ਲੁਧਿਆਣਾ – ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ਼ ਉਲ੍ਹਾ ਖਾਂ ਨੇ ਕਿਹਾ ਹੈ ਕਿ ਹਿੰਦ ਪਾਕਿ ਨੂੰ ਗਿਲੇ-ਸ਼ਿਕਵੇ ਭੁਲਾਕੇ ਆਪਸੀ ਰਿਸ਼ਤੇ ਮਜ਼ਬੂਤ ਕਰਨ ਵੱਲ ਪਹਿਲ ਕਦਮੀ ਕਰਨੀ ਚਾਹੀਦੀ ਹੈ । ਕਿਉਂਕਿ ਹੁਣ ਤੱਕ ਦੋਹਾਂ ਮੁਲਕਾ ਨੇ ਗਲਤ ਫਹਿਮੀਆਂ ਦੇ ਚਲਦਿਆ ਆਰਥਿਕ ਪੱਖੋ ਭਾਰੀ ਨੁਕਸਾਨ ਝੱਲਿਆ ਹੈ । ਉਨ੍ਹਾਂ ਕਿਹਾ ਕਿ ਵਪਾਰਕ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਰਹੱਦਾ ਦੀਆਂ ਪਾਬੰਦੀਆਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਤਾਂ ਜੋ ਦੋਵੇਂ ਦੇਸ਼ ਅੰਤਰਰਾਸ਼ਟਰੀ ਪੱਧਰ ਤੇ ਕਾਰੋਬਾਰ ਅੱਗੇ ਵਧਾ ਸਕਣ । ਇਸ ਦੇ ਨਾਲ ਹੀ ਸਰਹੱਦ ਦੇ ਦੋਵੇਂ ਪਾਸੇ ਰਹਿੰਦੇ ਲੋਕ ਬਿਨਾਂ ਕਿਸੇ ਵੀਜ਼ੇ ਦੀ ਸਖਤ ਸ਼ਰਤ ਤੋਂ ਸਫਰ ਕਰ ਸਕਣ । ਰਾਏ ਅਜੀਜ਼ ਉਲ੍ਹਾ ਖਾਂ ਅੱਜ ਇਥੇ ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਦੇ ਸਤਿਕਾਰਯੋਗ ਮਾਤਾ ਹਰਨਾਮ ਕੌਰ ਜੀ ਦੀ ਮਿਜਾਜਪੁਰਸ਼ੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਅੱਜ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਤਬਦੀਲੀਆਂ ਆ ਰਹੀਆਂ ਹਨ ਤਾਂ ਹਿੰਦੋਸਤਾਨ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਵੀ ਮਿਲ ਜੁਲ ਕੇ ਵਿਕਾਸ ਅਤੇ ਤਰੱਕੀ ਦੇ ਰਸਤੇ ਤੇ ਅੱਗੇ ਵਧਣ ਲਈ ਰਣਨੀਤੀ ਬਣਾਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਚੜਦੇ ਅਤੇ ਲਹਿੰਦੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਮੱਸਿਆਵਾਂ ਇੱਕੋ ਤਰ੍ਹਾਂ ਦੀਆਂ ਹਨ ।
ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ਼ ਉਲ੍ਹਾ ਖਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਖੇਡ ਕਬੱਡੀ ਕੱਪ ਦੀ ਸ਼ੁਰੂਆਤ ਨਾਲ ਪਾਕਿਸਤਾਨ ਸਮੇਤ ਵਿਸ਼ਵਭਰ ਦੇ ਮੁਲਕਾਂ ਨਾਲ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਰਿਸ਼ਤੇ ਨਿੱਘੇ ਅਤੇ ਸੁਖਾਵੇਂ ਬਣ ਰਹੇ ਹਨ । ਉਨ੍ਹਾਂ ਕਿਹਾ ਕਿ ਖੇਡਾਂ ਹੀ ਇੱਕ ਐਸਾ ਜਰੀਆ ਹੈ ਜਿਸ ਨਾਲ ਦੇਸ਼ ਦੀ ਯੂਵਾ ਪੀੜ੍ਹੀ ਨਸ਼ਿਆਂ ਸਮੇਤ ਸਮਾਜਿਕ ਬੁਰਾਈਆਂ ਦੀ ਦਲ-ਦਲ ’ਚੋਂ ਉਭਾਰਕੇ ਉਸਾਰੂ ਦਿਸ਼ਾ ਵੱਲ ਲਗਾਇਆ ਜਾ ਸਕਦਾ ਹੈ । ਰਾਏ ਅਜੀਜ਼ ਉਲ੍ਹਾ ਖਾਂ ਉਸ ਸਮੇਂ ਭਾਵੁਕ ਹੋ ਗਏ ਜਦੋਂ ਮਾਤਾ ਹਰਨਾਮ ਕੌਰ ਭਰੋਵਾਲ ਜੀ ਨੇ ਉਨ੍ਹਾਂ ਦੇਸ਼ ਦੀ ਵੰਡ ਤੋਂ ਪਹਿਲਾਂ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ । ਮਾਤਾ ਜੀ ਨੇ ਜਦੋਂ ਰਾਏਕੋਟ ਦੇ ਨਜ਼ਦੀਕ ਪੈਂਦੇ ਪਿੰਡ ਰੱਤੋਵਾਲ ਦਾ ਜ਼ਿਕਰ ਕੀਤਾ ਤਾਂ ਰਾਏ ਅਜੀਜ਼ ਉਲ੍ਹਾ ਖਾਂ ਦਾ ਮਨ ਭਰ ਆਇਆ ਕਿਉਂਕਿ ਉਨ੍ਹਾਂ ਦੇ ਵੱਡੇ-ਵਡੇਰਿਆਂ ਨੇ ਹੀ ਰਾਏਕੋਟ ਆਪਣੇ ਹੱਥੀ ਵਸਾਇਆ ਸੀ । ਇਸ ਤੋਂ ਪਹਿਲਾ ਜੱਥੇ: ਪ੍ਰੀਤਮ ਸਿੰਘ ਭਰੋਵਾਲ ਨੇ ਪਰਿਵਾਰ ਸਮੇਤ ਰਾਏ ਅਜੀਜ਼ ਉਲ੍ਹਾ ਖਾਂ ਦਾ ਉਨ੍ਹਾਂ ਦੀ ਰਿਹਾਇਸ਼ ਤੇ ਪੁੱਜਣ ਤੇ ਭਰਵਾ ਸੁਆਗਤ ਕਰਦਿਆਂ ਨਿੱਘਾ ਜੀ ਆਇਆ ਕਿਹਾ । ਇਸ ਸਮੇਂ ਉਨ੍ਹਾਂ ਨਾਲ ਯੂਥ ਆਗੂ ਸੁਖਵਿੰਦਰਪਾਲ ਸਿੰਘ ਗਰਚਾ, ਗੁਰਦੀਪ ਸਿੰਘ ਲੀਲ, ਡਾ. ਨਿਰਮਲ ਜੋੜਾ, ਮਾਸਟਰ ਪ੍ਰਿਤਪਾਲ ਸਿੰਘ ਬੁੱਟਰ, ਐਸ.ਈ ਰਜਿੰਦਰ ਸਿੰਘ ਆਦਿ ਮੌਜੂਦ ਸਨ ।