ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 1984 ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਕਰਣ ਵਾਸਤੇ ਵਿਸ਼ੇਸ਼ ਜਾਂਚ ਟੀਮ ਸੁਪਰੀਮ ਕੋਰਟ ਦੀ ਦੇਖਰੇਖ ਵਿਚ ਬਨਾਉਣ ਦੀ ਮੰਗ ਕੀਤੀ ਹੈ, ਤਾਂਕਿ ਸਾਰੇ ਕੇਸਾ ਦੀ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾ ਸਕਣ। ਰਾਹੁਲ ਗਾਂਧੀ ਵਲੋਂ ਇਕ ਨਿਉਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਦੀ 1984 ਕਤਲੇਆਮ ਵਿਚ ਭੂਮਿਕਾ ਸਵੀਕਾਰ ਕਰਨ ਤੋਂ ਬਾਅਦ ਅੱਜ ਜੀ.ਕੇ. ਨੇ ਨਾਨਾਵਤੀ ਕਮੀਸ਼ਨ 2005 ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੂਲ 587 ਕਤਲੇਆਮ ਨਾਲ ਸਬੰਧਿਤ ਐਫ.ਆਈ.ਆਰ. ਦਿੱਲੀ ਵਿਖੇ ਦਰਜ ਹੋਈਆਂ ਸਨ ਪਰ ਜਿਸ ਵਿਚੋਂ 241 ਕੇਸਾਂ ਨੂੰ ਦਿੱਲੀ ਪੁਲਿਸ ਵਲੋਂ ਸਬੁਤ ਨਾ ਹੋਣ ਦੀ ਗੱਲ ਕਹਿ ਕੇ ਅਦਾਲਤਾਂ ਵਿਚ ਕਾਰਵਾਈ ਲਈ ਪੇਸ਼ ਨਹੀਂ ਕੀਤਾ ਗਿਆ ਸੀ ।
ਜੀ.ਕੇ. ਨੇ 3,000 ਸਿੱਖਾਂ ਦੇ ਸਰਕਾਰੀ ਰਿਕਾਰਡ ਦੇ ਅਨੁਸਾਰ ਕਤਲ ਹੋਣ ਦੀ ਗੱਲ ਕਰਦੇ ਹੋਏ ਕਾਂਗਰਸ ਤੇ ਇਨ੍ਹਾਂ ਕੇਸਾ ਨੂੰ ਦਬਾਉਣ ਦਾ ਦੋਸ਼ ਵੀ ਲਗਾਇਆ। ਸਿੱਖਾਂ ਦੇ ਕਤਲ ਦੇ ਇਲਾਵਾ ਵੱਡੇ ਪੈਮਾਨੇ ਤੇ ਲੋਕਾਂ ਦੇ ਘਾਇਲ ਹੋਣ, ਸੰਪਤੀ ਅਤੇ ਗੱਡੀਆਂ ਨੂੰ ਜਲਾਉਣ ਦੀ ਸੈਂਕੜੋ ਘਟਨਾਵਾਂ ਦੀ ਸਰਕਾਰੀ ਤੰਤ੍ਰ ਵਲੋਂ ਪੁਸ਼ਟੀ ਨਾ ਕਰਨ ਨੂੰ ਵੀ ਉਨ੍ਹਾਂ ਨੇ ਮੰਦਭਾਗਾ ਦੱਸਿਆ। ਕਾਂਗਰਸ ਵਲੋਂ ਕਿਸੇ ਵੀ ਤਰ੍ਹਾਂ ਦੀ ਮਾਫੀ ਮੰਗਣ ਦੀ ਗੱਲ ਨੂੰ ਠੁਕਰਾਉਂਦੇ ਹੋਏ ਉਨ੍ਹਾਂ ਨੇ ਗੁਜਰਾਤ ਦੇ 2002 ਦੇ ਦੰਗੇ ਅਤੇ 1984 ਦੇ ਸਿੱਖ ਕਤਲੇਆਮ ਵਿਚ ਵੱਡੇ ਫਰਕ ਨੂੰ ਵੀ ਪ੍ਰਭਾਸ਼ਿਤ ਕੀਤਾ। ਰੰਗਨਾਥ ਮਿਸ਼੍ਰ ਆਯੋਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ 1 ਨਵੰਬਰ 1984 ਨੂੰ ਸਵੇਰੇ ਦਿੱਲੀ ਵਿਚ ਆਰਮੀ ਬੁਲਾ ਲਿੱਤੀ ਜਾਂਦੀ ਤਾਂ ਸ਼ਾਇਦ 3 ਨਵੰਬਰ ਤਕ ਦਿੱਲੀ ਵਿਚ ਜੋ ਕਤਲੇਆਮ ਹੋਇਆ ਓਹ ਰੂਕ ਸਕਦਾ ਸੀ।
ਰਾਹੁਲ ਗਾਂਧੀ ਅਤੇ ਕਾਂਗ੍ਰੇਸ ਦੀ ਅਗਵਾਈ ਹੇਠ ਯੂ.ਪੀ.ਏ. ਸਰਕਾਰ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦਾ ਆਰੋਪ ਲਗਾਉਂਦੇ ਹੋਏ ਉਨ੍ਹਾਂ ਨੇ ਨਾਂਗਲੋਈ ਥਾਣੇ ਵਿਚ 1992 ਤੋਂ ਜਾਂਚ ਪੂਰੀ ਹੋਣ ਤੋਂ ਬਾਅਦ ਵੀ ਸੱਜਨ ਕੁਮਾਰ ਦੇ ਖਿਲਾਫ ਆਰੋਪ ਪੱਤਰ ਦਿੱਲੀ ਪੁਲਿਸ ਵਲੋਂ ਕੋਰਟ ਵਿਚ ਨਾ ਦਾਖਲ ਹੋਣ ਦੀ ਵੀ ਜਾਣਕਾਰੀ ਦਿੱਤੀ। ਦਿੱਲੀ ਸਰਕਾਰ ਵਲੋਂ ਦਿੱਲੀ ਦੇ ਉਪ ਰਾਜਪਾਲ ਨੂੰ 84 ਮਸਲਿਆਂ ਦੀ ਜਾਂਚ ਵਾਸਤੇ ਵਿਸ਼ੇਸ਼ ਜਾਂਚ ਟੀਮ ਬਨਾਉਣ ਦੀ ਸਹਿਮਤੀ ਦੇਣ ਬਾਰੇ ਪੁੱਛੇ ਗਏ ਸਵਾਲ ਤੇ ਜੀ.ਕੇ. ਨੇ ਸਾਫ ਕੀਤਾ ਕਿ ਦਿੱਲੀ ਕਮੇਟੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਬਨਾਉਣ ਵਾਸਤੇ ਹਰ ਉਸ ਸ਼ਖਸ ਨੂੰ ਮਿਲਣ ਨੂੰ ਤਿਆਰ ਹੈ ਜਿਸ ਦੀ ਸੋਚ ਸਿੱਖ ਕੌਮ ਨੂੰ ਇੰਨਸਾਫ ਦਿਲਵਾਉਣ ਵਾਲੀ ਹੈ ਭਾਵੇਂ ਓਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ।
ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਰਾਹੁਲ ਗਾਂਧੀ ਨੂੰ ਚੁਨੌਤੀ ਦਿੰਦੇ ਹੋਏ ਇਸ ਕਤਲੇਆਮ ਵਿਚ ਸ਼ਾਮਿਲ ਕਾਂਗਰਸ ਨੇਤਾਵਾਂ ਦੇ ਨਾਂ ਦੱਸਣ ਦੇ ਨਾਲ ਉਨ੍ਹਾਂ ਨੂੰ ਦਲ ‘ਚੋ ਕੱਢਣ ਅਤੇ ਕਾਨੂੰਨੀ ਪ੍ਰਕ੍ਰਿਆ ਦਾ ਸਾਮਣਾ ਕਰਵਾਉਣ ਦੀ ਗੱਲ ਕਹਿੰਦੇ ਹੋਏ ਜਾਂਚ ਐਜੰਸੀਆ ਨੂੰ ਰਾਹੁਲ ਗਾਂਧੀ ਤੋਂ ਪੁੱਛ ਪੜਤਾਲ ਕਰਣ ਦੀ ਵੀ ਬੇਨਤੀ ਕੀਤੀ। ਕਾਂਗਰਸ ਪਾਰਟੀ ਵਲੋਂ ਸਿੱਖਾਂ ਦੇ ਖਿਲਾਫ ਖਤਰਨਾਕ ਸੋਚ ਰਖੱਣ ਦਾ ਦਾਅਵਾ ਕਰਦੇ ਹੋਏ ਸੀਨੀਅਰ ਅਕਾਲੀ ਆਗੂ ੳਂਕਾਰ ਸਿੰਘ ਥਾਪਰ ਤੇ ਕੁਲਦੀਪ ਸਿੰਘ ਭੋਗਲ ਨੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਵੱਡੇ ਅਹੁਦਿਆਂ ਨਾਲ ਸਨਾਮਨਿਤ ਕਰਨ ਨੂੰ ਕਾਂਗਰਸ ਦੀ ਕਥਨੀ ਅਤੇ ਕਰਣੀ ਵਿਚ ਵੱਡੇ ਫਰਕ ਦੇ ਤੌਰ ਤੇ ਗਿਣਾਇਆ। ਇਸ ਮੌਕੇ ਤੇ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਲ 30 ਜਨਵਰੀ ਨੂੰ ਕਾਂਗਰਸ ਦਫਤਰ ਤੇ ਵਿਰੋਧ ਪ੍ਰਦਰਸ਼ਣ ਕਰਣ ਦਾ ਵੀ ਏਲਾਨ ਕੀਤਾ ਗਿਆ।
ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਮੈਂਬਰ ਅਮਰਜੀਤ ਸਿੰਘ ਪੱਪੂ, ਕੁਲਮੋਹਨ ਸਿੰਘ, ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ. ਚਮਨ ਸਿੰਘ, ਗੁਰਮੀਤ ਸਿੰਘ ਲੁਬਾਣਾ, ਗੁਰਵਿੰਦਰ ਪਾਲ ਸਿੰਘ, ਦਰਸ਼ਨ ਸਿੰਘ, ਹਰਦੇਵ ਸਿੰਘ ਧਨੋਆ, ਸਤਪਾਲ ਸਿੰਘ, ਬੀਬੀ ਦਲਜੀਤ ਕੌਰ, ਹਰਜਿੰਦਰ ਸਿੰਘ, ਜੀਤ ਸਿੰਘ, ਪਰਮਜੀਤ ਸਿੰਘ ਚੰਢੋਕ, ਐਮ.ਪੀ.ਐਸ. ਚੱਡਾ, ਬੀਬੀ ਧੀਰਜ ਕੌਰ ਤੇ ਅਕਾਲੀ ਆਗੂ ਮਨਜੀਤ ਸਿੰਘ ਗੋਬਿੰਦ ਪੂਰੀ, ਜਸਵਿੰਦਰ ਸਿੰਘ ਜੌਲੀ, ਜਸਪ੍ਰੀਤ ਸਿੰਘ ਵਿੱਕੀਮਾਨ, ਸੁਰਿੰਦਰ ਪਾਲ ਸਿੰਘ ਓਪਰਾਏ ਤੇ ਗੁਰਮੀਤ ਸਿੰਘ ਫੇਡਰੈਸ਼ਨ ਮੌਜੂਦ ਸਨ।