ਲੁਧਿਆਣਾ,(ਪ੍ਰੀਤੀ ਸ਼ਰਮਾ) – ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੇ ਰੇਟ ਵਧਾਉਣ ਸਬੰਧੀ ਆਮ ਲੋਕਾਂ ਦੀ ਰਾਏ ਲੈਣ ਲਈ ਮੀਟਿੰਗਾਂ ਦਾ ਪੰਜਾਬ ਵਿੱਚ ਸਿਲਸਿਲਾ ਸ਼ੁਰੂ ਕੀਤਾ ਹੈ, ਇਨ੍ਹਾਂ ਮੀਟਿੰਗਾਂ ਵਿੱਚ ਵੱਖ-ਵੱਖ ਸਨਅਤੀ ਅਤੇ ਕਿਸਾਨ ਜਥੇਬੰਦੀਆਂ ਅਤੇ ਆਮ ਖਪਤਕਾਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਇਨ੍ਹਾਂ ਮੀਟਿੰਗਾਂ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਸਬੰਧੀ ਪੰਜਾਬ ਰਾਜ ਊਰਜਾ ਨਿਗਮ ਦੇ ਚੀਫ਼ ਇੰਜੀਨੀਅਰ ਰਛਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਮੀਟਿੰਗ ਲੁਧਿਆਣਾ ਵਿਖੇ 3 ਫਰਵਰੀ ਨੂੰ ਮਲਟੀਪਰਪਜ਼ ਹਾਲ, ਪਾਵਰ ਕਾਲੋਨੀ, ਪੀ.ਐਸ.ਪੀ.ਸੀ.ਐਲ. (ਸਾਹਮਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਫਿਰੋਜ਼ਪੁਰ ਰੋਡ) ਲੁਧਿਆਣਾ ਵਿਖੇ 11.30 ਤੋਂ 1.30 ਤੱਕ ਹੋਵੇਗੀ, ਜਦਕਿ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਸਕੱਤਰ ਪੀ.ਪੀ. ਗਰਗ ਨੇ ਦੱਸਿਆ ਕਿ ਇਸ ਤੋਂ ਇਲਾਵਾ ਚੰਡੀਗੜ੍ਹ ਵਿਖੇ ਰੈਗੂਲੇਟਰੀ ਕਮਿਸ਼ਨ ਦੀ ਮੀਟਿੰਗ 5 ਫਰਵਰੀ ਨੂੰ ਸੈਕਟਰ 34 ਏ, ਐਸ.ਸੀ.ਓ. 220/21 ਵਿਖੇ ਹੋਵੇਗੀ। ਜਿਸ ਵਿੱਚ ਸਨੱਅਤੀ ਜਥੇਬੰਦੀਆਂ ਦੀ ਮੀਟਿੰਗ ਸਵੇਰੇ 11 ਵਜੇ ਅਤੇ ਖੇਤੀਬਾੜੀ ਜਥੇਬੰਦੀਆਂ ਦੀ ਮੀਟਿੰਗ ਸ਼ਾਮ 3 ਵਜੇ ਹੋਵੇਗੀ। ਇਸ ਤੋਂ ਇਲਾਵਾ ਜ¦ਧਰ ਵਿਖੇ 6 ਫਰਵਰੀ ਨੂੰ ਰੈਗੂਲੇਟਰੀ ਕਮਿਸ਼ਨ ਦੀ ਮੀਟਿੰਗ 11:30 ਤੋਂ 1:30 ਤੱਕ ਕਾਨਫਰੰਸ ਰੂਮ, ਚੀਫ਼ ਇੰਜੀਨੀਅਰ, ਸ਼ਕਤੀ ਸੰਦਨ ਜਲੰਧਰ ਵਿਖੇ ਹੋਵੇਗੀ। ਇਸੇ ਤਰ੍ਹਾਂ 7 ਫਰਵਰੀ ਨੂੰ ਸਾਰੇ ਵਰਗਾਂ ਦੇ ਖਪਤਕਾਰਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਐਸ.ਸੀ.ਓ. 220 ਅਤੇ 221 ਵਿਖੇ 11 ਤੋਂ 3 ਵਜੇ ਤੱਕ ਹੋਵੇਗੀ ਜਦਕਿ ਬਠਿੰਡਾ ਵਿਖੇ ਸਾਰੇ ਹੀ ਖਪਤਕਾਰਾਂ ਨਾਲ ਸਬੰਧਤ ਮੀਟਿੰਗ 13 ਫਰਵਰੀ ਨੂੰ ਕਾਨਫਰੰਸ ਰੂਮ ਗੈਸਟ ਹਾਊਸ ਥਰਮਲ ਕਾਲੋਨੀ, ਬਠਿੰਡਾ ਵਿਖੇ 11.30 ਤੋਂ 1.30 ਵਜੇ ਤੱਕ ਹੋਵੇਗੀ। ਇਨ੍ਹਾਂ ਮੀਟਿੰਗਾਂ ਵਿੱਚ ਖਪਤਕਾਰਾਂ ਅਤੇ ਵੱਖ-ਵੱਖ ਜਥੇਬੰਦੀਆਂ ਤੋਂ ਬਿਜਲੀ ਦੇ ਰੇਟ ਵਧਾਉਣ ਜਾਂ ਘਟਾਉਣ ਅਤੇ ਬਿਜਲੀ ਪ੍ਰਬੰਧਾਂ ਨੂੰ ਸਚਾਰੂ ਤਰੀਕੇ ਨਾਲ ਚਲਾਉਣ ਲਈ ਸੁਝਾਅ ਮੰਗੇ ਜਾਣਗੇ।
ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਲੋਕਾਂ ਤੋਂ ਬਿਜਲੀ ਰੇਟ ਵਧਾਉਣ ਸਬੰਧੀ ਮੰਗੇ ਇਤਰਾਜ਼
This entry was posted in ਪੰਜਾਬ.