ਨਵੀਂ ਦਿੱਲੀ – ਸ. ਹਰਵਿੰਦਰ ਸਿੰਘ ਸਰਨਾ, ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਭੰਗ ਕਰ, ਉਸਦੀ ਥਾਂ ਰੀਸੀਵਰ ਲਾਏ ਜਾਣ ਦੀ ਕੀਤੀ ਗਈ ਮੰਗ ਪੁਰ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਆਖਿਰ ਬਿਲੀ ਥੈਲੇ ਤੋਂ ਬਾਹਰ ਆ ਹੀ ਗਈ ਹੈ। ਸ. ਸਰਨਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਗਿਆਨੀ ਇਕਬਾਲ ਸਿੰਘ ਵਲੋਂ ਪ੍ਰਬੰਧਕ ਕਮੇਟੀ ਨੂੰ ਭੰਗ ਕਰਨ ਦੀ ਮੰਗ ਕੀਤੇ ਜਾਣ ਤੋਂ ਜਾਪਦਾ ਹੈ ਕਿ ਗਿਆਨੀ ਇਕਬਾਲ ਸਿੰਘ ਵਿੱਚ ਸਾਬਕਾ ਮਹੰਤਾਂ ਦੀ ਰੂਹ ਆ ਗਈ ਹੈ, ਜਿਸ ਕਾਰਣ ਉਹ ਤਖਤ ਪਟਨਾ ਸਾਹਿਬ ਦਾ ਮਹੰਤ ਬਣ, ਮਹੰਤਾਂ ਵਰਗੀਆਂ ਹੀ ਆਪਹੁਦਰੀਆਂ ਕਰਨਾ ਚਾਹੁੰਦਾ ਹੈ। ਸ. ਸਰਨਾ ਨੇ ਕਿਹਾ ਕਿ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਸੰਗਤਾਂ ਵਲੋਂ ਚੁਣੀ ਗਈ ਪ੍ਰਤੀਨਿਧ ਕਮੇਟੀ ਹੈ, ਜਿਸਨੂੰ ਭੰਗ ਕਰਨਾ ਜਾਂ ਭੰਗ ਕਰਨ ਦੀ ਮੰਗ ਕਰਨਾ, ਸੰਗਤਾਂ ਦੇ ਲੋਕਤਾਂਤ੍ਰਿਕ ਅਧਿਕਾਰ ਪੁਰ ਛਾਪਾ ਮਾਰਨਾ ਹੈ।
ਸ. ਹਰਵਿੰਦਰ ਸਿੰਘ ਸਰਨਾ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਗਿਆਨੀ ਇਕਬਾਲ ਸਿੰਘ ਵਲੋਂ ਆਪਣੇ ਕੀਤੇ ਗੁਨਾਹ ਲਈ ਮਾਫੀ ਮੰਗਣ ਦੀ ਬਜਾਏ, ਸਮਝੌਤੇ ਲਈ ਸ਼ਰਤਾਂ ਰਖਿਆ ਜਾਣਾ ਅਤੇ ਸ਼ਰਤਾਂ ਨਾ ਮੰਨੇ ਜਾਣ ਤੇ ਪ੍ਰਬੰਧਕ ਕਮੇਟੀ ਨੂੰ ਭੰਗ ਕਰਨ ਦੀ ਮੰਗ ਕਰਨਾ, ਤਾਨਾਸ਼ਾਹੀ ਸੋਚ ਦਾ ਪ੍ਰਤੀਕ ਹੈ, ਜਿਸਨੂੰ ਸਿੱਖ ਪੰਥ ਵਲੋਂ ਕਿਸੇ ਵੀ ਕੀਮਤ ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸ. ਸਰਨਾ ਨੇ ਸ਼ੰਕਾ ਪ੍ਰਗਟ ਕੀਤੀ ਕਿ ਗਿਆਨੀ ਇਕਬਾਲ ਸਿੰਘ ਵਲੋਂ ਇਕ ਪਾਸੇ ਕੁਝ ਸ਼ਰਤਾਂ ਦੇ ਅਧਾਰ ਤੇ ਸਮਝੌਤੇ ਦੀ ਪੇਸ਼ਕਸ਼ ਕਰਨਾ ਅਤੇ ਦੂਸਰੇ ਪਾਸੇ ਉਸ ਵਲੋਂ ਪ੍ਰਬੰਧਕ ਕਮੇਟੀ ਨੂੰ ਭੰਗ ਕਰਨ ਦੀ ਮੰਗ ਕੀਤੇ ਜਾਣ ਦੇ ਪਿਛੇ, ਉਸਦੇ ਆਪਣੇ ਕੀਤੇ ਕੁਕਰਮਾਂ ਅਤੇ ਭ੍ਰਿਸ਼ਟਾਚਾਰ ਦੇ ਨੰਗਿਆਂ ਹੋਣ ਦਾ ਡਰ ਕੰਮ ਕਰ ਰਿਹਾ ਹੈ। ਸ. ਸਰਨਾ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੂੰ ਡਰ ਹੈ ਕਿ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਪ੍ਰਬੰਧਕੀ ਸੁਧਾਰਾਂ ਅਤੇ ਜ਼ਿਮੇਂਦਾਰੀਆਂ ਨੂੰ ਵੰਡਣ ਲਈ ਉਠਾਏ ਜਾ ਰਹੇ ਕਦਮਾਂ ਦੇ ਫਲਸਰੂਪ, ਨਾ ਕੇਵਲ ਉਨ੍ਹਾਂ ਦੀਆਂ ਭ੍ਰਿਸ਼ਟਾਚਾਰੀ ਆਪਹੁਦਰੀਆਂ ਹਰਕਤਾਂ ਤੇ ਰੋਕ ਲਗ ਜਾਇਗੀ, ਸਗੋਂ ਬੀਤੇ ਵਿੱਚ ਕੀਤੇ ਗਏ ਕੁਕਰਮਾਂ ਅਤੇ ਭ੍ਰਿਸ਼ਟਾਚਾਰ ਦੇ ਲਗ ਰਹੇ ਦੋਸ਼ਾਂ ਦੀ ਜਾਂਚ ਹੋਣ ਤੇ ਉਨ੍ਹਾਂ ਦੇ ਪਾਪ ਨੰਗੇ ਹੋ ਜਾਣਗੇ। ਸ. ਸਰਨਾ ਨੇ ਇਹ ਸ਼ੰਕਾ ਵੀ ਪ੍ਰਗਟ ਕੀਤੀ ਕਿ ਸ਼ਾਇਦ ਇਸੇ ਕਾਰਣ ਹੀ ਉਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ, ਜਿਸ ਸਮੇਂ ਭਾਈ ਪ੍ਰਤਾਪ ਸਿੰਘ ਨੂੰ ਤਖਤ ਸਾਹਿਬ ਦੇ ਮੀਤ-ਗ੍ਰੰਥੀ ਦੀਆਂ ਜ਼ਿਮੇਂਦਾਰੀਆਂ ਸੌਂਪੇ ਜਾਣ ਦੀਆਂ ਰਸਮਾਂ ਅਦਾ ਕੀਤੀਆਂ ਜਾ ਰਹੀਆਂ ਸਨ, ਆਪਣੇ ਪੁਤਰਾਂ ਅਤੇ ਕੁਝ ਗੁੰਡਿਆਂ ਨੂੰ ਲੈ ਕੇ ਪ੍ਰਬੰਧਕਾਂ ਪੁਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਇਸੇ ਦੌਰਾਨ ਹੋਈ ਹਥੋਪਾਈ ਵਿੱਚ ਉਹ ਸਟੇਜ ਤੋਂ ਹੇਠਾਂ ਡਿਗ ਜ਼ਖਮੀ ਹੋ ਗਿਆ ਤੇ ਉਸਨੇ ਪੁਲਿਸ ਪਾਸ ਜਾ ਪ੍ਰਬੰਧਕਾਂ ਦੇ ਵਿਰੁਧ ਰਿਪੋਰਟ ਦਰਜ ਕਰਵਾ ਦਿੱਤੀ। ਸ. ਸਰਨਾ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ, ਜੋ ਸਿੱਖੀ ਦੀਆਂ ਮਾਨਤਾਵਾਂ ਅਤੇ ਮਰਿਆਦਾਵਾਂ ਭੰਗ ਕਰ ਪੰਥ ਨੂੰ ਮਜ਼ਾਕ ਦਾ ਵਿਸ਼ਾ ਬਣਾ ਰਿਹਾ ਹੋਵੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਦੇ ਪਵਿਤਰ ਤੇ ਇਤਹਿਾਸਕ ਅਸਥਾਨ, ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਪੁਰ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ।