ਵਾਸ਼ਿੰਗਟਨ – ਹਾਊਸ ਆਫ਼ ਰੀਪ੍ਰਜੈਂਟੇਟਿਵ ਅਤੇ ਸੈਨਿਟ ਦੇ ਸੰਯੁਕਤ ਸੈਸ਼ਨ ਦੌਰਾਨ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਈਰਾਨ ਦੇ ਪ੍ਰਮਾਣੂੰ ਪ੍ਰੋਗਰਾਮ ਸਬੰਧੀ ਮਾਮਲੇ ਤੇ ਵਿਸ਼ਵ ਸ਼ਕਤੀਆਂ ਦੇ ਨਾਲ ਖੜ੍ਹੇ ਹੋਣਗੇ। ੳਬਾਮਾ ਨੇ ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਮਰੀਕਾ ਉਸ ਦੇ ਖਿਲਾਫ਼ ਲਗਾਈਆਂ ਗਈਆਂ ਬੰਧਸ਼ਾਂ ਨੂੰ ਹੋਰ ਸਖਤ ਕਰਨ ਲਈ ਵੀਟੋ ਵੀ ਕਰ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਆਪਣੀ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅਮਰੀਕਾ ਆਰਥਿਕ ਮੰਦੀ ਦੀ ਲਪੇਟ ਵਿੱਚੋਂ ਬਾਹਰ ਆ ਰਿਹਾ ਹੈ। ਅਮਰੀਕਾ ਨੇ ਆਪਣਾ ਵਿੱਤੀ ਘਾਟਾ ਅੱਧੇ ਤੋਂ ਵੀ ਵੱਧ ਘੱਟ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗ ਦੇ ਖੇਤਰ ਵਿੱਚ ਅਮਰੀਕਾ ਨੂੰ ਪਹਿਲੇ ਦਰਜੇ ਤੇ ਮੰਨਿਆ ਜਾ ਰਿਹਾ ਹੈ ਨਾਂ ਕਿ ਚੀਨ ਨੂੰ। ਉਨ੍ਹਾਂ ਅਨੁਸਾਰ ਮੰਦੀ ਤੋਂ ਬਾਅਦ ਅਮਰੀਕੀ ਅਰਥਵਿਵਸਥਾ ਪਟੜੀ ਤੇ ਵਾਪਿਸ ਪਰਤ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਪਰਦੂਸ਼ਣ ਘੱਟ ਕਰਨ ਲਈ ਅਮਰੀਕਾ ਨੇ ਸੱਭ ਤੋਂ ਵੱਧ ਕਦਮ ਉਠਾਏ ਹਨ।
ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਈਰਾਨ ਦੇ ਪ੍ਰਮਾਣੂੰ ਪ੍ਰੋਗਰਾਮ ਤੇ ਰੋਕ ਲਗਾਉਣਾ ਅਮਰੀਕੀ ਸੁਰੱਖਿਆ ਦੇ ਨਜ਼ਰੀਏ ਨਾਲ ਬੇਹੱਦ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਜੇ ਸੈਨਿਕ ਕਾਰਵਾਈ ਦੀ ਲੋੜ ਮਹਿਸੂਸ ਹੋਈ ਤਾਂ ਉਸ ਤੋਂ ਵੀ ਪਿੱਛੇ ਨਹੀਂ ਹਟਾਂਗੇ।ਇਸਰਾਈਲ ਨੂੰ ਇਹ ਭਰੋਸਾ ਦਿਵਾਇਆ ਕਿ ਅਮਰੀਕਾ ਦਾ ਸਾਥ ਸਦਾ ਉਸ ਦੇ ਨਾਲ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਾਲ ਅਮਰੀਕਾ ਲਈ ਮਹੱਤਵਪੂਰਣ ਉਪਲੱਭਦੀਆਂ ਵਾਲਾ ਰਹੇਗਾ। ਓਬਾਮਾ ਨੇ ਦੇਸ਼ਵਾਸੀਆਂ ਨਾਲ ਇਹ ਵਾਅਦਾ ਕੀਤਾ ਕਿ ਆਰਥਿਕ ਅਸਮਾਨਤਾ ਨੂੰ ਦੂਰ ਕਰਨ ਲਈ ਜੇ ਉਨ੍ਹਾਂ ਨੂੰ ਕਾਂਗਰਸ ਦੇ ਖਿਲਾਫ਼ ਵੀ ਜਾਣਾ ਪਿਆ ਤਾਂ ਉਹ ਇਸ ਤੋਂ ਗੁਰੇਜ਼ ਨਹੀਂ ਕਰਨਗੇ।