ਨਵੀਂ ਦਿੱਲੀ :1984 ਸਿੱਖ ਕਤਲੇਆਮ ਮਾਮਲੇ ਵਿਚ 30 ਸਾਲ ਤੋਂ ਇੰਨਸਾਫ ਦੀ ਤਲਾਸ਼ ਕਰ ਰਹੀ ਸਿੱਖ ਕੌਮ ਵਲੋਂ ਅੱਜ ਕਾਂਗਰਸ ਦੇ ਮੁੱਖ ਦਫਤਰ 24 ਅਕਬਰ ਰੋਡ ਦੇ ਬਾਹਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵਲੋਂ ਪੀੜਤ ਪਰਿਵਾਰਾਂ ਦੇ ਨਾਲ ਮਿਲਕੇ ਸਾਂਝੇ ਤੋੌਰ ਤੇ ਹਜਾਰਾਂ ਕਾਰਕੁੰਨਾ ਦੀ ਮੌਜੂਦਗੀ ਵਿਚ ਜੋਰਦਾਰ ਰੋਸ਼ ਵਿਖਾਵਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਕਰਦੇ ਹੋਏ ਗ੍ਰਿਫਤਾਰੀ ਵੀ ਦਿੱਤੀ ਗਈ।
ਬੀਤੇ ਦਿਨੀ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਇਕ ਟੀ.ਵੀ. ਇੰਟਰਵਿਉ ਦੌਰਾਨ 1984 ਸਿੱਖ ਕਤਲੇਆਮ ਵਿਚ ਕਾਂਗਰਸ ਦੇ ਕੁਝ ਆਗੁੂਆਂ ਦੀ ਸ਼ਮੁਲਿਅਤ ਹੋਣ ਦੇ ਦਾਅਵੇ ਤੋਂ ਬਾਅਦ ਭੜਕੇ ਸਿੱਖ ਸੰਗਠਨਾ ਨੇ ਅੱਜ ਤਕ ਜਾਂਚ ਦੇ ਨਾਂ ਤੇ 10 ਕਮੀਸ਼ਨ ਬਣਾਉਣ ਦੇ ਬਾਅਦ ਇੰਨਸਾਫ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਵਲੋਂ ਨਿਚਲੀਆਂ ਅਦਾਲਤਾ ਨੂੰ ਕਤਲੇਆਮ ਦੇ ਚਲ ਰਹੇ ਮਸਲਿਆਂ ਤੇ 90 ਦਿਨਾਂ ਦੇ ਵਿਚ ਫੈਸਲੇ ਲੇ ਕੇ ਦੋਸ਼ੀਆ ਨੂੰ ਜੇਲ ਭੇਜਣ ਦਾ ਆਦੇਸ਼ ਦੇਣ ਦੀ ਮੰਗ ਵੀ ਕੀਤੀ। ਦਿੱਲੀ ਪੁਲਿਸ ਅਤੇ ਸੀ.ਬੀ.ਆਈ. ਵਲੋਂ ਸਬੂਤਾ ਦੇ ਨਾ ਹੋਣ ਦਾ ਹਵਾਲਾ ਦੇ ਕੇ ਸਿੱਖ ਕਤਲੇਆਮ ਦੇ ਬੰਦ ਕੀਤੇ ਗਏ ਕੇਸਾ ਦੀ ਮੁੜ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਕਰਵਾਉਣ ਦੀ ਵੀ ਵਿਖਾਵਾਕਾਰੀਆਂ ਵਲੋਂ ਮੰਗ ਕੀਤੀ ਗਈ।
ਦਿੱਲੀ ਪੁਲਿਸ ਵਲੋਂ ਲਾਏ ਗਏ ਪਹਿਲੇ ਅੜੇਕੇ ਨੂੰ ਤੋੜਦੇ ਹੋਏ ਵਿਖਾਵਾਕਾਰੀ ਜਦੋ ਦੁੂਜੇ ਅੜੇਕੇ ਤਕ ਪਹੁੰਚੇ ਤਾਂ ਦਿੱਲੀ ਪੁਲਿਸ ਵਲੋਂ ਭਾਰੀ ਪੁਲਿਸ ਬੰਦੋਬਸਤ ਦੇ ਸਹਾਰੇ ਉਨ੍ਹਾਂ ਨੁੰ ਹਿਰਾਸਤ ਵਿਚ ਲੈ ਕੇ ਥਾਣੇ ਭੇਜ ਦਿੱਤਾ ਗਿਆ। ਹੱਥ ਵਿਚ ਕਾਲੇ ਝੰਡੇ ਲਹਿਰਾਉਂਦੇ ਹੋਏ ਵਿਖਾਵਾਕਾਰੀਆਂ ਨੇ ਰਾਹੁਲ ਗਾਂਧੀ ਦੇ ਖਿਲਾਫ ਜਮ ਕੇ ਨਾਰੇਬਾਜੀ ਕਰਦੇ ਹੋਏ ਟਾਇਰ ਵੀ ਸਾੜੇ। ਜਿਸਦੇ ਜਵਾਬ ਵਿਚ ਪੁਲਿਸ ਵਲੋਂ ਪਾਣੀ ਦੀ ਤੇਜ ਬੋਛਾਰਾ ਛੱਡ ਕੇ ਭੀੜ ਨੂੰ ਤਿੱਤਰ-ਬਿਤੱਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਦਿੱਲੀ ਪੁਲਿਸ ਦੀ ਕਾਰਵਾਈ ਨੂੰ ਗੈਰ ਜਰੂਰੀ ਕਰਾਰ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਾਂਗਰਸੀ ਆਗੂਆਂ ਨੂੰ ਬਚਾਉਣ ਵਾਸਤੇ ਸ਼ਾਂਤਮਈ ਪ੍ਰਦਰਸ਼ਣ ਕਰ ਰਹੇ ਲੋਕਾਂ ਤੇ ਪੁਲਿਸਆ ਕਾਰਵਾਈ ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਜਦੋ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧਾਰਾ 144 ਦੀ ਉਲੰਘਣਾ ਕਰਦੇ ਹੋਏ ਰੇਲ ਭਵਨ ਦੇ ਬਾਹਰ 24 ਘੰਟੇ ਧਰਣੇ ਤੇ ਬੈਠਦਾ ਹੈ ਤਾਂ ਦਿੱਲੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਰ ਜਦੋ ਸਿੱਖ ਕੌਮ ਇੰਨਸਾਫ ਦੀ ਆਵਾਜ਼ ਬੁਲੰਦ ਕਰਨ ਵਾਸਤੇ ਪ੍ਰਦਰਸ਼ਣ ਨੂੰ ਮਜਬੂਰ ਹੁੰਦੀ ਹੈ ਤੇ ਦਿੱਲੀ ਪੁਲਿਸ 24 ਮਿਨਟ ਵੀ ਸਬਰ ਨਹੀਂ ਕਰ ਪਾਂਦੀ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਐਲਾਨ ਕੀਤਾ ਕਿ ਸਾਡੀ ਲੜਾਈ ਸਿੱਖ ਕੌਮ ਦੇ ਕਾਤਿਲਾ ਨੂੰ ਸਜਾਵਾਂ ਦਿਵਾਉਣ ਤਕ ਜਾਰੀ ਰਹੇਗੀ।
ਇਸ ਮੌਕੇ ਅਕਾਲੀ ਦਲ ਦੇ ਵਿਧਾਇਕ, ਨਿਗਮ ਪਾਰਸ਼ਦ, ਗੁਰਦੁਆਰਾ ਕਮੇਟੀ ਮੈਂਬਰ ਅਤੇ ਹਜਾਰਾਂ ਕਾਰਕੁੰਨ ਮੌਜੂਦ ਸਨ। ਜਿਸ ਵਿਚ ਪ੍ਰਮੁੱਖ ਹਨ ਤਨਵੰਤ ਸਿੰਘ, ਹਰਮੀਤ ਸਿੰਘ ਕਾਲਕਾ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਭੁਪਿੰਦਰ ਸਿੰਘ ਅਨੰਦ, ਜਤਿੰਦਰ ਸਿੰਘ ਸ਼ੰਟੀ, ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਇੰਦਰਜੀਤ ਸਿੰਘ ਮੌਂਟੀ, ਹਰਵਿੰਦਰ ਸਿੰਘ ਕੇ.ਪੀ., ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਚਮਨ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ, ਜਸਬੀਰ ਸਿੰਘ ਜੱਸੀ, ਕੁਲਦੀਪ ਸਿੰਘ ਸਾਹਨੀ, ਐਮ.ਪੀ.ਐਸ. ਚੱਡਾ, ਗੁਰਵਿੰਦਰ ਪਾਲ ਸਿੰਘ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਜਸਪ੍ਰੀਤ ਸਿੰਘ ਵਿੱਕੀਮਾਨ, ਵਿਕ੍ਰਮ ਸਿੰਘ, ਮਨਜੀਤ ਮਿਘ ਔਲਖ, ਤੇ ਰਵਿੰਦਰ ਸਿੰਘ ਲਵਲੀ।