ਜੈਪੁਰ- ਲੋਕ ਸਭਾ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਇਸ ਸਮੇਂ ਸਿਖਰਾਂ ਤੇ ਚਲ ਰਿਹਾ ਹੈ। ਸਾਰੀਆਂ ਰਾਜਸੀ ਪਾਰਟੀਆਂ ਇਸ ਚੋਣ ਦੰਗਲ ਵਿਚ ਆਪਣਾ ਪੂਰਾ ਜੋਰ ਲਗਾ ਰਹੀਆਂ ਹਨ। ਰਾਹੁਲ ਗਾਂਧੀ ਵੀ ਇਸ ਸਮੇਂ ਰਾਜਸਥਾਨ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਅਮੀਰਾਂ ਦੀ ਪਾਰਟੀ ਹੈ। ਕਾਂਗਰਸ ਪਾਰਟੀ ਅਤੇ ਭਾਜਪਾ ਦੀ ਸੋਚ ਵਿਚ ਬਹੁਤ ਫਰਕ ਹੈ। ਭਾਜਪਾ ਕੁਝ ਅਮੀਰਾਂ ਨੂੰ ਵੇਖ ਕੇ ਭਾਰਤ ਨੂੰ ਚਮਕਦਾ ਹੋਇਆ ਮੰਨ ਰਹੀ ਹੈ। ਦੂਸਰੇ ਪਾਸੇ ਕਾਂਗਰਸ ਆਮ ਆਦਮੀ ਦੀ ਪਾਰਟੀ ਹੈ, ਜਿਸਦੀ ਸੋਚ ਇਹ ਹੈ ਕਿ ਦੇਸ਼ ਵਿਚ ਉਨਤੀ ਅਤੇ ਤਬਦੀਲੀ ਦੇ ਲਈ ਕਮਜੋਰ, ਗਰੀਬ, ਮਜ਼ਦੂਰ, ਕਿਸਾਨ, ਪਿੱਛੜੇ ਵਰਗ ਅਤੇ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਹੋਵੇਗਾ। ਰਾਜਸਥਾਨ ਵਿਚ ਲੋਕ ਸੱਭਾ ਦੀਆਂ 25 ਸੀਟਾਂ ਹਨ। ਪਿੱਛਲੀਆਂ ਚੋਣਾਂ ਵਿਚ ਕਾਂਗਰਸ ਨੇ ਸਿਰਫ ਚਾਰ ਸੀਟਾਂ ਹੀ ਜਿਤੀਆਂ ਸਨ। ਇਸ ਵਾਰ ਕਾਂਗਰਸ ਦੀ ਸਥਿਤੀ ਚੰਗੀ ਮੰਨੀ ਜਾ ਰਹੀ ਹੈ। ਰਾਹੁਲ ਨੇ ਕਿਹਾ ਕਿ ਅਡਵਾਨੀ ਨੂੰ ਸਵਿਸ ਬੈਂਕ ਵਿਚ ਪਿਆ ਪੈਸਾ ਚੋਣਾਂ ਸਮੇਂ ਹੀ ਯਾਦ ਆਇਆ। ਰਾਜਸਥਾਨ ਵਿਚ ਉਨ੍ਹਾਂ ਦੀ ਸਰਕਾਰ ਵਲੋਂ ਕੀਤਾ ਗਿਆ ਭ੍ਰਿਸ਼ਟਾਚਾਰ ਅਡਵਾਨੀ ਨੂੰ ਯਾਦ ਨਹੀਂ ਆਇਆ। ਉਸ ਬਾਰੇ ਕੋਈ ਵੀ ਗੱਲ ਨਹੀਂ ਕਰਦੇ।
ਕਾਂਗਰਸ ਦੇ ਜਰਨਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਅਤੇ ਭਾਜਪਾ ਦੀ ਸੋਚ ਵਿਚ ਬਹੁਤ ਅੰਤਰ ਹੈ। ਭਾਜਪਾ ਨੇ ਪਿੱਛਲੀ ਵਾਰ ਦੀਆਂ ਚੋਣਾਂ ਵਿਚ ਨਾਅਰਾ ਦਿਤਾ ਸੀ, ਇੰਡੀਆ ਸ਼ਾਈਨਿੰਗ, ਇਸ ਦਾ ਮਤਲੱਬ ਭਾਰਤ ਚਮਕ ਰਿਹਾ ਹੈ। ਉਨ੍ਹਾਂ ਨੇ ਗਰੀਬਾਂ ਦੇ ਘਰਾਂ ਵੱਲ ਨਹੀਂ ਵੇਖਿਆ ਅਤੇ ਲੋਕਾਂ ਨੇ ਇਸਦਾ ਜਵਾਬ ਉਨ੍ਹਾਂ ਨੂੰ ਚੋਣਾਂ ਵਿਚ ਦਿਤਾ। ਕਾਂਗਰਸ ਆਪਣੀਆਂ ਨੀਤੀਆਂ ਗਰੀਬਾਂ ਨੂੰ ਅਤੇ ਹੋਰ ਸਾਰੇ ਵਰਗਾਂ ਨੂੰ ਧਿਆਨ ਵਿਚ ਰੱਖ ਕੇ ਬਣਾਉਂਦੀ ਹੈ। ਸਾਡਾ ਨਾਅਰਾ ਆਮ ਆਦਮੀ ਦਾ ਨਾਅਰਾ ਹੁੰਦਾ ਹੈ।