ਨਵੀਂ ਦਿੱਲੀ – ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨਸਭਾ ਵਿੱਚ ਜਨਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਦੇ ਯਤਨ ਵਿੱਚ ਅਸਫਲ ਰਹਿਣ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਵਿਧਾਨ ਸਭਾ ਭੰਗ ਕਰਕੇ ਤੁਰੰਤ ਚੋਣਾਂ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਉਪ ਰਾਜਪਾਲ ਨਜੀਬ ਜੰਗ ਨੂੰ ਭੇਜ ਦਿੱਤਾ ਹੈ। ਕੇਜਰੀਵਾਲ ਸਿਰਫ਼ 49 ਦਿਨ ਹੀ ਸਰਕਾਰ ਚਲਾ ਸਕੇ।
ਦਿੱਲੀ ਸਰਕਾਰ ਨੇ ਜਨਲੋਕਪਾਲ ਬਿੱਲ ਦੇ ਲਈ ਭਗਤ ਰਵੀਦਾਸ ਦੇ ਜਨਮ ਦਿਨ ਦੀ ਛੁੱਟੀ ਦੇ ਬਾਵਜੂਦ ਵਿਧਾਨਸਭਾ ਦਾ ਸੈਸ਼ਨ ਬੁਲਾਇਆ ਸੀ। ਕਾਰਵਾਈ ਸ਼ੁਰੂ ਹੁੰਦਿਆਂ ਹੀ ਉਪਰਾਜਪਾਲ ਨਜੀਬ ਜੰਗ ਵੱਲੋਂ ਵਿਧਾਨਸਭਾ ਸਪੀਕਰ ਐਮ.ਐਸ। ਧੀਰ ਨੂੰ ਭੇਜੇ ਗਏ ਮੈਸਜ਼ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ।ਸਪੀਕਰ ਤੇ ਭਾਜਪਾ ਅਤੇ ਕਾਂਗਰਸ ਵੱਲੋਂ ਭਾਰੀ ਦਬਾਅ ਪੈਣ ਤੇ ਇਹ ਮੈਸਜ਼ ਪੜ੍ਹ ਕੇ ਸੁਣਾਇਆ ਗਿਆ। ਇਸ ਵਿੱਚ ਸਪੱਸ਼ਟ ਤੌਰ ਤੇ ਇਹ ਲਿਖਿਆ ਗਿਆ ਸੀ ਕਿ ਨਿਯਮਾਂ ਅਨੁਸਾਰ ਲੋਕਪਾਲ ਬਿੱਲ ਸਦਨ ਵਿੱਚ ਪੇਸ਼ ਕਰਨ ਤੋਂ ਪਹਿਲਾਂ ਉਸ ਤੇ ਕੇਂਦਰ ਸਰਕਾਰ ਦੀ ਸਹਿਮਤੀ ਲੈਣਾ ਜਰੂਰੀ ਹੈ। ਲੇਕਿਨ ਦਿੱਲੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਅਜਿਹੀ ਸਥਿਤੀ ਵਿੱਚ ਜੇ ਬਿੱਲ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਨੂੰ ਸਵੀਕਾਰ ਨਾਂ ਕੀਤਾ ਜਾਵੇ।ਮੁੱਖਮੰਤਰੀ ਕੇਜਰੀਵਾਲ ਨੇ ਥੋੜੀ ਹੀ ਦੇਰ ਬਾਅਦ ਕਾਂਗਰਸ ਅਤੇ ਬੀਜੇਪੀ ਦੇ ਭਾਰੀ ਵਿਰੋਧ ਦੇ ਬਾਵਜੂਦ ਸਪੀਕਰ ਦੀ ਇਜਾਜ਼ਤ ਨਾਲ ਬਿੱਲ ਪੇਸ਼ ਕਰ ਦਿੱਤਾ ਅਤੇ ਸਪੀਕਰ ਨੇ ਉਸ ਨੂੰ ਸਵੀਕਾਰ ਵੀ ਕਰ ਲਿਆ। ਇਸ ਤੇ ਸਦਨ ਵਿੱਚ ਜਮ ਕੇ ਹੰਗਾਮਾ ਹੋਇਆ ਅਤੇ ਅਜਿਹੇ ਹਾਲਾਤ ਵਿੱਚ ਸਪੀਕਰ ਨੂੰ ਵੋਟਿੰਗ ਕਰਵਾਉਣੀ ਪਈ। ਬਿੱਲ ਪੇਸ਼ ਕੀਤੇ ਜਾਣ ਦੇ ਖਿਲਾਫ਼ 42 ਅਤੇ ਉਸ ਦੇ ਪੱਖ ਵਿੱਚ 27 ਵੋਟ ਪਏ। ਇਸ ਤਰ੍ਹਾਂ ਮੰਨਿਆ ਗਿਆ ਕਿ ਬਿੱਲ ਪੇਸ਼ ਨਹੀਂ ਹੋਇਆ।
ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਵਿੱਚ ਅਸਤੀਫ਼ਾ ਦੇਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਵਿਧਾਨਸਭਾ ਦੀ ਕਾਰਵਾਈ ਵੇਖ ਕੇ ਮਨ ਖੱਟਾ ਹੋ ਗਿਆ ਹੈ। ਇਸ ਤੋਂ ਬਾਅਦ ਵਿਧਾਨਸਭਾ ਅਣਮਿੱਥੇ ਸਮੇਂ ਲਈ ਸਥਗਿਤ ਕਰ ਦਿੱਤੀ ਗਈ। ਕੇਜਰੀਵਾਲ ਨੇ ਇਹ ਆਰੋਪ ਲਗਾਇਆ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਪਾਰਟੀਆਂ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਇਸ਼ਾਰੇ ਤੇ ਅਜਿਹਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਨਾਲ ਲੜਾਂਈ ਕਾਰਣ ਰਾਜਨੀਤੀ ਵਿੱਚ ਉਤਰੇ ਹਨ ਅਤੇ ਇਸ ਲਈ ਉਹ ਇੱਕ ਸਰਕਾਰ ਤਾਂ ਕੀ ਹਜ਼ਾਰ ਵਾਰ ਸਰਕਾਰ ਕੁਰਬਾਨ ਕਰ ਸਕਦੇ ਹਨ।