ੀ ਖਤਰੇ ਤੋਂ ਦੂਰ ਕਰਨ ਲਈ ਉਸਦੀ ਸੁਰੱਖਿਆ ਲਈ ਅਦਾਲਤਾਂ ਉਚੇਚੇ ਤੌਰ ਤੇ ਕਦਮ ਉਠਾਉਣਗੀਆਂ । ਤਾਂ ਕਿ ਪੰਜਾਬ ਸੂਬੇ ਵਿਚ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਸਿਆਸਤਦਾਨ ਜਾਂ ਅਫਸਰਸ਼ਾਹੀ ਉਸ ਨੂੰ ਸਰੀਰਿਕ ਤੌਰ ਤੇ ਖਤਮ ਕਰਨ ਦੇ ਆਪਣੇ ਮੰਦਭਾਵਨਾਂਵਾਂ ਭਰੇ ਮਨਸੂਬਿਆਂ ਵਿਚ ਕਾਮਯਾਬ ਨਾਂ ਹੋ ਸਕਣ।