ਨਵੀਂ ਦਿੱਲੀ : ਸਮਾਜਿਕ ਸਰੋਕਾਰ ਨੂੰ ਮੁੱਖ ਰਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੋਕੋ ਕੈਂਸਰ ਅਵੈਅਰਨੇਸ ਮਾਰਚ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ ਮੰਤਰ, ਰਿਗਲ ਬਿਲਡਿੰਗ ਕਨਾਟ ਪਲੇਸ, ਬਾਬਾ ਖੜਗ ਸਿੰਘ ਮਾਰਗ ਤੋਂ ਹੁੰਦਾ ਹੋਇਆ ਗੁਰਦੁਆਰਾ ਰਕਾਬ ਗੰਜ ਸਾਹਿਬ ਤਕ ਦਿੱਲੀ ਦੇ ਲਗਭਗ 5,000 ਸਕੂਲੀ ਬੱਚਿਆਂ ਵਲੋਂ ਪੈਦਲ ਯਾਤਰਾ ਕਰਦੇ ਹੋਏ ਕੱਡਿਆ ਗਿਆ। ਇਸ ਮਾਰਚ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰੋਕੋ ਫਾਉਂਡੇਸ਼ਨ ਦੇ ਕੁਲਵੰਤ ਸਿੰਘ ਧਾਲੀਵਾਲ ਵਲੋਂ ਬਾਲਾ ਸਾਹਿਬ ਹਸਪਤਾਲ ਵਿਖੇ ਕੈਂਸਰ ਜਾਂਚ ਅਤੇ ਨਿਦਾਨ ਵਾਸਤੇ ਮਸ਼ੀਨਾ ਦੇਣ ਤੇ ਧੰਨਵਾਦ ਵੀ ਪ੍ਰਗਟ ਕੀਤਾ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਬੱਚਿਆ ਨੂੰ ਇਸ ਮਾਰਚ ਦਾ ਹਿੱਸਾ ਬਨਾਉਣ ਤੇ ਰੋਸ਼ਨੀ ਪਾਉਂਦੇ ਹੋਏ ਦਾਅਵਾ ਕੀਤਾ ਕਿ ਛੋਟੀ ਉਮਰ ਦੇ ਬੱਚਿਆ ਨੂੰ ਸਮਾਜਿਕ ਕਾਰਜਾਂ ਵਾਸਤੇ ਅੱਗੇ ਵੱਧਾ ਕੇ ਹੀ ਚੰਗੇ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ।
ਗੁਲਾਬੀ ਗੁਬਾਰੇ ਇਸ ਮੌਕੇ ਤੇ ਅਸਮਾਨ ਵਿਚ ਛੱਡਣ ਦੇ ਇਲਾਵਾ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਫ੍ਰੀ ਕੈਂਸਰ ਜਾਂਚ ਕੈਂਪ ਵੀ ਲਗਾਇਆ ਗਿਆ। ਮਾਰਚ ਦੀ ਸਮਾਪਤੀ ਤੋਂ ਬਾਅਦ ਭਾਈ ਲੱਖੀ ਸ਼ਾਹ ਵੰਜਾਰਾ ਹਾਲ ਵਿਖੇ ਹਜਾਰਾਂ ਬੱਚਿਆਂ ਦੇ ਕਠ ਨੂੰ ਸੰਬੋਧਿਤ ਕਰਦਿਆਂ ਹੋਇਆ ਮਨਜੀਤ ਸਿੰਘ ਜੀ.ਕੇ. ਨੇ ਅੱਗੇ ਵੀ ਇਸ ਤਰ੍ਹਾਂ ਦੇ ਸਮਾਜਿਕ ਉਪਰਾਲੇ ਕਮੇਟੀ ਵਲੋਂ ਵੱਡੇ ਪੱਧਰ ਤੇ ਕਰਨ ਵਚਬੱਧਤਾ ਵੀ ਜਤਾਈ। ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਮਨਮਿੰਦਰ ਸਿੰਘ ਆਯੂਰ, ਜਤਿੰਦਰ ਸਿੰਘ ਗੋਲਡੀ, ਗੁਰਮੀਤ ਸਿੰਘ ਮੀਤਾ, ਹਰਵਿੰਦਰ ਸਿੰਘ ਕੇ.ਪੀ. ਗੁਰਦੇਵ ਸਿੰਘ ਭੌਲਾ, ਰਵਿੰਦਰ ਸਿੰਘ ਲਵਲੀ, ਹਰਦੇਵ ਸਿੰਘ ਧਨੋਵਾ ਅਤੇ ਸਪੋਰਟਸ ਡਾਇਰੇਕਟਰ ਸਵਰਨਜੀਤ ਸਿੰਘ ਬਰਾੜ, ਇੰਟਰਨੈਸ਼ਨਲ ਐਡਵਾਈਜ਼ਰ ਪੁਨੀਤ ਸਿੰਘ ਚੰਢੋਕ ਤੇ ਵਿਕ੍ਰਮ ਸਿੰਘ ਮੌਜੂਦ ਸਨ।