ਅੰਮ੍ਰਿਤਸਰ : ਪਾਕਿਸਤਾਨ ਦੇ ਉੱਤਰ-ਪੱਛਮ ਖੈਬਰ ਪਖਤੂਨਵਾਂ ਸੂਬੇ ’ਚ ਦੋ ਸਿੱਖ ਸ.ਪਵਿੰਦਰ ਸਿੰਘ ਤੇ ਸ.ਨੰਦ ਸਿੰਘ ਸਮੇਤ ਕੁੱਲ 4 ਜਾਣਿਆਂ ਨੂੰ ਅੱਤਵਾਦੀਆਂ ਵੱਲੋਂ ਅਗਵਾ ਕਰਕੇ ਕਿਸੇ ਅਣਦੱਸੀ ਥਾਂ ਤੇ ਲੈ ਜਾਏ ਜਾਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦੀ ਸੁਰੱਖਿਅਤ ਰਿਹਾਈ ਕਰਵਾਈ ਜਾਵੇ ਤੇ ਪਾਕਿਸਤਾਨ ’ਚ ਵੱਸਦੇ ਘੱਟ ਗਿੱਣਤੀ ਸਿੱਖ ਭਾਈਚਾਰੇ ਦੀ ਜਾਨ ਮਾਲ ਦੀ ਸੁਰੱਖਿਅਤ ਯਕੀਨੀ ਬਣਾਈ ਜਾਵੇ।
ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਾਕਿਸਤਾਨ ’ਚ ਸਿੱਖ ਭਾਈਚਾਰਾ ਘੱਟ ਗਿਣਤੀ ’ਚ ਹੈ ਤੇ ਇਥੇ ਵੱਸਦੇ ਸਿੱਖ ਭਾਈਚਾਰੇ ਦੇ ਕਾਰੋਬਾਰੀ ਲੋਕਾਂ ਨੂੰ ਲੁੱਟ ਖਸੁੱਟ ਤੇ ਅਗਵਾ ਦੀਆਂ ਘਟਨਾ ਦਾ ਅਕਸਰ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਅਖਬਾਰੀ ਮਾਧਿਅਮ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਦੋਵੇਂ ਸਿੱਖ ਦਵਾਈਆਂ ਵੇਚਣ ਦਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਪਾਲਦੇ ਸਨ ਜਿਨ੍ਹਾਂ ਨੂੰ ਅੱਤਵਾਦੀਆਂ ਨੇ ਡੇਰਾ ਇਸਮਾਈਲ ਖਾਨ ਜਿਲ੍ਹੇ ਦੇ ਦਾਰਾਬਨ ਨੇੜਿਓ ਅਗਵਾ ਕਰ ਲਿਆ ਗਿਆ ਹੈ, ਜੋ ਘਿਨਾਉਣੀ ਕਾਰਵਾਈ ਹੈ। ਅੱਤਵਾਦੀਆਂ ਵੱਲੋਂ ਕੀਤੀ ਇਸ ਹਰਕਤ ਨਾਲ ਪਾਕਿਸਤਾਨ ’ਚ ਵੱਸਦੇ ਸਿੱਖਾਂ ਅੰਦਰ ਸਹਿਮ ਹੈ ਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਤੁਰੰਤ ਇਨ੍ਹਾਂ ਅਗਵਾ ਕੀਤੇ ਸਿੱਖਾਂ ਦੀ ਭਾਲ ਕਰਕੇ ਸੁਰੱਖਿਅਤ ਰਿਹਾਅ ਕਰਵਾਏ ਤੇ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰੇ।