ਲੁਧਿਆਣਾ,(ਪ੍ਰੀਤੀ ਸ਼ਰਮਾ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਭਰ ਵਿੱਚ ਸਥਾਪਿਤ ਕੀਤੇ ਗਏ 108 ਪੁਲਿਸ ਸਾਂਝ ਕੇਂਦਰ, ਲੁਧਿਆਣਾ ਦੇ ਮਾਡਲ ਟਾਉਨ ਵਿਖੇ ਇੱਕ ਸਾਂਝ ਕੇਂਦਰ ਦੇ ਉਦਘਾਟਨ ਨਾਲ ਪੰਜਾਬ ਵਾਸੀਆਂ ਨੂੰ ਸਮਰਪਿਤ ਕਰ ਦਿੱਤੇ ਗਏ ਹਨ। ਅੱਜ ਇੱਥੇ ਨਹਿਰੂ ਸਿਧਾਂਤ ਕੇਂਦਰ ਵਿਖੇ ਇਹਨਾਂ ਪੁਲਿਸ ਸਾਂਝ ਕੇਂਦਰਾਂ ਨੂੰ ਸ਼ੁਰੂ ਕਰਨ ਬਾਰੇ ਕਰਵਾਏ ਗਏ ਰਾਜ ਪੱਧਰ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਾਝ ਕੇਂਦਰਾਂ ਦੀ ਸਥਾਪਨਾ ਦਾ ਮਕ’ਸਦ ਲੋਕਾਂ ਨੂੰ ਪੁਲਿਸ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨਿਰਧਾਰਤ ਸਮੇਂ ਵਿੱਚ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਪ੍ਰਦਾਨ ਕਰਨਾ ਹੈ। ਉਹਨਾਂ ਕਿਹਾ ਕਿ ‘ਜਦ ਮੈਂ ਗ੍ਰਹਿ ਮੰਤਰੀ ਵੱਜੋਂ ਅਹੁਦਾ ਸੰਭਾਲਿਆ ਸੀ ਤਾਂ ਉਸ ਸਮੇਂ ਲੋਕ ਥਾਣਿਆਂ ਵਿੱਚ ਜਾਣ ਤੋਂ ਡਰਦੇ ਸਨ ਅਤੇ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਪੁਲਿਸ ਪ੍ਰਤੀ ਧਾਰਨਾ ਅਤੇ ਪੁਲਿਸ ਦੇ ਕੰਮ-ਕਾਜ਼ੀ ਤਰੀਕਿਆਂ ਨੂੰ ਬਦਲਣਾ ਇੱਕ ਚੁਣੌਤੀ ਵੱਜੋਂ ਲਿਆ ਗਿਆ ਸੀ’। ਸਾਂਝ ਕੇਂਦਰਾਂ ਨੂੰ ਪੰਜਾਬ ਸਰਕਾਰ ਦੀ ਵੱਡੀ ਸਫ਼ਲਤਾ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪਾਕਿਸਤਾਨੀ ਪੰਜਾਬ ਅਤੇ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਵੀ ਸਾਂਝ ਕੇਂਦਰਾਂ ਨੂੰ ਅਪਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਿਸ਼ਵ-ਕਬੱਡੀ ਕੱਪ ਦੌਰਾਨ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਮੀਆਂ ਸਹਿਬਾਜ਼ ਸਰੀਫ਼ ਵੱਲੋਂ ਲੁਧਿਆਣਾ ਵਿਖੇ ਇੱਕ ਸਾਂਝ ਕੇਂਦਰ ਦਾ ਦੌਰਾ ਕੀਤਾ ਗਿਆ ਸੀ ਅਤੇ ਉਹ ਸਾਂਝ ਕੇਂਦਰਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਵੱਲੋਂ ਇੱਕ ਟੀਮ ਪੰਜਾਬ ਭੇਜੀ ਜਾ ਰਹੀ ਹੈ, ਜੋ ਕਿ ਇਹਨਾਂ ਦੀ ਪਾਕਿਸਤਾਨ ਵਿੱਚ ਸਾਂਝ ਕੇਂਦਰਾਂ ਦੀ ਸਥਾਪਨਾ ਬਾਰੇ ਜਾਣਕਾਰੀ ਪ੍ਰਾਪਤ ਕਰੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਵੀ ਸਾਂਝ ਕੇਂਦਰਾਂ ਦੀ ਸਥਾਪਨਾ ਨੂੰ ਯੋਜਨਾਬੰਦੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਅਗਲੇ ਇੱਕ ਸਾਲ ਦੌਰਾਨ ਸੂਬੇ ਭਰ ਵਿੱਚ ਪੇਪਰ ਰਹਿਤ ਪ੍ਰਸ਼ਾਸ਼ਨ ਦੇਣ ਦਾ ਵਾਅਦਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਆਮ ਲੋਕਾਂ ਨੂੰ ਮਿਲਦੀਆਂ 147 ਸੇਵਾਵਾਂ ਆਨ-ਲਾਈਨ ਮਹੁੱਈਆ ਕਰਵਾਈਆਂ ਜਾਣਗੀਆਂ, ਜਿਸ ਸਬੰਧੀ ਪ੍ਰਕਿਰਿਆ ਮਾਨਸਾ ਅਤੇ ਮੋਹਾਲੀ ਤੋਂ ਸ਼ੁਰੂ ਹੋ ਗਈ ਹੈ।
ਉਹਨਾਂ ਕਿਹਾ ਕਿ ਕੁੱਝ ਲੋਕ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋਕਪਾਲ ਦੀ ਗੱਲ ਕਰਦੇ ਹਨ, ਪਰ ਭ੍ਰਿਸ਼ਟਾਚਾਰ ਇਕੱਲੇ ਲੋਕਪਾਲ ਨਾਲ ਖਤਮ ਨਹੀਂ ਹੋ ਸਕਦਾ, ਸਗੋਂ ਇਸ ਲਈ ਸਾਰੀ ਵਿਵਸਥਾ ਦੇ ਕੰਪਿਊਟਰੀਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਤਦ ਜਨਮ ਲੈਂਦਾ ਹੈ, ਜਦ ਆਮ ਵਿਅਕਤੀ ਸਰਕਾਰੀ ਅਧਿਕਾਰੀਆਂ ਦੇ ਸੰਪਰਕ ਵਿੱਚ ਆਉਂਦਾ ਹੈ, ਜਦ ਕਿ ਪੰਜਾਬ ਸਰਕਰ ਵੱਲੋਂ ਲੋਕਾਂ ਨੂੰ ਰੋਜ਼-ਮੱਰਾ ਦੀਆਂ ਸੇਵਾਵਾਂ ਆਨ-ਲਾਈਨ ਦੇਣ ਨਾਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਗਰੇਜ਼ਾਂ ਦੇ ਸਮੇਂ ਦੇ ਲਾਗੂ ਕੀਤੇ ਕੁਝ ਕਾਨੂੰਨਾਂ ਨੂੰ ਵੀ ਬਦਲਿਆ ਜਾ ਰਿਹਾ ਹੈ, ਕਿਉਂ ਜੋ ਉਹ ਵੇਲਾ ਵਹਾਅ ਚੁੱਕੇ ਹਨ। ਸ. ਬਾਦਲ ਨੇ ਦੱਸਿਆ ਕਿ ਸਾਂਝ ਕੇਂਦਰਾਂ ਵਿੱਚ ਇਸ ਵਕਤ 3085 ਮੁਲਾਜ਼ਮ ਕੰਮ ਕਰ ਰਹੇ ਹਨ, ਜਿਨਾਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਹੈ। ਅੱਜ ਸ਼ੁਰੂ ਕੀਤੇ ਗਏ 108 ਸਾਂਝ ਕੇਂਦਰਾਂ ਨਾਲ ਪੰਜਾਬ ਵਿੱਚ ਹੁਣ ਕੁੱਲ 254 ਸਾਂਝ ਕੇਂਦਰ ਹੋ ਗਏ ਹਨ, ਜਿੰਨਾਂ ਵਿੱਚੋਂ 93 ਸਬ-ਡਵੀਜ਼ਨ ਪੱਧਰ ‘ਤੇ ਅਤੇ 161 ਪੁਲਿਸ ਸਟੇਸ਼ਨ ਪੱਧਰ ‘ਤੇ ਮੌਜੂਦ ਹਨ। ਉਹਨਾਂ ਕਿਹਾ ਕਿ ਹੁਣ ਤੱਕ 25 ਲੱਖ ਤੋਂ ਵੱਧ ਲੋਕਾਂ ਨੂੰ ਸਾਂਝ ਕੇਂਦਰਾਂ ਰਾਹੀਂ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕਆਂ ਹਨ ਅਤੇ ਸਾਂਝ ਕੇਂਦਰਾਂ ਰਾਹੀਂ ਸੇਵਾ ਪ੍ਰਦਾਨ ਕਰਨ ਦੀ ਸਫ਼ਲਤਾ ਦਰ 99.63 ਪ੍ਰਤੀਸ਼ਤ ਹੈ।
ਸ. ਬਾਦਲ ਵੱਲੋਂ ਇਸ ਮੌਕੇ ਸਾਂਝ ਕੇਂਦਰਾਂ ਦੀ ਸਥਾਪਨਾ ਵਿੱਚ ਮਹੱਤਵਪੂਰਨ ਰੋਲ ਅਦਾ ਕਰਨ ਵਾਲੇ 7 ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿੰਨਾ ਵਿੱਚ ਆਈ.ਪੀ.ਐਸ ਕੁਲਦੀਪ ਸਿੰਘ, ਆਈ.ਪੀ.ਐਸ ਪਰਮਜੀਤ ਸਿਘ ਗਿੱਲ, ਆਈ.ਪੀ.ਐਸ. ਹਰਸ਼ ਬਾਂਸਲ, ਏ.ਐਸ.ਆਈ ਦਰਬਾਰਾ ਸਿੰਘ, ਪ੍ਰਿਤਪਾਲ ਸਿੰਘ ਸੀ.ਈ.ਓ ਅਤੇ ਹਰਵਿੰਦਰ ਸਿੰਘ ਤੇ ਦਲਜੀਤ ਸਿੰਘ (ਦੋਵੇਂ ਆਰਕੀਟੇਕਟ) ਹਨ। ਉਪ ਮੁੱਖ ਮੰਤਰੀ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਸਾਂਝ ਕੇਂਦਰਾਂ ਵਿੱਚ ਬਿਹਤਰੀਨ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਪਿੱਛੋਂ ਪੱਤਰਕਾਰਾਂ ਵੱਲੋਂ ਅੰਮ੍ਰਿਤਸਰ ਵਿਖੇ ਵਾਪਰੇ ਘਟਨਾ-ਕ੍ਰਮ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਅਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਆਮ ਆਦਮੀ ਪਾਰਟੀ ਵੱਲੋ ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜਨ ਬਾਰੇ ਸ. ਬਾਦਲ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਚੋਣ ਲੜਨ ਦਾ ਅਧਿਕਾਰ ਹੈ ਅਤੇ ਉਹ ਸਾਰਿਆਂ ਨੂੰ ਸ਼ੁੱਭ-ਕਾਮਨਾਵਾਂ ਦਿੰਦੇ ਹਨ। ਇਸ ਤੋਂ ਪਹਿਲਾਂ ਏ.ਡੀ.ਜੀ.ਪੀ ਸ੍ਰੀ ਐਸ.ਕੇ.ਸ਼ਰਮਾ ਨੇ ਵੀ ਸੰਬੋਧਨ ਕੀਤਾ ਅਤੇ ਸਾਂਝ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਮੁੱਖ ਤੌਰ ‘ਤੇ ਸ. ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਸ. ਜੰਗਵੀਰ ਸਿੰਘ ਮੀਡੀਆ ਸਲਾਹਕਾਰ ਉਪ ਮੁੱਖ ਮੰਤਰੀ ਪੰਜਾਬ, ਹਰਭਜਨ ਸਿੰਘ ਡੰਗ, ਜਤਿੰਦਰਪਾਲ ਸਿੰਘ ਸਲੂਜਾ, ਸ੍ਰੀ ਰਾਹੁਲ ਤਿਵਾੜੀ ਕਮਿਸ਼ਨਰ ਨਗਰ ਨਿਗਮ ਆਦਿ ਹਾਜ਼ਰ ਸਨ।