ਅੰਮ੍ਰਿਤਸਰ : ਸੁਖਵੰਤ ਢੱਡਾ ਦੇ ਟੀ.ਵੀ. ਪ੍ਰੋਗਰਾਮ ‘ਅੱਗ ਦੇ ਕਲੀਰੇ’ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਵਾਦਿਤ ਤਸਵੀਰ ਦਿਖਾਉਣਾ ਬਹੁਤ ਹੀ ਸ਼ਰਮਨਾਕ ਕਾਰਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਫ਼ਤਰ ਤੋਂ ਜਾਰੀ ਪ੍ਰੈੱਸ ਨੋਟ ‘ਚ ਕੀਤਾ।
ਉਨ੍ਹਾਂ ਕਿਹਾ ਕਿ ਦੌਲਤ ਕਮਾਉਣ ਦੀ ਅੰਨ੍ਹੀ ਹੋੜ ‘ਚ ਲੱਗੇ ਸੀਰੀਅਰ ਦੇ ਡਾਇਰੈਕਟਰ ਅਜਿਹਾ ਪ੍ਰੋਗਰਾਮ ਬਨਾਉਣ ਸਮੇਂ ਕਿਸੇ ਧਰਮ ਦੇ ਅਨੁਯਾਈਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨਾ ਵੀ ਭੁੱਲ ਜਾਂਦੇ ਹਨ। ਯਾਦ ਰਹੇ ਕਿ ਇਹ ਵਿਵਾਦਿਤ ਤਸਵੀਰ ਜਿਸ ਵਿੱਚ ਪੈਰਾਂ ਦੇ ਚਿੱਤਰ ਬਣਾ ਕੇ ਉਸ ਵਿੱਚ ਗੁਰੂ ਸਾਹਿਬ ਦੀ ਤਸਵੀਰ ਦਿਖਾਈ ਗਈ ਹੈ, ਇਕ ਸੋਸ਼ਲ ਵੈੱਬਸਾਈਟ ਤੇ ਪਾਈ ਗਈ ਜੋ ਕਿਸੇ ਨਿੱਜੀ ਚੈਨਲ ਗੈਟ ਪੰਜਾਬੀ ਤੇ ਦਿਖਾਏ ਜਾ ਰਹੇ ਪ੍ਰੋਗਰਾਮ ‘ਅੱਗ ਦੇ ਕਲੀਰੇ’ ਵਿੱਚ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੇ ਡਾਇਰੈਕਟਰ ਸੁਖਵੰਤ ਢੱਡਾ ਨੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਡਾਇਰੈਕਟਰ ਸੁਖਵੰਤ ਢੱਡਾ ਪੂਰੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗਦੇ ਹੋਏ ਤੁਰੰਤ ਇਹ ਤਸਵੀਰ ਆਪਣੇ ਪ੍ਰੋਗਰਾਮ ‘ਚੋਂ ਹਟਾਏ, ਨਹੀਂ ਤੇ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਵੀ ਨਿੱਜੀ ਚੈਨਲ ਤੇ ਇਹ ਪ੍ਰੋਗਰਾਮ ਦਿਖਾਇਆ ਜਾ ਰਿਹਾ ਹੈ, ਉਹ ਇਸ ਨੂੰ ਤੁਰੰਤ ਬੰਦ ਕਰੇ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਤੁਰੰਤ ਬੰਦ ਨਾ ਕਰਨ ਦੀ ਸੂਰਤ ਵਿੱਚ ਭਵਿੱਖ ਵਿੱਚ ਨਿਕਲਣ ਵਾਲੇ ਨਤੀਜਿਆਂ ਲਈ ਪ੍ਰੋਗਰਾਮ ਦਾ ਡਾਇਰੈਕਟਰ ਤੇ ਚੈਨਲ ਦੇ ਪ੍ਰਬੰਧਕ ਖੁਦ ਜਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਟੀ.ਵੀ. ਚੈਨਲਾਂ ਜਾਂ ਸਿਨੇਮਾ ਹਾਲ ਵਿੱਚ ਚਲਣਾ ਸੈਂਸਰ ਬੋਰਡ ਦੀ ਨਲਾਇਕੀ ਸਾਬਤ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰ ਡਾਇਰੈਕਟਰ ਆਪਣਾ ਸ਼ੋਅ ਦਿਖਾਉਣ ਤੋਂ ਪਹਿਲਾਂ ਸੈਂਸਰ ਬੋਰਡ ਕੋਲ ਲਿਜਾਵੇ ਅਤੇ ਸੈਂਸਰ ਬੋਰਡ ਉਸ ਨੂੰ ਸਾਰੇ ਪੱਖਾਂ ਤੋਂ ਪਰਖ ਕੇ ਹੀ ਕਿਸੇ ਨੂੰ ਟੀ.ਵੀ. ਚੈਨਲ ਜਾਂ ਸਿਨੇਮਾ ਘਰ ਵਿੱਚ ਦਿਖਾਉਣ ਦੀ ਇਜਾਜ਼ਤ ਦੇਵੇ ਤਾਂ ਜੋ ਕਿਸੇ ਵੀ ਫਿਰਕੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾ ਭੜਕਣ।