ਨਵੀ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸਾਕਾ ਨੀਲਾ ਤਾਰਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲਦੀ ਅਖਬਾਰੀ ਰੱਸਾਕਸ਼ੀ ਨੂੰ ਲੈ ਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲ ਮੰਗ ਕੀਤੀ ਕਿ ਜਥੇਦਾਰ ਸਾਹਿਬ ਸਾਕਾ ਨੀਲਾ ਤਾਰਾ ਦੀ ਜਾਂਚ ਸਾਬਕਾ ਸਿੱਖ ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਜੱਜਾਂ ਦਾ ਇੱਕ ਕਮਿਸ਼ਨ ਸਥਾਪਤ ਕਰਨ ਜਿਹੜਾ ਇਸ ਸਾਕੇ ਲਈ ਜਿੰਮੇਵਾਰ ਵਿਅਕਤੀਆ ਦੀ ਪੜਤਾਲ ਕਰਨ ਦੇ ਨਾਲ ਨਾਲ ਬਾਦਲ ਤੇ ਕੈਪਟਨ ਵੱਲੋ ਇੱਕ ਦੂਸਰੇ ਤੇ ਲਗਾਏ ਜਾ ਰਹੇ ਦੋਸ਼ਾਂ ਦੀ ਜਾਂਚ ਸਮਾਂਬੱਧ ਦੌਰਾਨ ਕਰਕੇ ਅਕਾਲ ਤਖਤ ਨੂੰ ਸੋਪੇ ਅਤੇ ਉਸ ਰੀਪੋਰਟ ਨੂੰ ਜਨਤਕ ਕਰਨ ਲਈ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਤਾਂ ਕਿ ਸੰਗਤਾਂ ਨੂੰ ਬਾਦਲ ਤੇ ਕੈਪਟਨ ਦੀ ਰਹੀ ਭੂਮਿਕਾ ਬਾਰੇ ਸਹੀ ਜਾਣਕਾਰੀ ਮਿਲ ਸਕੇ ਜਦ ਕਿ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਮੁੱਦਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਦੀ ਵਾਪਰੀ ਘਟਨਾ ਨੇ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ ਅਤੇ ਇਸ ਘਟਨਾ ਨੂੰ ਲੈ ਕੇ ਹਾਲੇ ਤੱਕ ਸਹੀ ਤੱਥ ਸਾਹਮਣੇ ਨਹੀ ਆਏ ਕਿ ਇਸ ਨੂੰ ਕਰਵਾਉਣ ਲਈ ਕਿਹੜੀਆ ਕਿਹੜੀਆ ਸ਼ਕਤੀਆ ਜਿੰਮੇਵਾਰ ਹਨ ਭਾਂਵੇ ਕਿ ਭਾਜਪਾ ਦੇ ਲੋਹ ਪੁਰਸ਼ ਵਜੋ ਜਾਣੇ ਜਾਂਦੇ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿੱਚ ਭਾਜਪਾ ਦੀ ਭੂਮਿਕਾ ਸਪੱਸ਼ਟ ਕਰਦਿਆ ਲਿਖਿਆ ਹੈ ਕਿ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਤਾਂ ਸਾਕਾ ਨੀਲਾ ਤਾਰਾ ਕਰਨ ਲਈ ਦੁੱਚਿਤੀ ਵਿੱਚ ਸੀ ਪਰ ਉਹਨਾਂ ਨੇ ਹੀ ਦਬਾ ਪਾ ਕੇ ਇਹ ਸਾਕਾ ਕਰਵਾਇਆ ਸੀ । ਉਹਨਾਂ ਕਿਹਾ ਕਿ ਇਸ ਸਾਕੇ ਲਈ ਬਹੁਤ ਸਾਰੇ ਸਿੱਖ ਲੀਡਰਾਂ ਦੇ ਵੀ ਦੋਸ਼ੀ ਹੋਣ ਦੀ ਚਰਚਾ ਪਾਈ ਜਾ ਰਹੀ ਹੈ ਅਤੇ ਅਤੇ ਸੱਚਾਈ ਸਾਹਮਣੇ ਲਿਆਉਣੀ ਬਹੁਤ ਜਰੂਰੀ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸ੍ਰ ਬਾਦਲ ‘ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਸਾਕਾ ਨੀਲਾ ਤਾਰਾ ਬਾਰੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਹੀ ਪਤਾ ਸੀ ਤੇ ਉਹ ਪੰਜਾਬ ਛੱਡ ਕੇ ਤੱਤਕਾਲੀ ਯੂ.ਪੀ ਦੇ ਤਰਾਈ ਖੇਤਰ ਦੇ ਬਾਜਪੁਰ ਵਿਖੇ ਆਪਣੇ ਫਾਰਮ ਹਾਊਸ ਵਿੱਚ ਚਲੇ ਗਏ ਸਨ ਜਦ ਕਿ ਬਾਦਲ ਦਾ ਕਹਿਣਾ ਹੈ ਕਿ ਉਹ ਉਸ ਸਮੇਂ ਜੇਲ ਵਿੱਚ ਸੀ। ਉਹਨਾਂ ਕਿਹਾ ਕਿ ਇਹ ਵੀ ਸਪੱਸ਼ਟ ਹੋਣਾ ਚਾਹੀਦਾ ਕਿ ਸਿੱਖ ਫੌਜੀਆ ਨੂੰ ਬੈਰਕਾਂ ਛੱਡ ਕੇ ਸ੍ਰੀ ਦਰਬਾਰ ਸਾਹਿਬ ਆਉਣ ਲਈ ਕਿਹੜੇ ਵਿਅਕਤੀ ਨੇ ਕਿਹਾ ਸੀ ਅਤੇ ਜਿਹੜੇ ਸਿੱਖ ਫੌਜੀ ਬੈਰਕਾਂ ਛੱਡ ਕੇ ਆਏ ਸਨ ਉਹਨਾਂ ਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ ਤੇ ਨੌਕਰੀ ਤੋ ਬਰਖਾਸਤ ਕਰ ਦਿੱਤੇ ਗਏ ਸਨ, ਕੀ ਉਹਨਾਂ ਦੇ ਮੁੜ ਵਸੇਬੇ ਲਈ ਪੰਜਾਬ ਦੀ ਪੰਥਕ ਸਰਕਾਰ ਨੇ ਕੋਈ ਸਹਾਇਤਾ ਜਾਂ ਨੌਕਰੀਆ ਦਿੱਤੀਆ ਹਨ ਜਾਂ ਫਿਰ ਉਹ ਅੱਜ ਵੀ ਸੜਕਾਂ ਤੇ ਰੁਲ ਰਹੇ ਹਨ?
ਸ੍ਰ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਸਾਕਾ ਨੀਲਾ ਤਾਰਾ ਸਬੰਧੀ ਜਾਂਚ ਕਰਨ ਲਈ ਸ੍ਰੀ ਅਕਾਲ ਤਖਤ ਦੀ ਨਿਗਰਾਨੀ ਹੇਠ ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਸਾਬਕਾ ਸਿੱਖ ਜੱਜਾਂ ਦਾ ਇੱਕ ਕਮਿਸ਼ਨ ਸਥਾਪਤ ਕਰਨ ਜਿਹੜਾ ਸਾਕਾ ਨੀਲਾ ਤਾਰਾ ਦੀ ਸਮੁੱਚੀ ਰੀਪੋਰਟ ਤਿਆਰ ਕਰਕੇ ਅਕਾਲ ਤਖਤ ਨੂੰ ਸੋਪੇ ਤੇ ਇਸ ਰੀਪੋਰਟ ਦੇ ਆਧਾਰ ਤੋ ਸਭ ਕੁਝ ਸਪੱਸ਼ਟ ਹੋ ਜਾਵੇਗਾ ਕਿ ਸਾਕਾ ਨੀਲਾ ਤਾਰਾ ਦੋਸ਼ੀ ਕੌਣ ਹੈ? ਉਹਨਾਂ ਕਿਹਾ ਕਿ ਇਸ ਕਮਿਸ਼ਨ ਦੀ ਰੀਪੋਰਟ ਦੇ ਆਧਾਰ ਤੇ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਤਾਂ ਕਿ ਸੰਗਤਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ ਕਿ ਸਾਕਾ ਨੀਲਾ ਤਾਰਾ ਦੇ ਪਿੱਛੇ ਕਿਹੜੇ ਕਾਰਨ ਸਨ ਤੇ ਇਸ ਲਈ ਕੌਣ ਕੌਣ ਜਿੰਮੇਵਾਰ ਹੈ।
ਇਸ ਸਬੰਧੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਕੁਝ ਸਮਾਂ ਸੋਚਣ ਤੋਂ ਬਾਅਦ ਕਿਹਾ ਕਿ ਮਾਮਲਾ ਕਾਫੀ ਗੰਭੀਰ ਹੈ ਅਤੇ ਇਸ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਤੇ ਉਹਨਾਂ ਦੀ ਰਾਇ ਲੈਣ ਉਪਰੰਤ ਹੀ ਕਿਸੇ ਕਮੇਟੀ ਜਾਂ ਕਮਿਸ਼ਨ ਦਾ ਗਠਨ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਕਾਂਗਰਸ ਸਰਕਾਰ ਦੀ ਬੱਜਰ ਗਲਤੀ ਸੀ ਜਿਸ ਲਈ ਕਾਂਗਰਸ ਨੂੰ ਸਿੱਖ ਕਦੇ ਵੀ ਮੁਆਫ ਨਹੀ ਕਰ ਸਕਦੇ।