ਚੰਡੀਗੜ੍ਹ- ਅਪਰੇਸ਼ਨ ਬਲੂਸਟਾਰ ਦੌਰਾਨ ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਜੇਲ੍ਹ ਵਿੱਚ ਹੋਣ ਦੇ ਦਾਅਵੇ ਨੂੰ ਕਾਂਗਰਸ ਨੇ ਨਕਾਰਿਆ ਹੈ। ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਉਸ ਸਮੇਂ ਬਾਦਲ ਦੇ ਸਾਥੀ ਰਹੇ ਸੁਰਜੀਤ ਸਿੰਘ ਬਰਨਾਲਾ ਦੀ ਕਿਤਾਬ ‘ ਕਵੈਸਟ ਫਾਰ ਫਰੀਡਮ’ ਦੇ ਚੈਪਟਰ ‘ਪੰਚਮੜ੍ਹੀ-ਡੇਜ਼ ਇਨ ਕਨਫਾਈਂਮੈਂਟ’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਪਰੇਸ਼ਨ ਬਲੂਸਟਾਰ 3 ਜੂਨ ਨੂੰ ਹੋਇਆ ਅਤੇ ਬਾਦਲ ਨੂੰ 10 ਜੂਨ 1984 ਨੂੰ ਪੂਰੇ ਇੱਕ ਹਫ਼ਤੇ ਬਾਅਦ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਨਿਵਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਲ ਹੀ ਵਿੱਚ ਬਾਦਲ ਵੱਲੋਂ ਉਸ ਸਮੇਂ ਜੇਲ੍ਹ ਵਿੱਚ ਹੋਣ ਦੇ ਕੀਤੇ ਗਏ ਦਾਅਵੇ ਦੇ ਸਬੰਧ ਵਿੱਚ ਇਹ ਬਿਆਨ ਦਿੱਤਾ ਸੀ ਕਿ ਐਮਰਜੈਂਸੀ ਦੌਰਾਨ ਪਰਕਾਸ਼ ਸਿੰਘ ਬਾਦਲ ਯੂਪੀ ਦੇ ਇੱਕ ਫਾਰਮ ਹਾਊਸ ਵਿੱਚ ਛੁੱਪ ਕੇ ਬੈਠੇ ਸਨ। ਹੁਣ ਖਹਿਰਾ ਨੇ ਵੀ ਇਹ ਕਿਹਾ ਕਿ ਬਲੂਸਟਾਰ ਤੋਂ ਬਾਅਦ ਬਾਦਲ ਨੇ ਅੰਮ੍ਰਿਤਸਰ ਵੱਲ ਮਾਰਚ ਕਰਨ ਦੀ ਬਜਾਏ ਆਪਣੇ ਚੰਡੀਗੜ੍ਹ ਵਿੱਚਲੇ ਘਰ ਵਿੱਚ ਹੀ ਰਹਿਣਾ ਹੀ ਮਨਾਸਿਬ ਸਮਝਿਆ। ਸੈਨਾ ਦੇ ਨਾਲ ਟਕਰਾਅ ਦੇ ਬਦਲੇ ਉਨ੍ਹਾਂ ਨੇ ਬੜੀ ਹੁਸਿ਼ਆਰੀ ਨਾਲ ਆਪਣੇ ਆਪ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੇ ਅਧੀਨ ਗ੍ਰਿਫ਼ਤਾਰ ਕਰਵਾ ਲਿਆ।
ਸੁਰਜੀਤ ਸਿੰਘ ਬਰਨਾਲਾ ਦੀ ਕਿਤਾਬ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਾਦਲ ਨੂੰ ਪਹਿਲਾਂ ਬੁੜੈਲ ਜੇਲ੍ਹ ਵਿੱਚ ਰੱਖਿਆ ਗਿਆ ਸੀ। ਬਾਅਦ ਵਿੱਚ ਕੁਝ ਚਿਰ ਭੋਪਾਲ ਰੱਖ ਕੇ ਪੰਚਗੜ੍ਹੀ ਲਿਜਾਇਆ ਗਿਆ ਸੀ। ਉਥੇ ਉਹ ਪੰਚਗੜ੍ਹੀ ਦੇ ਟੂਰਿਸਟ ਹੱਟ ਵਿੱਚ ਰਹੇ। ਪੰਚਗੜ੍ਹੀ ਮੱਧਪਰਦੇਸ਼ ਵਿੱਚ ਸਮੁੰਦਰ ਤਲ ਤੋਂ 3200 ਫੁੱਟ ਦੀ ਉਚਾਈ ਤੇ ਬਣਿਆ ਹੋਇਆ ਇੱਕ ਹਿੱਲ ਸਟੇਸ਼ਨ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਨੂੰ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਸੌਂਹ ਚੁੱਕਣ ਲਈ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਤਿਹਾਸ ਗਵਾਹ ਹੈ ਕਿ ਉਹ ਅਕਾਲ ਤਖਤ ਦੇ ਸਾਹਮਣੇ ਵੀ ਝੂਠ ਬੋਲਣ ਤੋਂ ਨਹੀਂ ਡਰਦੇ।