ਦਿੱਲੀ: ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਬਕਾ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ ਦਾ ਸਵਾਗਤ ਕੀਤਾ ਜਿਸ ਰਾਹੀਂ ਦਿੱਲੀ ਲੈਫਟੀਨੈਂਟ ਗਵਰਨਰ ਤੋਂ ਦਿੱਲੀ ਵਿਚ 1984 ਵਿਚ ਸਿੱਖ ਵਿਰੋਧੀ ਦੰਗਿਆਂ ਦੀ ਮੁੜ ਜਾਂਚ ਦੀ ਮੰਗ ਕੀਤੀ । ਪਰ ਸ: ਸਰਨਾ ਨੇ ਸਪੱਸ਼ਟ ਕੀਤਾ ਕਿ ਇਸ ਮੰਗ ਪਿਛੇ ਹੁਣ ਤੱਕ ਇਨ੍ਹਾਂ ਦੰਗਿਆਂ ਦੇ ਸ਼ਕੀ ਵਿਅਕਤੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਤੇ ਅਦਾਲਤਾਂ ਵਿਚ ਚੱਲ ਰਹੇ ਮੁਕੱਦਮਿਆਂ ਦੀ ਕਾਰਵਾਈ ਨੂੰ ਕੁਰਾਹੇ ਪਾਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ । ਇਸ ਲਈ ਇਸ ਜਾਂਚ ਦਾ ਨਿਸ਼ਚਿਤ ਤੇ ਘੱਟੋ-ਘੱਟ ਸਮਾਂ ਨਿਸ਼ਚਿਤ ਹੋਣਾ ਚਾਹੀਦਾ ਹੈ ਜਿਸ ਵਿਚ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਕੇ ਸੀਮਤ ਸਮੇਂ ਵਿਚ ਸਜ਼ਾਵਾਂ ਦੇਣ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ ।
ਸ: ਸਰਨਾ ਨੇ ਆਪਣਾ ਬਿਆਨ ਜਾਰੀ ਰੱਖਦਿਆਂ ਹੋਇਆ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ) 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਾ ਸਮਰਥਨ ਕਰਦਾ ਹੈ ਅੱਤੇ ਨਾਲ ਇਹ ਵੀ ਮੰਗ ਕਰਦਾ ਹੈ ਕਿ 30 ਸਾਲ ਬੀਤ ਜਾਣ ਦੇ ਬਾਅਦ ਵੀ ਸਿੱਖਾਂ ਨੂੰ ਇਨਸਾਫ਼ ਨਾ ਮਿਲਣ ਦੇ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਤੀਹ ਸਾਲਾਂ ਵਿਚ ਕੇਂਦਰ ਤੇ ਦਿੱਲੀ ਸੂਬੇ ਵਿਚ ਕਈ ਪ੍ਰਧਾਨ ਮੰਤਰੀ ਤੇ ਕਈ ਮੁੱਖ ਮੰਤਰੀ ਆਏ । ਇਨ੍ਹਾਂ ਵਿਚ ਉਹ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਰਾਜਸੀ ਪਾਰਟੀਆਂ ਅੱਜ ਇਸ ਸਬੰਧੀ ਹਲਾ-ਗੁਲਾ ਕਰ ਰਹੇ ਹਨ । ਸ: ਸਰਨਾ ਨੇ ਬਾਦਲ ਅਕਾਲੀ ਦਲ ਦੇ ਦੋਗਲੇ ਸਟੈਂਡ ਦੀ ਕੜੀ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਕੇਂਦਰ ਸਰਕਾਰ ਵਿਚ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਕਾਲ ਵਿਚ ਉਹ ਵਜ਼ੀਰੀਆਂ ਮਾਣਦੇ ਰਹੇ, ਪਰ ਉਨ੍ਹਾਂ ਨੇ ਚੁਰਾਸੀ ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਕੋਈ ਵੀ ਯਤਨ ਨਹੀਂ ਕੀਤਾ । ਸ: ਪਰਮਜੀਤ ਸਿੰਘ ਸਰਨਾ ਨੇ ਇਹ ਵੀ ਮੰਗ ਕੀਤੀ ਕਿ ਆਪਰੇਸ਼ਨ ਬਲੂ ਸਟਾਰ ਤੇ ਭਾਰਤ ਵਿਚ ਚੁਰਾਸੀ ਦੇ ਸਿੱਖ ਵਿਰੋਧੀ ਦੰਗਿਆਂ ਵਿਚ ਸਿੱਖ ਵਿਰੋਧੀ ਆਰ.ਐਸ.ਐਸ. ਦੀ ਭੂਮਿਕਾ ਨੂੰ ਵੀ ਬੇਨਕਾਬ ਕੀਤਾ ਜਾਵੇ । ਸ: ਸਰਨਾ ਨੇ ਸਪੱਸ਼ਟ ਕੀਤਾ ਕਿ ਆਪਰੇਸ਼ਨ ਬਲੂ ਸਟਾਰ ਤੇ 84 ਦੇ ਦੰਗਿਆਂ ਵਿਚ ਹਰ ਉਸ ਪਾਰਟੀ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਸਿੱਖ ਵਿਰੋਧੀ ਕਾਰਵਾਈਆਂ ਦਾ ਹਿੱਸਾ ਰਹੇ ਇਸ ਵਿਚ ਕਾਂਗਰਸੀਆਂ ਦੇ ਨਾਲ-ਨਾਲ ਬੀ.ਜੇ.ਪੀ. ਦੀ ਜ਼ਹਿਰੀਲੀ ਭੂਮਿਕਾ ਨੂੰ ਬੇਨਕਾਬ ਕਰਨਾ ਵੀ ਜ਼ਰੂਰੀ ਹੈ ।