ਲੁਧਿਆਣਾ,(ਪ੍ਰੀਤੀ ਸ਼ਰਮਾ) -‘‘ਨਸ਼ਾ ਅਤੇ ਭ੍ਰਿਸ਼ਟਾਚਾਰ ਨੇ ਸਾਡੇ ਦੇਸ਼ ਦੀਆਂ ਜੜਾਂ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਜੇ ਪਾਰਟੀ ਨੇ ਮੈਨੂੰ ਮੈਂਬਰ ਪਾਰਲੀਮੈਂਟ ਲੁਧਿਆਣਾ ਸੀਟ ਤੋਂ ਉਮੀਦਵਾਰ ਬਣਾਉਣ ਦਾ ਮਾਣ ਬਖਸ਼ਿਆ ਤਾਂ ਮੈਂ ਨਸ਼ਾ ਰਹਿਤ ਚੋਣ ਲੜਾਂਗਾ।’’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ‘‘ਪੰਜਾਬੀਓ ਜਾਗੋ, ਨਸ਼ੇ ਤਿਆਗੋੂ ਮੁਹਿੰਮ ਦੇ ਸਰਪ੍ਰਸਤ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਮੁੱਲਾਂਪੁਰ ਦਫਤਰ ਵਿਖੇ ਬੁਲਾਈ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਨੇ ਦੇਸ਼ ਦੀ ਤਰੱਕੀ ਦਾ ਮੁੱਢ ਬੰਨਣਾ ਹੈ। ਕਹਿਣੀ ਤੇ ਕਰਨੀ ਦੇ ਪ੍ਰਪੱਕ ਨੌਜਵਾਨ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਨਸ਼ਾ ਮੁਕਤ ਚੋਣ ਲੜਨ ਦੀ ਗੱਲ ਨੂੰ ਦੁਹਰਾਉਂਦਿਆਂ ਕਿਹਾ ਕਿ ਵੋਟਰ ਚੰਗੇ ਅਕਸ ਵਾਲੇ ਉਮੀਦਵਾਰ ਨੂੰ ਹੀ ਵੋਟ ਪਾਉਣ। ਉਹਨਾਂ ਇਹ ਵੀ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਮੈਂ ਹੀ ਚੋਣ ਲੜਾਂ, ਪਾਰਟੀ ਉਮੀਦਵਾਰ ਕੋਈ ਵੀ ਹੋਵੇ ਚੋਣ ਨਸ਼ਾ ਮੁਕਤ ਹੀ ਲੜੀ ਜਾਵੇਗੀ ਅਤੇ ਵੋਟਰ ‘‘ਪੰਜਾਬੀਓ ਜਾਗੋ, ਨਸ਼ੇ ਤਿਆਗੋੂ ਮੁਹਿੰਮ ’ਤੇ ਪਹਿਰਾ ਦਿੰਦਿਆਂ ਇੱਕ ਨਰੋਏ ਸਮਾਜ ਦੀ ਸਿਰਜਨਾ ਲਈ ਸਾਡਾ ਸਾਥ ਦੇਣ ਤਾਂ ਜੋ ਨਸ਼ੇ ਅਤੇ ਭ੍ਰਿਸ਼ਟਾਚਾਰ ਵਰਗੇ ਕੋਹੜ ਨੂੰ ਜੜੋਂ ਪੁੱਟਿਆ ਜਾ ਸਕੇ। ਵਿਧਾਇਕ ਮਨਪ੍ਰੀਤ ਇਆਲੀ ਨੇ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਪ੍ਰਤੀ ਕੀਤੇ ਕੰਮਾਂ ਅਤੇ ਪਾਰਟੀ ਦੇ ਏਜੰਡੇ ਨੂੰ ਮੁੱਖ ਰੱਖ ਕੇ ਚੋਣ ਲੜਨ ਨਾ ਕਿ ਨਸ਼ੇ ਨੂੰ ਮੁੱਖ ਰੱਖ ਕੇ।