ਚੰਡੀਗੜ੍ਹ – “2003 ਵਿਚ ਸਮੁੱਚੀਆਂ ਸਿੱਖ ਜਥੇਬੰਦੀਆਂ ਦੀ ਸਹਿਮਤੀ ਉਪਰੰਤ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੇ ਹੋਏ ਨਾਨਕਸਾਹੀ ਕੈਲੰਡਰ ਜਾਰੀ ਕੀਤਾ ਗਿਆ ਸੀ, ਉਸ ਵਿਚ ਮੁਤੱਸਵੀਆਂ ਅਤੇ ਬਾਦਲ ਦਲੀਆਂ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਵਾਰ-ਵਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਉਹ ਅਸਲੀਅਤ ਵਿਚ ਹਿੰਦੂਤਵ ਤਾਕਤਾਂ ਨੂੰ ਖੁਸ਼ ਕਰਨ ਲਈ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਸਾਜਿ਼ਸਾਂ ਹੋ ਰਹੀਆਂ ਹਨ । ਦੂਸਰਾ ਜੋ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕੁੱਚਲਕੇ ਘੱਟ ਗਿਣਤੀ ਕੌਮਾਂ ਦੇ ਕਾਤਲ ਅਤੇ 60 ਹਜ਼ਾਰ ਸਿੱਖਾਂ ਦਾ ਗੁਜਰਾਤ ਵਿਚੋ ਉਜਾੜਾ ਕਰਨ ਵਾਲੇ ਮੋਦੀ ਨੂੰ ਜੋ ਸ. ਬਾਦਲ ਅਤੇ ਬਾਦਲ ਦਲੀਆਂ ਵੱਲੋਂ ਪੰਜਾਬ ਸੂਬੇ ਦੀ ਪਵਿੱਤਰ ਧਰਤੀ ਉਤੇ ਬੁਲਾਕੇ “ਫ਼ਤਹਿ ਰੈਲੀ” ਰਾਹੀ ਸਿੱਖ ਕੌਮ ਨੂੰ ਚਿੜ੍ਹਾਇਆ ਜਾ ਰਿਹਾ ਹੈ, ਅਜਿਹੀਆਂ ਕਾਰਵਾਈਆਂ ਨਾਲ ਸਮੁੱਚੀ ਸਿੱਖ ਕੌਮ ਬਹੁਤ ਵੱਡੀ ਪ੍ਰੇਸ਼ਾਨੀ ਅਤੇ ਭੰਬਲਭੂਸੇ ਵਾਲੇ ਪਾਸੇ ਜਾ ਰਹੀ ਹੈ । ਜਿਸ ਨਾਲ ਪੈਦਾ ਹੋਣ ਵਾਲੇ ਹਾਲਾਤ ਕਿਸੇ ਪਾਸੇ ਵੀ ਮੁੜ ਸਕਦੇ ਹਨ । ਇਸ ਲਈ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਨੂੰ ਸਾਡੀ ਇਹ ਸੰਜ਼ੀਦਾਂ ਅਪੀਲ ਹੈ ਕਿ ਉਹ ਸਿੱਖ ਕੌਮ ਦੀ ਪਹਿਚਾਣ ਨੂੰ ਕਾਇਮ ਰੱਖਣ ਵਾਲੇ ਨਾਨਕਸਾਹੀ ਕੈਲੰਡਰ ਦੇ ਮੁੱਦੇ ਉਤੇ, ਅੰਗਰੇਜ਼ੀ ਅਖ਼ਬਾਰਾਂ ਵੱਲੋਂ ਪੰਜਾਬ ਦੇ ਸਿਆਸਤਦਾਨਾਂ ਉੱਚ ਪੁਲਿਸ ਅਫ਼ਸਰਸ਼ਾਹੀ ਅਤੇ ਹੋਰਨਾ ਉਤੇ ਖਾੜਕੂਆ ਵੱਲੋ ਹੋਣ ਵਾਲੇ ਹਮਲਿਆਂ ਦੀਆਂ ਖ਼ਬਰਾਂ ਪ੍ਰਕਾਸਿ਼ਤ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਹੋ ਰਹੀਆਂ ਸਾਜਿ਼ਸਾਂ ਅਤੇ ਦਹਿਸ਼ਤ ਉਤਪੰਨ ਕਰਨ ਦੀਆਂ ਸਾਜਿ਼ਸਾਂ ਵਿਰੁੱਧ ਦ੍ਰਿੜਤਾ ਨਾਲ ਸਿੱਖ ਕੌਮ ਦੇ ਬਿਨ੍ਹਾਂ ਤੇ ਸਟੈਂਡ ਲੈਕੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਇਸ ਬੋਝ ਤੋ ਹਲਕਾ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਦਸਤਖ਼ਤਾ ਹੇਠ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੇ ਗਏ ਅਤੇ ਈ.ਮੇਲ, ਕੋਰੀਅਰ ਸੇਵਾ ਦੁਆਰਾ ਭੇਜੇ ਗਏ ਇਕ ਪੱਤਰ ਵਿਚ ਪ੍ਰਗਟਾਏ । ਉਹਨਾਂ ਕਿਹਾ ਕਿ ਉਪਰੋਕਤ ਮੁੱਦਿਆ ਤੋ ਇਲਾਵਾ ਜੋ ਬਲਿਊ ਸਟਾਰ ਦੇ ਫ਼ੌਜੀ ਹਮਲੇ ਸੰਬੰਧੀ ਬਰਤਾਨੀਆ ਦੀ ਸਮੂਲੀਅਤ ਦਾ ਸੰਕੇਤ ਆਇਆ ਹੈ ਅਤੇ ਜੋ ਪੰਜਾਬ ਸੂਬੇ ਵਿਚ ਹੁਕਮਰਾਨਾਂ ਦੀ ਸਰਪ੍ਰਸਤੀ ਹੇਠ ਨਸ਼ੀਲੀਆਂ ਵਸਤਾਂ ਦੇ ਕਾਰੋਬਾਰਾਂ ਰਾਹੀ ਪੰਜਾਬ ਦੀ ਨੌਜ਼ਵਾਨੀ ਨੂੰ ਜ਼ਬਰੀ ਡੂੰਘੀ ਖਾਈ ਵੱਲ ਧਕੇਲ ਕੇ ਇਥੋ ਦੇ ਅਮੀਰ ਵਿਰਸੇ, ਸੱਭਿਆਚਾਰ ਅਤੇ ਇਖ਼ਲਾਕ ਨੂੰ ਸੱਟ ਮਾਰੀ ਜਾ ਰਹੀ ਹੈ । ਰਿਸ਼ਵਤਖੋਰੀ ਰਾਹੀ ਸਭ ਪਾਸੇ ਧਨ,ਦੌਲਤਾ ਨੂੰ ਗੈਰ ਕਾਨੂੰਨੀ ਤਰੀਕੇ ਇਕੱਤਰ ਕਰਕੇ ਇਥੋ ਦੇ ਮਾਹੌਲ ਤੇ ਸਮਾਜ ਨੂੰ ਗੰਧਲਾ ਕੀਤਾ ਜਾ ਰਿਹਾ ਹੈ ਇਹ ਗੰਭੀਰ ਮੁੱਦਿਆ ਉਤੇ ਅੱਜ ਜਥੇਦਾਰ ਸਾਹਿਬਾਨ ਵੱਲੋ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਸੇਧ ਅਨੁਸਾਰ ਜਿਥੇ ਦ੍ਰਿੜਤਾ ਨਾਲ ਸਹੀ ਸਟੈਂਡ ਲੈਣ ਦੀ ਮੰਗ ਕਰਦਾ ਹੈ, ਉਥੇ ਸਮਾਜਿਕ ਬੁਰਾਈਆਂ ਤੋ ਪੰਜਾਬ ਦੀ ਨੌਜ਼ਵਾਨੀ ਅਤੇ ਇਥੋ ਦੇ ਸੱਭਿਆਚਾਰ ਨੂੰ ਬਚਾਉਣ ਹਿੱਤ ਮਜ਼ਬੂਤੀ ਨਾਲ ਕੌਮ ਅਤੇ ਮਨੁੱਖਤਾ ਪੱਖੀ ਉਦਮ ਕਰਨੇ ਬਣਦੇ ਹਨ । ਉਹਨਾਂ ਆਪਣੇ ਪੱਤਰ ਵਿਚ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਅੱਜ ਜਥੇਦਾਰ ਸਾਹਿਬਾਨ ਆਪਣੀਆਂ ਕੌਮੀ, ਸਮਾਜਿਕ, ਇਖ਼ਲਾਕੀ ਅਤੇ ਧਾਰਮਿਕ ਜਿੰਮੇਵਾਰੀਆਂ ਨੂੰ ਸਿਆਸੀ ਪ੍ਰਭਾਵ ਹੇਠ ਪੂਰਨ ਕਰਨ ਤੋ ਖੁੰਝ ਗਏ ਤਾਂ ਜੋ ਕੌਮ ਦਾ ਵੱਡਾ ਨੁਕਸਾਨ ਹੋਵੇਗਾ, ਉਸ ਲਈ ਮੌਜੂਦਾਂ ਜਥੇਦਾਰ ਆਪਣੀ ਜਿੰਮੇਵਾਰੀ ਤੋ ਬੱਚ ਨਹੀਂ ਸਕਣਗੇ । ਇਸ ਲਈ ਇਹ ਜ਼ਰੂਰੀ ਹੈ ਕਿ ਉਹ ਬਿਨ੍ਹਾਂ ਕਿਸੇ ਹਿੰਦੂਤਵ ਹੁਕਮਰਾਨਾਂ, ਮੁਤੱਸਵੀ ਜਮਾਤਾਂ ਅਤੇ ਰਵਾਇਤੀ ਆਗੂਆਂ ਦੇ ਸਿਆਸੀ ਪ੍ਰਭਾਵ ਤੋ ਰਹਿਤ ਰਹਿੰਦੇ ਹੋਏ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਸਹੀ ਦਿਸ਼ਾ ਵੱਲ ਫੈਸਲੇ ਲੈ ਕੇ ਕੌਮ ਨੂੰ ਨਮੋਸ਼ੀ ਅਤੇ ਭੰਬਲਭੂਸੇ ਵਿਚੋ ਕੱਢਣ ਦੀ ਜਿੰਮੇਵਾਰੀ ਨਿਭਾਉਣ ਅਤੇ ਨਾਨਕਸਾਹੀ ਕੈਲੰਡਰ 2003 ਦੀ ਰੋਸ਼ਨੀ ਵਿਚ ਹੀ ਇਸ ਕੈਲੰਡਰ ਨੂੰ ਪੂਰਨ ਰੂਪ ਵਿਚ ਜਾਰੀ ਕਰਨ ਲਈ ਅੱਗੇ ਆਉਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸਾਹਿਬਾਨ ਸਾਡੀ ਚਿੱਠੀ ਵਿਚਲੇ ਦਰਜ ਕੀਤੇ ਗਏ ਕੌਮ ਨਾਲ ਸੰਬੰਧਤ ਗੰਭੀਰ ਮੁੱਦਿਆ ਨੂੰ ਸਹੀ ਦਿਸ਼ਾਂ ਵਿਚ ਉਠਾਉਦੇ ਹੋਏ ਜਿਥੇ ਸਹੀ ਹੱਲ ਕਰਨਗੇ, ਉਥੇ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਕਾਇਮ ਰੱਖਣ ਲਈ ਉਚੇਚੇ ਤੌਰ ਤੇ ਬਿਨ੍ਹਾਂ ਕਿਸੇ ਡਰ-ਭੈ ਤੋ ਉਦਮ ਕਰਦੇ ਰਹਿਣਗੇ । ਸ. ਮਾਨ ਨੇ ਅਖੀਰ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਜਥੇਦਾਰ ਸਾਹਿਬਾਨ ਨੂੰ 12 ਫ਼ਰਵਰੀ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਮਨਾਏ ਜਾ ਰਹੇ 67ਵੇਂ ਜਨਮ ਦਿਹਾੜੇ ਉਤੇ ਸਤਿਕਾਰ ਸਾਹਿਤ ਪਹੁੰਚਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸੰਤ ਜੀ ਨੇ ਕੌਮ ਦੀ ਇੱਜ਼ਤ ਆਬਰੂ ਅਤੇ ਕੌਮੀ ਅਜ਼ਾਦੀ ਲਈ ਕੁਰਬਾਨੀ ਦੇ ਕੇ ਇਕ ਨਵਾਂ ਅਣਖੀਲਾ ਇਤਿਹਾਸ ਰਚਿਆ ਹੈ, ਉਹਨਾਂ ਦੇ ਕੌਮ ਪ੍ਰਤੀ ਸੁਪਨੇ ਨੂੰ ਪੂਰਨ ਕਰਨ ਲਈ ਸਿੱਖ ਕੌਮ ਦੀਆਂ ਆਪ ਜੈਸੀਆਂ ਸਖਸ਼ੀਅਤਾਂ ਨੂੰ ਇਸ ਦਿਹਾੜੇ ਤੇ ਸਭ ਰੁਝੇਵੇ ਪਾਸੇ ਰੱਖਕੇ ਪਹੁੰਚਣਾ ਬਣਦਾ ਹੈ ।