ਚੰਡੀਗੜ੍ਹ- ਸ੍ਰੀ ਦਰਬਾਰ ਸਾਹਿਬ ਤੇ ਹੋਏ ਬਲੂਸਟਾਰ ਅਪਰੇਸ਼ਨ ਨੂੰ ਲੈ ਕੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਸਿਆਸੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਕੈਪਟਨ ਨੇ ਮੀਡੀਆ ਦੇ ਸਾਹਮਣੇ ਇੱਕ ਪੱਤਰ ਪੇਸ਼ ਕਰਕੇ ਸਨਸਨੀ ਫੈਲਾ ਦਿੱਤੀ ਹੈ ਕਿ ਹਰਿਮੰਦਿਰ ਸਾਹਿਬ ਤੇ ਹਮਲਾ ਹੋਣ ਤੋਂ ਸਵਾ ਮਹੀਨਾ ਪਹਿਲਾਂ ਹੀ ਪਰਕਾਸ਼ ਸਿੰਘ ਬਾਦਲ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਸੰਤ ਲੌਂਗੋਵਾਲ ਦੁਆਰਾ ਉਸ ਸਮੇਂ ਦੇਸ਼ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਸਕੱਤਰ ਆਰਕੇ ਧਵਨ ਨੂੰ ਲਿਖਿਆ ਪੱਤਰ ਮੀਡੀਆ ਨੂੰ ਸੌਂਪਿਆ। ਕੈਪਟਨ ਨੇ ਇਹ ਪੱਤਰ ਜਾਰੀ ਕਰਦੇ ਸਮੇਂ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਇਹ ਸਵਾਲ ਕੀਤਾ ਹੈ ਕਿ ਅਪਰੇਸ਼ਨ ਬਲੂ ਸਟਾਰ ਦੇ ਦੌਰਾਨ ਛੁੱਪਣ ਤੋਂ ਪਹਿਲਾਂ ਉਹ ਦਿੱਲੀ ਵਿੱਚ ਇੱਕ ਪਰਮੁੱਖ ਕੇਂਦਰੀ ਮੰਤਰੀ ਨੂੰ ਇੱਕਲਿਆਂ ਨਹੀਂ ਸਨ ਮਿਲੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਪੱਤਰ ਸੰਤ ਲੌਂਗੋਵਾਲ ਦੁਆਰਾ 25 ਅਪਰੈਲ 1984 ਨੂੰ ਧਵਨ ਨੂੰ ਲਿਖਿਆ ਗਿਆ ਸੀ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਪਣਾ ਰਸਤਾ ਛੱਡਣ ਲਈ ਤਿਆਰ ਨਹੀਂ ਹਨ, ਇਸ ਲਈ ਪਹਿਲਾਂ ਬਣਾਈ ਗਈ ਯੋਜਨਾ ਅਨੁਸਾਰ ਹੀ ਅੱਗੇ ਵੱਧਣਾ ਚਾਹੀਦਾ ਹੈ।ਇਸ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਪਹਿਲਾਂ ਹੀ ਧਵਨ ਨਾਲ ਵਿਸਥਾਰਪੂਰਵਕ ਗੱਲ ਕਰ ਲਈ ਹੈ।
ਇੰਦਰਾ ਗਾਂਧੀ ਦੇ ਸਕੱਤਰ ਧਵਨ ਨੂੰ ਸੰਬੋਧਿਤ ਇਸ ਪੱਤਰ ਵਿੱਚ ਅੱਗੇ ਇਹ ਵੀ ਲਿਖਿਆ ਗਿਆ ਹੈ ਕਿ ਸੈਨਾ ਨੂੰ ਵੇਖਦੇ ਹੋਏ ਭਿੰਡਰਾਵਾਲਾ ਅਤੇ ਉਸ ਦੇ ਆਦਮੀ ਦੌੜ ਜਾਣਗੇ। ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਅਤੇ ਪ੍ਰੋ. ਮਨਜੀਤ ਸਿੰਘ ਸਿੱਧੂ ਨੂੰ ਅਮਰੀਕਾ ਜਾਣ ਲਈ ਤਿਆਰ ਕਰ ਲਏ ਜਾਣ ਸਬੰਧੀ ਵੀ ਲਿਖਿਆ ਗਿਆ ਹੈ। ਇਹ ਵੀ ਲਿਖਿਆ ਗਿਆ ਹੈ ਕਿ ਉਹ ਅਮਰੀਕਾ ਜਾਣ ਤੋਂ ਪਹਿਲਾਂ ਧਵਨ ਨੂੰ ਮਿਲਣਗੇ। ਅਮਰੀਕਾ ਨਿਵਾਸੀ ਦੀਦਾਰ ਸਿੰਘ ਬੈਂਸ ਸਮੇਤ ਡਾ. ਜਗਜੀਤ ਸਿੰਘ ਚੌਹਾਨ ਦੁਆਰਾ ਉਨ੍ਹਾਂ ਦੇ ਨਾਲ ਉਥੇ ਕੰਮ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਅੱਗੇ ਲਿਖਿਆ ਹੈ ਕਿ ਉਹ ਅਮਰੀਕਾ ਵਿੱਚ ਵਸਦੇ ਸਿੱਖਾਂ ਨੂੰ ਭਿੰਡਰਾਂਵਾਲਾ ਦਾ ਸਮਰਥੱਣ ਕਰਨ ਤੋਂ ਰੋਕਣਗੇ।
ਵਿਦੇਸ਼ਾਂ ਵਿੱਚ ਵਸਦੇ ਭਿੰਡਰਾਂਵਾਲਾ ਦੇ ਸਮਰਥੱਕਾਂ ਦੀ ਸੂਚੀ ਵੀ ਕੇਂਦਰ ਨੂੰ ਮੁਹਈਆਂ ਕਰਵਾਉਣ ਦੀ ਗੱਲ ਕੀਤੀ ਗਈ ਹੈ। ਸੰਤ ਲੌਂਗੋਵਾਲ ਦੇ ਦਸਤਖਤਾਂ ਸਮੇਤ ਇਸ ਪੱਤਰ ਵਿੱਚ ਇਹ ਉਮੀਦ ਵੀ ਜਾਹਿਰ ਕੀਤੀ ਗਈ ਹੈ ਕਿ ਉਨ੍ਹਾਂ ਦੀ ਯੋਜਨਾ ਸਫਲ ਹੋਵੇਗੀ ਅਤੇ ਮਸਲਾ ਹਲ ਹੋ ਜਾਵੇਗਾ।