ਨਵੀਂ ਦਿੱਲੀ: ਦਿੱਲੀ ਦੇ ਇਤਿਹਾਸਿਕ ਗੁਰੂਧਾਮਾ ਦੇ ਵਿਚ ਚਲ ਰਹੇ ਕਾਰਸੇਵਾ ਦੇ ਕਾਰਜਾਂ ਨੂੰ ਸਿਰੇ ਚੜਾਉਣ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆ ਨੂੰ ਕਮੇਟੀ ਵਲੋਂ 1.25 ਕਰੋੜ ਰੁਪਏ ਦਾ ਚੈਕ, 3 ਕਿਲੋ 496 ਗ੍ਰਾਮ ਸੋਨਾ ਅਤੇ ਲਗਭਗ 11 ਕਿਲੋ ਚਾਂਦੀ ਦੇ ਚਵਰ, ਫੂਲਦਾਨ ਅਤੇ ਛੱਤਰ ਜੋ ਕਿ ਸੰਗਤਾਂ ਵਲੋਂ ਸਮੇਂ-ਸਮੇਂ ਤੇ ਗੁਰੂ ਦਰਬਾਰ ਵਿਚ ਭੇਂਟ ਕੀਤੇ ਗਏ ਸਨ, ਨੂੰ ਸੌਂਪਦੇ ਹੋਏ ਭਰੋਸਾ ਦਿੱਤਾ ਕਿ ਚਲ ਰਹੇ ਕਾਰਜਾਂ ਵਿਚ ਕਿਸੇ ਪ੍ਰਕਾਰ ਦੀ ਥੋੜ ਕਮੇਟੀ ਵਲੋਂ ਨਹੀਂ ਆਉਣ ਦਿੱਤੀ ਜਾਵੇਗੀ। ਇਥੇ ਇਹ ਜਿਕਰਯੋਗ ਹੈ ਕਿ ਬਜਾਰ ਕੀਮਤ ਦੇ ਹਿਸਾਬ ਨਾਲ ਕਾਰਸੇਵਾ ਵਾਸਤੇ ਦਿੱਤੇ ਗਏ ਸੋਨੇ-ਚਾਂਦੀ ਦੀ ਕੀਮਤ ਲਗਭਗ 1 ਕਰੋੜ 10 ਲੱਖ ਰੁਪਏ ਬਣਦੀ ਹੈ।
ਗੁਰਦੁਆਰਾ ਮੋਤੀਬਾਗ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਦਮਦਮਾ ਸਾਹਿਬ ਵਿਚ ਸੰਗਤਾ ਦੀ ਸੁਵਿਧਾਵਾਂ ਲਈ ਕਾਰ ਪਾਰਕਿੰਗ, ਲੰਗਰ ਹਾਲ, ਜੋੜਾਘਰ, ਮਲਟੀਪਰਪਜ਼ ਹਾਲ ਅਤੇ ਦਰਬਾਰ ਹਾਲ ਵਿਚ ਚਲ ਰਹੇ ਨਵੀਨੀਕਰਨ ਤੇ ਵਿਸਤਾਰ ਦੇ ਕਾਰਜਾਂ ਦਾ ਜਿਕਰ ਕਰਦੇ ਹੋਏ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਦਿੱਲੀ ਕਮੇਟੀ ਪਿਛਲੀ ਕਮੇਟੀ ਤੋਂ ਉਲਟ ਸੰਗਤਾ ਪ੍ਰਤੀ ਆਪਣੀ ਜ਼ਿਮੇਵਾਰੀ ਤੇ ਜਵਾਬਦੇਹੀ ਨਿਭਾਉਣ ਦੇ ਮਕੱਸਦ ਨਾਲ ਜਿੱਥੇ ਕਾਰਸੇਵਾ ਦੇ ਠੇਕੇਦਾਰੀਕਰਣ ਨੂੰ ਰੋਕਣ ਵਿਚ ਜਿਥੇ ਕਾਮਯਾਬ ਹੋਈ ਹੈ ਉਥੇ ਹੀ ਵੱਡੇ ਫੈਂਸਲੇ ਸੰਗਤਾ ਦੇ ਚੁਣੇ ਹੋਏ ਨੁਮਾਇੰਦਿਆ ਵਲੋਂ ਅੰਤ੍ਰਿਗ ਬੋਰਡ ਵਿਚ ਪਾਸ ਕਰਕੇ ਲਏ ਜਾ ਰਹੇ ਹਨ।
ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਬਿਲਡਿੰਗ ਕਮੇਟੀ ਚੇਅਰਮੈਨ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਕੁਲਮੋਹਨ ਸਿੰਘ, ਹਰਵਿੰਦਰ ਸਿੰਘ ਕੇ.ਪੀ. ਹਰਦੇਵ ਸਿੰਘ ਧਨੋਆ, ਚਮਨ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਜਿੰਦਰ ਸਿੰਘ, ਜਸਬੀਰ ਸਿੰਘ ਜੱਸੀ, ਗੁਰਦੇਵ ਸਿੰਘ ਭੋਲਾ, ਜੀਤ ਸਿੰਘ ਅਤੇ ਅਕਾਲੀ ਆਗੂ ਸੁਰਿੰਦਰ ਪਾਲ ਸਿੰਘ ਓਬਰਾਏ, ਜਸਪ੍ਰੀਤ ਸਿੰਘ ਵਿੱਕੀ ਮਾਨ ਤੇ ਵਿਕ੍ਰਮ ਸਿੰਘ ਰੋਹਣੀ ਮੌਜੂਦ ਸਨ।