ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦ ਭਾਈ ਵਰਿਆਮ ਸਿੰਘ ਧੰਜੂ, ਕੌਮੀ ਵਿਦਵਾਨ ਬੇਦੀ ਲਾਲ ਸਿੰਘ ਸਾਹਿਤਕਾਰ ਅਤੇ ਸਵ:ਜਥੇਦਾਰ ਰਤਨ ਸਿੰਘ ਅਲਹੌਰਾਂ ‘ਤੇ ਸਵ: ਜਥੇਦਾਰ ਕਸ਼ਮੀਰ ਸਿੰਘ ਛਿਛਰੇਵਾਲ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਜਿਨ੍ਹਾਂ ਤੋਂ ਪੜਦਾ ਹਟਾਉਣ ਦੀ ਰਸਮ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਦਾ ਕੀਤੀ। ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਦੇ ਜਥੇ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਇਕੱਤਰਤਾਵਾਂ ਵਿੱਚ ਕੀਤੇ ਗਏ ਫ਼ੈਸਲੇ ਅਨੁਸਾਰ ਇਹ ਤਸਵੀਰਾਂ ਅੱਜ ਇਥੇ ਸੁਸ਼ੋਭਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮਹਾਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੂਰੋਂ-ਦੂਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਤੇ ਉਨ੍ਹਾਂ ਦੀ ਤਮੰਨਾ ਹੁੰਦੀ ਹੈ ਕਿ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਦਰਸ਼ਨ ਕਰਨ। ਜਿਸ ਵਿੱਚ ਗੁਰੂ ਕਾਲ ਤੋਂ ਲੈ ਕੇ ਅਜ਼ਾਦੀ ਘੁਲਾਟੀਏ, ਸਿੱਖ ਮਿਸਲਾਂ ਦਾ ਸਮਾਂ ਅਤੇ ਪੁਰਾਤਨ ਇਤਿਹਾਸ ਨੂੰ ਦਰਸਾਉਂਦਾ ਬਹੁਮੁੱਲਾ ਸਰਮਾਇਆ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਮਹਾਨ ਸਖ਼ਸ਼ੀਅਤਾਂ ਦੀਆਂ ਤਸਵੀਰਾਂ ਲਗਦੀਆਂ ਹਨ ਜਿਨ੍ਹਾਂ ਕੌਮ ਲਈ ਆਪਣੇ ਖੂਨ ਦੀ ਆਹੂਤੀ ਦੇ ਕੇ ਇਤਿਹਾਸ ਨੂੰ ਸਿਰਜਿਆ ਹੋਵੇ ਜਾਂ ਕਿਸੇ ਸਾਹਿਤਕਾਰ ਨੇ ਆਪਣੀ ਬਹੁਮੁੱਲੀ ਰਚਨਾ ਦੁਆਰਾ ਕੌਮ ਨੂੰ ਉਜਾਗਰ ਕੀਤਾ ਹੋਵੇ ਜਾਂ ਕਿਸੇ ਸਖ਼ਸ਼ੀਅਤ ਨੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਸੁਧਾਰ ਅਤੇ ਪੰਥ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੋਵੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਕੌਮ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ।
ਸਿੰਘ ਸਾਹਿਬ ਨੇ ਕਿਹਾ ਕਿ ਭਾਈ ਵਰਿਆਮ ਸਿੰਘ ਧੰਜੂ ਇੱਕ ਜੁਝਾਰੂ ਯੋਧੇ ਸਨ, ਜਿਨ੍ਹਾਂ ਨੇ ਸਾਕਾ ਨਨਕਾਣਾ ਸਾਹਿਬ ਵਿੱਚ ਸ਼ਹੀਦੀ ਦਾ ਜਾਮ ਪੀਤਾ। ਉਨ੍ਹਾਂ ਨੇ ਜਥੇਦਾਰ ਲਸ਼ਮਣ ਸਿੰਘ ਧਾਰੋਵਾਲੀ ਵੱਲੋਂ ਵਿੱਢੇ ਸੰਘਰਸ਼ ਵਿੱਚ ਹਿੱਸਾ ਲੈ ਕੇ ਕੌਮੀ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਬਜ਼ੁਰਗ ਦਾਨਿਸ਼ਵਰ ਬੇਦੀ ਲਾਲ ਸਿੰਘ ਆਪਣੀ ਸਦੀ ਦੇ ਮੁਕੰਮਲ ਇਤਿਹਾਸ ਸਨ। ਬੇਦੀ ਲਾਲ ਸਿੰਘ ਨੇ ਗੁਰਬਾਣੀ, ਗੁਰਮਤਿ ਸਾਹਿਤ ਤੇ ਇਤਿਹਾਸ ਬਾਰੇ ਪੁਸਤਕਾਂ ਰਚਣ ਤੋਂ ਇਲਾਵਾ ਪੱਤਰਕਾਰੀ, ਸਾਹਿਤਕਾਰੀ ਤੇ ਇਤਿਹਾਸਕਾਰੀ ਲਈ ਬਹੁਤ ਸਾਰਾ ਪ੍ਰਮਾਣਿਕ ਕੰਮ ਕੀਤਾ ਅਤੇ ਉਨ੍ਹਾਂ ਨੂੰ ਅੰਗਰੇਜੀ, ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ, ਪੰਜਾਬੀ, ਹਿੰਦੀ ਤੇ ਉਰਦੂ ਬਹੁ-ਭਾਸ਼ਾਵਾਂ ਦਾ ਗਿਆਨ ਸੀ। ਉਨ੍ਹਾਂ ਨੇ ਆਪਣੀ ਇਸ ਬਹੁ-ਭਾਸ਼ਾਈ ਯੋਗਤਾ ਦੀ ਵਰਤੋਂ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਮਰ ਰਚਨਾਵਾਂ ਨੂੰ ਭਾਸ਼ਾਈ ਵਿਕਾਸ, ਭਾਸ਼ਾਗਤ ਵਖਰੇਵੇਂ ਅਤੇ ਭਾਸ਼ਾਈ ਸੁਹਜ-ਸ਼ਾਸਤਰੀ ਦ੍ਰਿਸ਼ਟੀ ਤੋਂ ਵਿਚਾਰਦੇ ਹੋਏ ਯਾਦਗਾਰੀ ਪੁਸਤਕਾਂ ਦੀ ਰਚਨਾ ਕੀਤੀ। ਬੇਦੀ ਲਾਲ ਸਿੰਘ ਨੂੰ ਇਸ ਵੱਡਮੁੱਲੀ ਦੇਣ ਸਦਕਾ ਹੀ ਰਾਜ ਪੱਧਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਭਾਵਾਂ ਤੇ ਸੰਸਥਾਵਾਂ ਨੇ ਬੇਅੰਤ ਮਾਣ-ਸਨਮਾਨ ਦਿੱਤੇ। ਭਾਈ ਵੀਰ ਸਿੰਘ, ਪ੍ਰੋ:ਪੂਰਨ ਸਿੰਘ ਅਤੇ ਡਾ:ਬਲਬੀਰ ਸਿੰਘ ਵਰਗੇ ਚਿੰਤਕ ਸਾਹਿਤਕਾਰਾਂ ਦੇ ਉੱਤਰਕਾਲੀ ਪੀੜ੍ਹੀ ‘ਚੋਂ ਬੇਦੀ ਲਾਲ ਸਿੰਘ ਉਹ ਵਿਦਵਾਨ ਸਨ ਜਿਨ੍ਹਾਂ ਨੇ ਸਾਰੀ ਉਮਰ ਨਿਰਸਵਾਰਥ ਹੋ ਕੇ ਸਾਹਿਤ ਸਾਧਨਾ ਕੀਤੀ।
ਸਿੰਘ ਸਾਹਿਬ ਨੇ ਜਥੇ: ਰਤਨ ਸਿੰਘ ਅਲਹੌਰਾਂ ਬਾਰੇ ਬੋਲਦਿਆਂ ਕਿਹਾ ਕਿ ਉਹ ਪੰਥ ਦਰਵੇਸ਼ ਆਗੂ ਸਨ। ਉਨ੍ਹਾਂ ਨੇ ਸਿੱਖ ਪੰਥ ਵੱਲੋਂ ਅਰੰਭੇ ਮੋਰਚਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਭਾਵੇਂ ਉਹ ਪੰਜਾਬੀ ਸੂਬੇ ਦਾ ਮੋਰਚਾ, ਐਮਰਜੈਂਸੀ ਦਾ ਮੋਰਚਾ, ਦਿੱਲੀ ਗੁਰਦੁਆਰਾ ਸਾਹਿਬਾਨ ਅਜ਼ਾਦ ਕਰਵਾਉਣ ਦਾ ਮੋਰਚਾ ਜਾਂ ਧਰਮ ਯੁੱਧ ਮੋਰਚਾ ਆਦਿ ਹੋਵੇ। ਉਨ੍ਹਾਂ ਨੇ ਇਸ ਸਮੇਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਵੀ ਕੱਟੀ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਵੀ ਰਹੇ।
ਉਨ੍ਹਾਂ ਨੇ ਜਥੇਦਾਰ ਕਸ਼ਮੀਰ ਸਿੰਘ ਛਿਛਰੇਵਾਲ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਬੋਲਦਿਆਂ ਕਿਹਾ ਕਿ ਉਹ ਇੱਕ ਚੰਗੇ ਤੇ ਸੂਝਵਾਨ ਵਿਅਕਤੀ ਸਨ। ਉਨ੍ਹਾਂ ਨੇ ਲੰਮਾ ਸਮਾਂ ਸਕੂਲ ਅਧਿਆਪਕ ਵਜੋਂ ਵਿੱਦਿਆ ਦੇ ਪ੍ਰਸਾਰ ਲਈ ਸੇਵਾ ਕੀਤੀ। ਉਹ ੧੬ ਸਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹੇ ਅਤੇ ਪਿੰਡ ਦੇ ਸਰਪੰਚ ਵਜੋਂ ਵੀ ਸੇਵਾ ਨਿਭਾਉਂਦੇ ਰਹੇ।
ਸ।ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਉਕਤ ਚਾਰ ਸਖ਼ਸ਼ੀਅਤਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੰਗਤਾਂ ਨੂੰ “ਜੀ ਆਇਆ” ਕਿਹਾ ਅਤੇ ਸਬੰਧਤ ਸਖ਼ਸ਼ੀਅਤਾਂ ਦੇ ਜੀਵਨ ਬਾਰੇ ਭਾਵਪੂਰਵਕ ਅਰਥਾਂ ‘ਚ ਜਾਣਕਾਰੀ ਆਈ ਸੰਗਤ ਨਾਲ ਸਾਝੀਂ ਕੀਤੀ। ਸਟੇਜ ਸਕੱਤਰ ਦੀ ਸੇਵਾ ਸ।ਇਕਬਾਲ ਸਿੰਘ ਮੁਖੀ ਐਡੀ:ਮੈਨੇਜਰ ਨੇ ਨਿਭਾਈ।
ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ।ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ।ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਿਰੋਪਾਓ ਦੇ ਕੇ ਜਥੇਦਾਰ ਵਰਿਆਮ ਸਿੰਘ ਧੰਜੂ ਦੇ ਪਰਿਵਾਰ ‘ਚੋਂ ਉਨ੍ਹਾਂ ਦੇ ਪੋਤਰੇ ਸ।ਕਵਲਜੀਤ ਸਿੰਘ, ਬੀਬੀ ਨਰਿੰਦਰ ਕੌਰ ਤੇ ਸ।ਬਲਕਾਰ ਸਿੰਘ ਨੂੰ ਸਨਮਾਨਿਤ ਕੀਤਾ। ਬੇਦੀ ਲਾਲ ਸਿੰਘ ਸਾਹਿਤਕਾਰ ਦੇ ਪਰਿਵਾਰ ‘ਚੋਂ ਉਨ੍ਹਾਂ ਦੇ ਸਪੁੱਤਰ ਸ।ਹਰਕੇਵਲ ਸਿੰਘ, ਡਾ:ਹਰਚੰਦ ਸਿੰਘ ਬੇਦੀ, ਸ।ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਡਾ।ਨਵਤੇਜ ਸਿੰਘ, ਸ।ਦਿਸ਼ਾਦੀਪ ਸਿੰਘ ਸੂਫ਼ੀ, ਸ।ਰੁਪਿੰਦਰ ਸਿੰਘ ਬੇਦੀ, ਸ।ਜਪੁਜੀਤ ਸਿੰਘ, ਸ।ਮਨਪ੍ਰੀਤ ਸਿੰਘ ਅਤੇ ਸ।ਸਤਨਾਮ ਸਿੰਘ ਕੰਡਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਜਥੇ:ਰਤਨ ਸਿੰਘ ਅਲਹੌਰਾਂ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਿਵਾਰ ‘ਚੋਂ ਉਨ੍ਹਾਂ ਦੇ ਭਰਾਤਾ ਸ।ਦਲੀਪ ਸਿੰਘ, ਸ।ਕਰਤਾਰ ਸਿੰਘ, ਸ।ਕੁਲਦੀਪ ਸਿੰਘ, ਸ।ਗੁਰਜੰਟ ਸਿੰਘ ਅਤੇ ਸ।ਸੱਜਣ ਸਿੰਘ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਪਟਿਆਲਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਜਥੇਦਾਰ ਕਸ਼ਮੀਰ ਸਿੰਘ ਛਿਛਰੇਵਾਲ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਦੇ ਪਰਿਵਾਰ ‘ਚੋਂ ਸ।ਅਮਨਦੀਪ ਸਿੰਘ, ਬੀਬੀ ਬਲਵਿੰਦਰ ਕੌਰ, ਗੁਰਮਨਦੀਪ ਸਿੰਘ, ਡਾ:ਅਮਨਦੀਪ ਕੌਰ, ਡਾ:ਨਵਕਿਰਨ ਸਿੰਘ ਭਿੰਡਰ, ਬੀਬੀ ਗੁਰਕੀਰਤ ਕੌਰ ਤੇ ਸ।ਸੁਖਜੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ।ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸ।ਦਿਲਜੀਤ ਸਿੰਘ ਬੇਦੀ, ਸ।ਕੇਵਲ ਸਿੰਘ ਤੇ ਸ।ਅੰਗਰੇਜ ਸਿੰਘ ਵਧੀਕ ਸਕੱਤਰ, ਸ।ਬਿਜੈ ਸਿੰਘ ਮੀਤ ਸਕੱਤਰ, ਸ।ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ।ਕੁਲਵਿੰਦਰ ਸਿੰਘ ਰਾਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ।ਪ੍ਰਮਦੀਪ ਸਿੰਘ ਇੰਚਾਰਜ, ਸ।ਗੁਰਵਿੰਦਰਪਾਲ ਸਿੰਘ ਤੇ ਸ।ਸੁਖਵਿੰਦਰ ਸਿੰਘ ਚਿੱਤਰਕਾਰ, ਸ।ਲਖਵਿੰਦਰ ਸਿੰਘ ਰੰਧਾਵਾ, ਸ।ਬਲਵਿੰਦਰ ਸਿੰਘ ਬੱਦੋਵਾਲ ਅਤੇ ਸਬੰਧਤਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਰੀ ਗਿੱਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ।