ਫ਼ਤਹਿਗੜ੍ਹ ਸਾਹਿਬ – “ਅਸੀਂ ਕੁਝ ਦਿਨ ਪਹਿਲੇ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ 1984 ਦੇ ਸਮੇਂ ਪੰਜਾਬ ਦੇ ਗਵਰਨਰ ਪਾਂਡੇ ਨਾਲ ਅਤੇ ਦਿੱਲੀ ਵਿਖੇ ਆਈ.ਬੀ. ਦੇ ਸੇਫ ਹਾਉਸ ਵਿਚ ਉਸ ਸਮੇਂ ਦੇ ਹਿੰਦ ਦੇ ਗ੍ਰਹਿ ਵਜ਼ੀਰ ਸ੍ਰੀ ਨਰਸਿਮਾ ਰਾਓ ਨਾਲ ਬਲਿਊ ਸਟਾਰ ਦੇ ਫ਼ੌਜੀ ਹਮਲੇ ਨੂੰ ਪ੍ਰਵਾਨਗੀ ਦੇਣ ਸੰਬੰਧੀ ਹੋਈਆ ਗੁਪਤ ਮੀਟਿੰਗਾਂ ਦਾ ਵੇਰਵਾ ਦਿੰਦੇ ਹੋਏ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਜਾਣਕਾਰੀ ਦਿੱਤੀ ਸੀ । ਉਸ ਉਪਰੰਤ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੁਦ ਅਤੇ ਉਹਨਾਂ ਦੇ ਕਈ ਵਜ਼ੀਰਾਂ ਵੱਲੋਂ ਪ੍ਰੈਸ ਕਾਨਫਰੰਸਾਂ ਕਰਕੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਫਿਰ ਤੋ ਗੁੰਮਰਾਹ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਗਈਆਂ ਹਨ । ਇਸ ਸੰਬੰਧ ਵਿਚ ਹੋਰ ਵੀ ਕਈ ਸਿਆਸੀ ਆਗੂਆਂ ਨੇ ਜੋ ਉਹਨਾਂ ਕੋਲ ਗੁਪਤ ਮੀਟਿੰਗਾਂ ਦੀ ਜਾਣਕਾਰੀ ਸੀ, ਉਹ ਪ੍ਰੈਸ ਨੂੰ ਦਿੱਤੀ । ਪਰ ਅੱਜ ਇੰਗਲਿਸ ਟ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਵਿਚ 1984 ਸਮੇਂ ਚੰਡੀਗੜ੍ਹ ਦੇ ਰਹੇ ਡਿਪਟੀ ਕਮਿਸ਼ਨਰ ਸ. ਰਘਬੀਰ ਸਿੰਘ ਵੱਲੋਂ ਟ੍ਰਿਬਿਊਨ ਅਦਾਰੇ ਦੇ ਸੀਨੀਅਰ ਪੱਤਰਕਾਰ ਸ੍ਰੀ ਨਵੀਨ ਐਸ.ਗਰੇਵਾਲ ਨਾਲ ਮੁਲਾਕਾਤ ਕਰਕੇ ਜੋ ਸੱਚਾਈ ਸਾਹਮਣੇ ਲਿਆਦੀ ਗਈ ਹੈ ਅਤੇ ਉਹਨਾਂ ਜੋ 27 ਮਾਰਚ 1984 ਨੂੰ ਚੰਡੀਗੜ੍ਹ ਦੇ ਸੈਕਟਰ 2 ਦੀ ਇਕ ਪ੍ਰਾਈਵੇਟ ਕੋਠੀ ਵਿਖੇ ਸੈਟਰ ਦੇ ਉੱਚ ਵਜ਼ੀਰਾਂ ਅਤੇ ਸਕੱਤਰਾ ਨਾਲ ਹੋਈ ਮੀਟਿੰਗ, ਫਿਰ ਇਸ ਗੁਪਤ ਮਿਸਨ ਨੂੰ ਪੂਰਨ ਕਰਨ ਲਈ ਜਾਅਲੀ ਨੰਬਰ ਪਲੇਟ ਲਗਾਈ ਕਾਰ ਰਾਹੀ ਸਵਾਰ ਕਰਕੇ ਇਹਨਾਂ ਅਖੋਤੀ ਅਕਾਲੀ ਆਗੂਆਂ ਨੂੰ ਮੁਲਾਕਾਤ ਕਰਵਾਉਣ, ਫਿਰ 29 ਮਾਰਚ 1984 ਨੂੰ ਅਤੇ ਫਿਰ 21 ਅਪ੍ਰੈਲ 1984 ਨੂੰ ਚੰਡੀਗੜ੍ਹ ਦੇ ਹਵਾਈ ਅੱਡੇ ਤੇ ਉਸੇ ਦਿਨ ਦਿੱਲੀ ਵਿਖੇ ਨਰਸਿਮਾ ਰਾਓ, ਸ. ਪ੍ਰਕਾਸ਼ ਸਿੰਘ ਬਾਦਲ, ਪ੍ਰਣਾਬ ਮੁਖਰਜੀ, ਸ੍ਰੀ ਆਰ. ਕ੍ਰਿਸ਼ਨਾ ਸੁਆਮੀ, ਐਮ.ਐਮ.ਕੇ. ਵਲੀ ਅਤੇ ਮਰਹੂਮ ਇੰਦਰਾ ਗਾਂਧੀ ਦੇ ਸਕੱਤਰ ਪੀ.ਸੀ. ਐਲਗਜਾਂਡਰ, ਗ੍ਰਹਿ ਸਕੱਤਰ ਪ੍ਰੇਮ ਕੁਮਾਰ ਅਤੇ ਕੇਦਰੀ ਵਜ਼ੀਰ ਸਿ਼ਵਸੰਕਰ ਨਾਲ ਹੋਈਆਂ ਮੀਟਿੰਗਾਂ ਦਾ ਖੁਲਾਸਾ ਕੀਤਾ ਹੈ, ਕੀ ਇਸ ਤੱਥਾ ਸਹਿਤ ਸੱਚ ਤੋ ਬਾਅਦ ਵੀ ਕੀ ਸ. ਪ੍ਰਕਾਸ਼ ਸਿੰਘ ਬਾਦਲ ਸਿੱਖ ਕੌਮ ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਅਤੇ ਝੂਠ ਬੋਲਣਾ ਬੰਦ ਕਰ ਦੇਣਗੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਸਿਆਸੀ ਤਾਕਤ ਦੀ ਦੁਰਵਰਤੋ ਕਰਕੇ ਅਤੇ ਕੌਮ ਦੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਸਿਆਸੀ ਤਾਕਤ ਅਤੇ ਹੋਰ ਦੁਨਿਆਵੀ ਲਾਲਸਾਵਾਂ ਰਾਹੀ ਘੇਰਕੇ “ਪੰਥ ਰਤਨ” ਦੇ ਪ੍ਰਾਪਤ ਕੀਤੇ ਗਏ ਖਿਤਾਬ ਵਾਲੀ ਸਖਸ਼ੀਅਤ ਨੂੰ ਸੰਜ਼ੀਦਾਂ ਤੇ ਇਖਲਾਕੀ ਤੌਰ ਤੇ ਜਨਤਕ ਸਵਾਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਿੱਖ ਕੌਮ ਵਿਚ ਪੰਥ ਰਤਨ ਦੀ ਬਹੁਤ ਵੱਡੀ ਉਪਾਧੀ ਹੈ। ਇਹ ਰੁਤਬਾ ਤੇ ਸਨਮਾਨ-ਮਾਣ ਉਸ ਸਖਸ਼ੀਅਤ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਧਾਰਮਿਕ, ਇਖਲਾਕੀ, ਮਨੁੱਖਤਾ ਜਾਂ ਸਮਾਜਿਕ ਤੌਰ ਤੇ ਆਪਣੀ ਜਿੰਦਗੀ ਵਿਚ ਨਿਰਸਵਾਰਥ ਹੋ ਕੇ ਬਹੁਤ ਵੱਡੇ ਉਦਮ ਕੀਤੇ ਹੋਣ । ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਨੂੰ ਪੰਥ ਰਤਨ ਦਾ ਸਨਮਾਨ-ਮਾਣ ਦੇਣ ਵਾਲੇ ਜਥੇਦਾਰ ਸਾਹਿਬਾਨ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਜਾਣਕਾਰੀ ਦੇਣ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਅੱਜ ਤੱਕ ਦੀ ਸਿਆਸੀ ਜਿੰਦਗੀ ਦੌਰਾਨ ਕਿਹੜਾ ਧਾਰਮਿਕ, ਇਖਲਾਕੀ ਜਾਂ ਮਨੁੱਖਤਾ ਪੱਖੀ ਅਜਿਹਾ ਉਦਮ ਕੀਤਾ ਹੈ, ਜਿਸ ਦੇ ਬਦਲੇ ਸ. ਬਾਦਲ ਨੂੰ ਇਹ ਸਨਮਾਨ ਦਿੱਤਾ ਗਿਆ ਹੈ ? ਫਿਰ ਪੰਥ ਰਤਨ ਦਾ ਰੁਤਬਾ ਪ੍ਰਾਪਤ ਕਰਨ ਵਾਲੀ ਕੋਈ ਸਖਸ਼ੀਅਤ ਸਿੱਖ ਕੌਮ ਨਾਲ ਹਰ ਮੋੜ ਤੇ ਧੋਖੇ ਤੇ ਫਰੇਬ ਕਰੇ, ਆਪਣੇ ਆਪ ਨੂੰ ਦੁੱਧ-ਧੋਤਾ ਸਾਬਤ ਕਰਨ ਲਈ ਹਕੂਮਤੀ ਸਾਧਨਾਂ ਅਤੇ ਧਨ-ਦੌਲਤਾ ਦੇ ਖਜਾਨਿਆਂ ਦੀ ਦੁਰਵਰਤੋ ਕਰਕੇ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਰਾਹੀ ਆਪਣੇ ਆਪ ਨੂੰ ਗੈਰ ਦਲੀਲ ਤਰੀਕੇ ਨਿਰਦੋਸ਼ ਸਾਬਤ ਕਰਨ ਦੇ ਢਕਵਾਉਜ ਕਰੇ, ਅਜਿਹਾ ਕਰਨ ਤੋ ਪਹਿਲੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਾਜ਼ਸੀ ਢੰਗਾਂ ਰਾਹੀ ਪ੍ਰਾਪਤ ਕੀਤੇ ਗਏ ਪੰਥ ਰਤਨ ਦੇ ਸਨਮਾਨ ਨੂੰ ਜੇਕਰ ਉਹ ਖੁਦ ਹੀ ਪੰਥ ਦੀ ਝੋਲੀ ਵਿਚ ਵਾਪਿਸ ਕਰ ਦੇਣ ਤਾਂ ਇਹ ਜਿਥੇ ਖ਼ਾਲਸਾ ਪੰਥ ਦੇ ਉੱਚੇ-ਸੁੱਚੇ ਨਿਯਮਾਂ ਅਤੇ ਅਸੂਲਾਂ ਨੂੰ ਮਜ਼ਬੂਤ ਕਰਨ ਦਾ ਵਰਤਾਰਾ ਹੋਵੇਗਾ, ਉਥੇ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਰਦੇ ਉਤੇ ਪਰਦਾ ਪਾਉਣ ਦੇ ਉਹਨਾਂ ਦੇ ਕੀਤੇ ਜਾ ਰਹੇ ਦੁੱਖਦਾਂਇਕ ਅਮਲਾਂ ਦਾ ਵੀ ਅੰਤ ਹੋ ਜਾਵੇਗਾ ।
ਸ. ਮਾਨ ਨੇ ਆਪਣੇ ਖਿਆਲਾਤ ਪ੍ਰਗਟਾਉਦੇ ਹੋਏ ਅੱਗੇ ਚੱਲਕੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਬਾਦਲ ਦਲੀਆਂ ਦੇ ਦੂਜੇ ਨੰਬਰ ਦੇ ਆਗੂਆਂ ਵੱਲੋਂ ਅੱਜ ਸਿੱਖ ਕਤਲੇਆਮ, ਬਲਿਊ ਸਟਾਰ, 25 ਹਜ਼ਾਰ ਅਣਪਛਾਤੀਆਂ ਲਾਸ਼ਾਂ, ਲੰਮੇਂ ਸਮੇਂ ਤੋ ਸੈਕੜਿਆਂ ਦੀ ਗਿਣਤੀ ਵਿਚ ਜੇਲ੍ਹਾਂ ਵਿਚ ਬੰਦੀ ਸਿੱਖ ਨੌਜ਼ਵਾਨਾਂ ਦੀ ਰਿਹਾਈ ਆਦਿ ਮਸਲਿਆ ਨੂੰ ਹੱਲ ਕਰਨ ਲਈ ਉਹਨਾਂ ਨੇ ਸੈਟਰ ਵਿਚ ਆਪਣੇ ਭਾਈਵਾਲਾਂ ਐਨ.ਡੀ.ਏ. ਦੀ ਸਰਕਾਰ ਹੁੰਦੇ ਹੋਏ, ਆਪਣੇ ਦੋਸਤ ਆਈ.ਕੇ. ਗੁਜਰਾਲ ਦੀ ਸਰਕਾਰ ਸਮੇਂ ਅਤੇ ਆਪਣੇ ਬੀਤੇ ਸਮੇਂ 4 ਵਾਰੀ ਇਸੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੁੰਦੇ ਹੋਏ ਹੱਲ ਕਿਉਂ ਨਾ ਕਰਵਾਏ ? ਅੱਜ ਇਹਨਾਂ ਮੁੱਦਿਆ ਉਤੇ ਦਿੱਲੀ ਅਤੇ ਪੰਜਾਬ ਵਿਚ ਚੀਕ-ਚਿਹਾੜਾ ਪਾਕੇ ਕੇਵਲ ਮਗਰਮੱਛ ਦੇ ਹੰਝੂ ਵਹਾਉਣ ਨਾਲ ਤਾਂ ਇਹ ਗੰਭੀਰ ਮਸਲੇ ਹੱਲ ਨਹੀਂ ਹੋ ਜਾਣੇ । ਉਹਨਾਂ ਸ. ਬਾਦਲ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਇਕ ਪਾਸੇ ਸਿੱਖ ਜਿੰਮੀਦਾਰਾਂ ਨੂੰ ਗੁੰਮਰਾਹ ਕਰਕੇ ਵੋਟਾਂ ਵਟੋਰਣ ਦੀ ਨੀਤੀ ਉਤੇ ਅਮਲ ਕਰਦੇ ਹੋ ਅਤੇ ਦੂਸਰੇ ਪਾਸੇ ਗੁਜਰਾਤ ਵਿਚ 60 ਹਜ਼ਾਰ ਉਹਨਾਂ ਜਿੰਮੀਦਾਰ ਜੋ ਬੀਤੇ 50 ਸਾਲਾਂ ਤੋ ਉਥੇ ਸਥਾਪਿਤ ਹੋਏ ਪਏ ਹਨ, ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਉਜਾੜਣ ਵਾਲੇ ਮੁਤੱਸਵੀ ਸੋਚ ਵਾਲੇ ਮੋਦੀ ਨੂੰ 23 ਫ਼ਰਵਰੀ ਨੂੰ ਪੰਜਾਬ ਦੀ ਧਰਤੀ ਤੇ ਬੁਲਾਕੇ ਕੀ ਸਿੱਖ ਕੌਮ ਦੇ ਜਖ਼ਮਾਂ ਉਤੇ ਲੂਣ ਨਹੀਂ ਛਿੜਕ ਰਹੇ ? ਉਹਨਾਂ ਸ. ਬਾਦਲ ਅਤੇ ਬਾਦਲ ਦਲੀਆਂ ਵੱਲੋਂ ਜਥੇਦਾਰ ਸਾਹਿਬਾਨ ਨਾਲ ਮਿਲੀਭੁਗਤ ਕਰਕੇ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਵਾਲੇ ਨਾਨਕਸਾਹੀ ਕੈਲੰਡਰ-2003 ਨੂੰ ਬਿਕ੍ਰਮੀ ਕੈਲੰਡਰ ਵਿਚ ਬਦਲਣ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਕਿਹਾ ਕਿ ਜੇਕਰ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਕੌਮ ਦੀ ਆਣ-ਸਾਨ ਅਤੇ ਉੱਚੇ-ਸੁੱਚੇ ਇਖ਼ਲਾਕ ਦੀ ਗੱਲ ਪਸੰਦ ਨਹੀਂ ਆਉਦੀ ਤਾਂ ਬਿਹਤਰ ਹੋਵੇਗਾ ਕਿ ਉਹ ਸਿੱਖ ਕੌਮ ਦੇ ਪਹਿਰਾਵੇ ਦਾ ਪਹਿਨਿਆ ਹੋਇਆ ਮੁਖੋਟਾ ਉਤਾਰਕੇ ਬੀਜੇਪੀ ਅਤੇ ਆਰ.ਐਸ.ਐਸ. ਦੀ ਟੋਪੀ ਅਤੇ ਧੋਤੀ ਪਹਿਣ ਲੈਣ । ਨਾ ਕਿ ਸਿੱਖ ਕੌਮ ਦੀ ਹਰ ਪੈਰ-ਪੈਰ ਤੇ ਹੇਠੀ ਕਰਵਾਕੇ ਸਿੱਖ ਕੌਮ ਨੂੰ ਨੀਵਾ ਦਿਖਾਉਣ ਵਿਚ ਭਾਗੀਦਾਰ ਬਣਨ । ਸ. ਮਾਨ ਨੇ ਸਿੱਖ ਕੌਮ ਦੇ ਨਾਇਕ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੇ ਗਏ 20ਵੀਂ ਸਦੀ ਦੇ “ਮਹਾਨ ਸਿੱਖ” ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸ੍ਰੀ ਆਨੰਦਪੁਰ ਸਾਹਿਬ ਅਤੇ ਖੰਨੇ ਦੇ ਅਲੋੜ ਪਿੰਡ ਵਿਖੇ ਸਿਵ ਸੈਨਾ ਅਤੇ ਹੋਰ ਹਿੰਦੂਤਵ ਸੰਗਠਨਾਂ ਵੱਲੋਂ ਪੁਤਲੇ ਸਾੜੇ ਜਾਣ ਤੇ ਸਿੱਖ ਮਨਾਂ ਅਤੇ ਆਤਮਾਵਾਂ ਨੂੰ ਡੂੰਘਾਂ ਦੁੱਖ ਪਹੁੰਚਾਉਣ ਦੇ ਹੋ ਰਹੇ ਅਮਲਾਂ ਲਈ ਸ. ਪ੍ਰਕਾਸ਼ ਸਿੰਘ ਬਾਦਲ-ਬੀਜੇਪੀ ਹਕੂਮਤ ਨੂੰ ਮੁੱਖ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਕਿਹਾ ਕਿ ਸਿੱਖ ਕੌਮ ਅਮਨ-ਚੈਨ ਅਤੇ ਜਮਹੂਰੀਅਤ ਦੀ ਉਪਾਸਕ ਹੈ, ਪਰ ਜੇਕਰ ਕੋਈ ਤਾਕਤ ਜਾਂ ਮੁਤੱਸਵੀ ਸੰਗਠਨ ਸਿੱਖ ਕੌਮ ਦੇ ਨਾਇਕਾਂ, ਰਹਿਬਰਾਂ ਪ੍ਰਤੀ ਕੋਈ ਅਜਿਹੀ ਅਪਮਾਨਜਨਕ ਕਾਰਵਾਈ ਕਰਦਾ ਹੈ ਤਾਂ ਸਿੱਖ ਕੌਮ ਇਸ ਨੂੰ ਬਿਲਕੁਲ ਬਰਦਾਸਤ ਨਹੀਂ ਕਰੇਗੀ ਅਤੇ ਜੋ ਤਾਕਤਾਂ ਪੰਜਾਬ ਦੇ ਮਾਹੌਲ ਅਤੇ ਸਿੱਖ ਕੌਮ ਦੀ ਸਤਿਕਾਰਿਤ ਛਬੀ ਨੂੰ ਗੰਧਲਾ ਕਰਨ ਦੀਆਂ ਕੋਸਿ਼ਸ਼ਾਂ ਵਿਚ ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਕਰ ਰਹੀਆਂ ਹਨ ਅਤੇ ਪੰਜਾਬ ਸਰਕਾਰ ਤੇ ਇਥੋ ਦਾ ਪੁਲਿਸ ਪ੍ਰਬੰਧ ਅਜਿਹੀਆਂ ਕਾਰਵਾਈਆਂ ਨੂੰ ਇਕ ਮੂਕ ਦਰਸ਼ਕ ਬਣਕੇ ਵੇਖ ਰਹੇ ਹਨ । ਇਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਸ਼ਰਾਰਤੀ ਫਿਰਕੂ ਲੋਕ ਅਤੇ ਮੌਜੂਦਾਂ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ । ਇਸ ਲਈ ਅਸੀ ਮੰਗ ਕਰਦੇ ਹਾਂ ਕਿ ਸ੍ਰੀ ਆਨੰਦਪੁਰ ਸਾਹਿਬ ਅਤੇ ਅਲੋੜ ਵਿਖੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਐਫ.ਆਈ.ਆਰ. ਦਰਜ ਕਰਦੇ ਹੋਏ ਕਾਨੂੰਨੀ ਕਾਰਵਾਈ ਤੁਰੰਤ ਹੋਵੇ ।