ਲੁਧਿਆਣਾ, (ਪ੍ਰੀਤੀ ਸ਼ਰਮਾ) : 13 ਤੋਂ 17 ਫਰਵਰੀ ਤੱਥ ਸਥਾਨਕ ਗੁਲਮੋਹਰ ਹੋਟਲ ’ਚ ਆਯੋਜਿਤ ਹੋਣ ਵਾਲੇ 5 ਰੋਜਾ ਇੰਡੋ-ਪਾਕ ਅੰਤਰਰਾਸ਼ਟਰੀ ਐਕਸਪੋ 2014 ਨਾਲ ਦੋਵਾਂ ਮੁਲਕਾਂ ਦੇ ਵਿਚਾਲੇ ਵਪਾਰ, ਸਦਭਾਵਨਾ ਅਤੇ ਸ਼ਾਂਤੀ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਰੀ, ਪੰਜਾਬ ਕਮੇਟੀ ਦੇ ਚੇਅਰਮੈਨ ਰਾਜੀਵ ਬਾਲੀ ਨੇ ਦੱਸਿਆ ਕਿ ਵਪਾਰ ਸਿਰਫ਼ ਵਪਾਰ ਤੱਕ ਹੀ ਸੀਮਿਤ ਨਹੀਂ, ਬਲਕਿ ਦੋਵਾਂ ਗੁਆਂਢੀਆਂ ਵਿਚਾਲੇ ਸੱਦਭਾਵ ਅਤੇ ਸ਼ਾਂਤੀ ਪੈਦਾ ਕਰੇਗਾ। ਇਸ ਐਕਸਪੋ ਨਾਲ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਜੇ ਦੇ ਕਰੀਬ ਆਉਣਗੇ ਅਤੇ ਇਕ-ਦੂਜੇ ਨੂੰ ਸਮਝਣ ਦੇ ਵਧੇਰੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਵਿਚ ਸੀਮਾ ਪਾਰ ਯਾਤਰਾ ’ਚ ਵਾਧਾ ਹੋਇਆ ਹੈ, ਜੋ ਕਿ ਮਹੱਤਵਪੂਰਣ ਹੈ। ਦੋਵਾਂ ਮੁਲਕਾਂ ਵਿਚ ਵਪਾਰ ਦੇ ਕਈ ਗੁਣਾ ਵਾਧੇ ਦੀ ਸੰਭਾਵਨਾ ਹੈ। ਸਰਕਾਰ ਨੇ ਜਿਵੇਂ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ 24 ਘੰਟੇ ਵਪਾਰ ਲਈ ਅਟਾਰੀ-ਬਾਘਾ ਸੀਮਾ ਖੁੱਲੀ ਰੱਖਣ ਨਾਲ ਵਪਾਰ ਵਿਚ ਕਈ ਗੁਣਾ ਵਾਧਾ ਹੋਵੇਗਾ, ਇਕ ਦੂਰ ਅੰਦੇਸ਼ੀ ਸੋਚ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਨਵੀਂ ਦਿਸ਼ਾ ਮਿਲੇਗੀ। ਰਾਉਂਡ ਦ ਕਲਾੱਕ ਚੈਕ ਪੋਸਟ ਖੁੱਲਣ ਨਾਲ ਦੋਵਾਂ ਦੇਸ਼ਾਂ ਦੇ ਵਪਾਰੀ ਉਤਸਾਹਿਤ ਹਨ।
ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਖੇਤਰੀ ਚੇਅਰਮੈਨ ਦਲੀਪ ਸ਼ਰਮਾ ਨੇ ਕਿਹਾ ਹੈ ਕਿ ਜੇਕਰ ਦੋਵਾਂ ਮੁਲਕ ਰੇਲ-ਸੜਕ ਮਾਰਗ ਰਾਹੀਂ ਵਪਾਰ ਨੂੰ ਵਧਾਉਣ ਦੇ ਸਾਂਝੇ ਯਤਨ ਕਰਨ ਤਾਂ ਵਪਾਰ 200 ਫੀਸਦੀ ਤੱਕ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਐਸੋਚੈਮ ਵਲੋਂ ਜਾਰੀ ਰਿਪੋਰਟ ਅਨੁਸਾਰ ਏਕੀਕ੍ਰਤ ਜਾਂਚ ਚੌਕੀ ਸ਼ੁਰੂ ਹੋਣ ਨਾਲ ‘ਮੋਸਟ ਫੇਵਰਡ ਨੇਸ਼ਨ’ ਆਉਣ ਵਾਲੇ ਦੋ ਵਰ੍ਹਿਆਂ ਵਿਚ ਦੋਵਾਂ ਦੇਸ਼ਾਂ ਦੇ ਵਪਾਰ ਨੂੰ ਮੌਜੂਦਾ ਸਮੇਂ 2.6 ਬਿਲਿਅਨ ਡਾਲਰ ਤੋਂ ਵਧਾ ਕੇ 8 ਬਿਲਿਅਨ ਡਾਲਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਸੀਮੇਂਟ, ਜਿਪਸਮ, ਸੁੱਕੇ ਮੇਵੇ, ਸੇਂਧਾ ਨਮਕ ਦਾ ਭਾਰਤ ਨੂੰ ਭਾਰੀ ਮਾਤਰਾ ’ਚ ਆਯਾਤ ਹੁੰਦਾ ਹੈ, ਜਦਕਿ ਭਾਰਤ ਪਾਕਿਸਤਾਨ ਨੂੰ ਮਾਂਸ, ਸਬਜ਼ੀਆਂ, ਸੋਇਆਬੀਨ ਭੋਜਨ, ਕੱਚੀ ਕਪਾਸ, ਧਾਗੇ ਆਦਿ ਦਾ ਨਿਰਯਾਤ ਕਰਦਾ ਹੈ।