ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਲੋਂ ਆਪਣੇ ਇੱਕ ਸਾਲ ਦੇ ਕਾਰਜ-ਕਾਲ ਦੀਆਂ ‘ਅਖੌਤੀ’ ਪ੍ਰਾਪਤੀਆਂ ਦੇ ਜਾਰੀ ਕੀਤੇ ਗਏ ਚਿੱਠੇ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਭਜਨ ਸਿੰਘ ਵਾਲੀਆ ਨੇ ਕਿਹਾ ਕਿ ਚੰਗਾ ਹੁੰਦਾ ਜੇ ਇਸ ਚਿੱਠੇ ਦੇ ਨਾਲ ਹੀ ਸੱਤਾਧਾਰੀਆਂ ਵਲੋਂ ਇੱਕ ਵ੍ਹਾਈਟ ਪੇਪਰ ਵੀ ਜਾਰੀ ਕਰ ਦਿੱਤਾ ਗਿਆ ਹੁੰਦਾ, ਜਿਸ ਵਿੱਚ ਗੁਰੂ ਗੋਲਕ ਅਤੇ ਗੁਰਦੁਆਰਾ ਕਮੇਟੀ ਦੇ ਸਾਧਨਾਂ ਦੀ ਦੁਰਵਰਤੋਂ ਕਰਨ ਦਾ ਜ਼ਿਕਰ ਕੀਤਾ ਗਿਆ ਹੁੰਦਾ। ਸ. ਵਾਲੀਆ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਚਿੱਠੇ ਵਿੱਚ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਹੁੰਦਿਆਂ ਹੀ ਇਨ੍ਹਾਂ ਨੇ ਆਪਣੇ ਅਤੇ ਆਪਣੇ ਚਹੇਤਿਆਂ ਲਈ ਜੋ ਨਵੀਆਂ 18 ਇਨੋਵਾ ਗਡੀਆਂ ਖ੍ਰੀਦੀਆਂ, ਨਾ ਤਾਂ ਉਨ੍ਹਾਂ ਦਾ ਜ਼ਿਕਰ ਹੈ ਅਤੇ ਨਾ ਹੀ ਉਨ੍ਹਾਂ ਅੱਧੀ ਦਰਜਨ ਹਵਾਈ ਸਫਰਾਂ ਦਾ ਹੀ ਜ਼ਿਕਰ ਹੈ, ਜੋ ਉਨ੍ਹਾਂ ਨੇ ਆਪਣੇ ਨਾਲ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਵਿਦੇਸ਼ਾਂ ਦੀ ਸੈਰ ਕਰਨ ਲਈ ਕਰਵਾਏ ਹਨ ਅਤੇ ਭਵਿਖ ਵਿੱਚ ਹੋਰ ਕਰਨ ਤੇ ਕਰਵਾਣ ਦੇ ਪ੍ਰੋਗਰਾਮ ਉਲੀਕੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਚਿੱਠੇ ਵਿੱਚ ਉਨ੍ਹਾਂ ਨਾਜਾਇਜ਼ ਭਰਤੀਆਂ ਦਾ ਵੀ ਜ਼ਿਕਰ ਨਹੀਂ, ਜੋ ਉਨ੍ਹਾਂ ਗੁਰਦੁਆਰਾ ਕਮੇਟੀ ਤੇ ਉਸਦੇ ਵਿਦਿਅਕ ਅਦਾਰਿਆਂ ਪੁਰ ਆਰਥਕ ਭਾਰ ਪਾਣ ਲਈ ਕੀਤੀਆਂ ਹਨ ਅਤੇ ਜਿਨ੍ਹਾਂ ਵਿੱਚ ਕਈ ਪਤੱਤ ਅਤੇ ਨਸ਼ੇੜੀ ਵੀ ਸ਼ਾਮਲ ਦਸੇ ਜਾਂਦੇ ਹਨ। ਸ. ਵਾਲੀਆ ਨੇ ਕਿਹਾ ਕਿ ਇਸ ਚਿਠੇ ਵਿੱਚ ਵਿਧਾਨ ਸਭਾ ਚੋਣਾ ਵਿੱਚ ਬਾਦਲ ਦਲ ਦੇ ਉਮੀਦਵਾਰਾਂ ਵਲੋਂ ਗੁਰਦੁਆਰਾ ਕਮੇਟੀ ਦੇ ਸਟਾਫ ਅਤੇ ਦੂਸਰੇ ਸਾਧਨਾਂ ਦੀ ਕੀਤੀ ਗਈ ਦੁਰਵਰਤੋਂ ਦਾ ਵੀ ਕੋਈ ਜ਼ਿਕਰ ਨਹੀਂ।
ਸ. ਵਾਲੀਆ ਨੇ ਹੋਰ ਕਿਹਾ ਕਿ ਅੰਮ੍ਰਿਤਧਾਰੀ ਬਚਿਆਂ ਦੀ ਫੀਸਾਂ ਮਾਫ ਕਰਨ ਦੇ ਨਾਂ ਤੇ ਇਕ ਤਾਂ ਇਨ੍ਹਾਂ ਨੇ ਉਨ੍ਹਾਂ ਆਰਥਕ ਪਖੋਂ ਕਮਜ਼ੋਰ ਪਰਿਵਾਰਾਂ ਦੇ ਬਚਿਆਂ ਦਾ ਹੱਕ ਖੋਹ ਲਿਆ ਹੈ, ਜੋ ਇਸ ਮਦੱਦ ਦੇ ਅਸਲੀ ਹਕਦਾਰ ਹਨ, ਦੂਸਰਾ ਅੰਮ੍ਰਿਤ ਦੀ ਜੋ ਅਮੁਲੀ ਦਾਤ ਦਸਮੇਸ਼ ਪਿਤਾ ਨੇ ਸਿਰ ਦੀ ਭੇਂਟ ਲੈ ਕੇ ਬਖਸ਼ੀ ਸੀ, ਉਸਨੂੰ ਇਨ੍ਹਾਂ ਨੇ ਲਾਲਚ ਦੇ ਕੇ ਵੰਡਣਾ ਸ਼ੁਰੂ ਕਰ, ਉਸਦੀ ਮਹਤੱਤਾ ਘਟਾ ਕੇ ਰਖ ਦਿੱਤੀ ਹੈ। ਸ. ਵਾਲੀਆ ਨੇ ਪੁਛਿਆ ਕਿ ਜਿਨ੍ਹਾਂ ਬਚਿਆਂ ਨੂੰ ਉਹ ਫੀਸਾਂ ਮਾਫ ਕਰਨ ਦਾ ਲਾਲਚ ਦੇ ਕੇ ਅੰਮ੍ਰਿਤ ਵੰਡ ਰਹੇ ਹਨ, ਕੀ ਉਨ੍ਹਾਂ ਬਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬੁਲਾ, ਉਨ੍ਹਾਂ ਪਾਸੋਂ ਕਦੀ ਦਸ ਗੁਰੂ ਸਾਹਿਬਾਂ ਦੇ ਨਾਂ ਜਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸ ਬਾਰੇ ਪੁਛਿਆ ਹੈ? ਕੀ ਉਹ ਅੰਮ੍ਰਿਤ ਦੀ ਮਹਤੱਤਾ ਅਤੇ ਉਸਦੀ ਮਰਿਆਦਾ ਤੋਂ ਜਾਣੂ ਹਨ?
ਸ. ਵਾਲੀਆ ਨੇ ਕਿਹਾ ਕਿ ਜਿਨ੍ਹਾਂ ਪ੍ਰਾਪਤੀਆਂ ਦਾ ਦਾਅਵਾ ਕਰ ਗੁਰਦੁਆਰਾ ਕਮੇਟੀ ਦੇ ਸੱਤਾਧਾਰੀਆਂ ਨੇ ਆਪਣੀ ਪਿੱਠ ਠੋਕੀ ਹੈ, ਉਸਦੀ ਅਸਲੀਅਤ ਲੋਕਾਂ ਤੋਂ ਛੁਪੀ ਨਹੀਂ। ਉਨ੍ਹਾਂ ਦਸਿਆ ਕਿ ਬੀਤੇ ਇੱਕ ਵਰ੍ਹੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਅਤੇ ਸੀਸਗੰਜ ਵਿਖੇ ਕਥਾ-ਕੀਰਤਨ ਦਾ ਜੋ ਪੱਧਰ ਡਿਗਾ ਹੈ, ਉਹ ਹਰ ਰੋਜ਼ ਟੀਵੀ ਚੈਨਲਾਂ ਦੇ ਸਿੱਧੇ ਪ੍ਰਸਾਰਣ ਰਾਹੀਂ ਸਭ ਦੇ ਸਾਹਮਣੇ ਆ ਰਿਹਾ ਹੈ। ਸ. ਵਾਲੀਆ ਨੇ ਇਹ ਦੋਸ਼ ਵੀ ਲਾਇਆ ਕਿ ਸੱਤਾਧਾਰੀਆਂ ਨੇ ਗੁਰਦੁਆਰਾ ਕਮੇਟੀ ਦੇ ਵਿਦਿਅਕ ਅਦਾਰਿਆਂ ਨੂੰ ਸਿੱਖੀ ਦੇ ਪ੍ਰਚਾਰ ਲਈ ਇਸਤੇਮਾਲ ਕਰਨ ਦੀ ਬਜਾਏ, ਸਿੱਖੀ-ਵਿਰੋਧੀ (ਬ੍ਰਹਮਕੁਮਾਰੀ ਵਰਗੀਆਂ) ਸੰਸਥਾਵਾਂ ਨੂੰ ਆਪਣੇ ਪ੍ਰਚਾਰ ਲਈ ਵਰਤੇ ਜਾਣ ਲਈ ਦਿੱਤੇ ਜਾਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਜਿਸਨੂੰ ਰੋਕਣ ਲਈ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਨੂੰ ਭਾਰੀ ਤਰਦੱਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਹ ਵਿੰਗ ਅਗੋਂ ਵੀ ਗੁਰਦੁਆਰਾ ਕਮੇਟੀ ਵਲੋਂ ਕੀਤੇ ਜਾਣ ਵਾਲੇ ਸਿੱਖੀ-ਵਿਰੋਧੀ ਕੰਮਾਂ ਦੇ ਰਸਤੇ ਵਿੱਚ ਚਟਾਨ ਵਾਂਗ ਖੜਿਆਂ ਹੋਣ ਦੀ ਜ਼ਿਮੇਂਦਾਰੀ ਨਿਭਾਂਦਾ ਰਹੇਗਾ। ਸ. ਵਾਲੀਆ ਨੇ ਗੁਰਦੁਆਰਾ ਕਮੇਟੀ ਦੀ ਧਾਰਮਕ ਸਟੇਜ ਦੀ ਰਾਜਸੀ ਉਦੇਸ਼ ਲਈ ਨਾ ਕੀਤੇ ਜਾਣ ਦੇ ਸੱਤਾਧਾਰੀਆਂ ਦੇ ਦਾਅਵੇ ਨੂੰ ਖੋਖਲਿਆਂ ਕਰਾਰ ਦਿੰਦਿਆ ਕਿਹਾ ਕਿ ਸੰਗਤਾਂ ਹਰ ਧਾਰਮਕ ਸਮਾਗਮ ਵਿੱਚ ਗੁਰਦੁਆਰਾ ਸਟੇਜ ਨੂੰ ਰਾਜਸੀ ਉਦੇਸ਼ ਲਈ ਵਰਤਿਆਂ ਜਾਂਦਿਆਂ ਵੇਖਦੀਆਂ ਅਤੇ ਸੁਣਦੀਆਂ ਚਲੀਆਂ ਆ ਰਹੀਆਂ ਹਨ।