ਲੁਧਿਆਣਾ :- ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਸਕੱਤਰ ਅਤੇ ਵਿਧਾਨ ਸਭਾ ਹਲਕਾ ਕੇਂਦਰੀ ਦੇ ਮੁਖੀ ਸੰਜੇ ਕਪੂਰ ਦੀ ਅਗਵਾਈ ਵਿੱਚ ਕਰੀਮਪੁਰਾ ਬਜ਼ਾਰ ਵਿਖੇ ਇਕ ਵਿਸ਼ਾਲ ਚੋਣ ਜਲਸੇ ਦਾ ਆਯੋਜਨ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਭਾਜਪਾ ਦੇ ਸੀਨੀਅਰ ਆਗੂ ਸਤਪਾਲ ਗੋਸਾਈਂ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਦਾ ਕੁਨਬਾ ਬਿਖਰ ਚੁੱਕਾ ਹੈ ਅਤੇ ਯੂ.ਪੀ.ਏ. ਗੱਠਜੋੜ ਦੇ ਵੱਖੋ ਵੱਖਰੇ ਦਲ ਕਾਂਗਰਸ ਨਾਲੋਂ ਵੱਖ ਹੋਕੇ ਆਪੋ ਆਪਣੀ ਡਫਲੀ ਵਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਾਲੂ ਐਂਡ ਕੰਪਨੀ, ਸ਼ਰਦ ਪਵਾਰ ਐਂਡ ਕੰਪਨੀ ਅਤੇ ਰਾਮ ਬਿਲਾਸ ਐਂਡ ਕੰਪਨੀ ਪ੍ਰਧਾਨ ਮੰਤਰੀ ਪਦ ਤੇ ਸੁਸ਼ੋਭਿਤ ਹੋਣ ਲਈ ਪੱਬਾਂ ਭਾਰ ਹਨ। ਜਦਕਿ ਐਨ.ਡੀ.ਏ. ਗੱਠਜੋੜ ਦੇ ਸਮੂਹ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਇਕ ਮਤ ਹਨ। ਅੱਜ ਦੇਸ਼ ਦੀ ਜਨਤਾ ਨੂੰ ਵੀ ਭਾਜਪਾ ਦੀ ਅਗਵਾਈ ਵਿੱਚ ਪੂਰਨ ਤੌਰ ਤੇ ਭਰੋਸਾ ਹੈ ਅਤੇ ਸਮੁੱਚਾ ਦੇਸ਼ ਸ਼੍ਰੀ ਅਡਵਾਨੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖਣ ਲਈ ਬੇਚੈਨ ਹੈ। ਚੋਣ ਜਲਸੇ ਨੂੰ ਵਿਧਾਇਕ ਹਰੀਸ਼ ਬੇਦੀ, ਮਦਨ ਲਾਲ ਬੱਗਾ, ਸੰਜੇ ਕਪੂਰ, ਜ਼ਿਲ੍ਹਾ ਭਾਜਪਾ ਦੇ ਮੀਡੀਆ ਇੰਚਾਰਜ ਰਾਕੇਸ਼ ਗੌਤਮ, ਕਮਲ ਚੇਟਲੀ, ਸੋਨੀ ਗਾਲਿਬ, ਅਮਰਜੀਤ ਮਦਾਨ, ਗੁਰਦੀਪ ਸਿੰਘ ਨੀਟੂ, ਆਲਮ ਸਿੰਘ ਚਾਵਲਾ, ਕਰਤਾਰ ਸਿੰਘ ਚਾਵਲਾ, ਮਹਿੰਦਰ ਸਿੰਘ ਮੁਖੀ ਨੇ ਵੀ ਸੰਬੋਧਨ ਕੀਤਾ। ਇਸ ਚੌਣ ਜਲਸੇ ਵਿੱਚ ਸ਼ਾਮਿਲ ਹੋਏ ਹਰ ਵਰਗ ਦੇ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਇਹ ਸੰਕਲਪ ਲਿਆ ਕਿ ਉਹ 13 ਮਈ ਨੂੰ ਇੱਕ ਇੱਕ ਵੋਟ ਗਾਲਿਬ ਨੂੰ ਜਿਤਾਉਣ ਲਈ ਪਾਉਣਗੇ।