ਲੁਧਿਆਣਾ,(ਪ੍ਰੀਤੀ ਸ਼ਰਮਾ): ਬੀਤੇ 1 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਸ਼ਹਿਰ ਵਿੱਚਲੇ ਜਿਨ੍ਹਾਂ ਚਾਰ ਸਕੂਲਾਂ ਦਾ ਦੌਰਾ ਕਰਕੇ ਬੁਨਿਆਦੀ ਲੋੜਾਂ ਬਾਰੇ ਜਾਇਜ਼ਾ ਲਿਆ ਗਿਆ ਸੀ, ਉਨ੍ਹਾਂ ਸਕੂਲਾਂ ਵਿੱਚ ਉਸਾਰੀ ਅਤੇ ਵਿਕਾਸ ਕਾਰਜ ਸ਼ੁਰੂ ਹੋ ਗਏ ਹਨ। ਇਨ੍ਹਾਂ ਵਿਕਾਸ ਕਾਰਜਾਂ ਸੰਬੰਧੀ ਨੀਂਹ ਪੱਥਰ ਅੱਜ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਰੱਖੇ। ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਹੈਬੋਵਾਲ ਖੁਰਦ ਅਤੇ ਸਮਿਟਰੀ ਰੋਡ ਵਿਖੇ ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਕਿਹਾ ਕਿ ਸ੍ਰ. ਬਾਦਲ ਵਾਅਦੇ ਤਾਂ ਹੀ ਕਰਦੇ ਹਨ, ਜੇਕਰ ਉਹ ਪੂਰੇ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਦੇ ਵਿਕਾਸ ’ਤੇ 5 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ, ਜਿਸ ਲਈ ਪਹਿਲੀ ਕਿਸ਼ਤ 1 ਕਰੋੜ ਰੁਪਏ ਜਾਰੀ ਕਰ ਦਿੱਤੀ ਗਈ ਹੈ। ਉਸਾਰੀ ਕਾਰਜ ਸ਼ੁਰੂ ਕਰ ਦਿੱਤੇ ਗਏ, ਜੋ ਕਿ ਅਗਲੇ 9 ਮਹੀਨੇ ਵਿੱਚ ਪੂਰੇ ਕਰ ਦਿੱਤੇ ਜਾਣਗੇ। ਪਹਿਲੀ ਕੜੀ ਤਹਿਤ ਉਪਰੋਕਤ ਤਿੰਨਾਂ ਸਕੂਲਾਂ ਵਿੱਚ ਕਮਰਿਆਂ (ਕਲਾਸ ਰੂਮਜ਼) ਦੀ ਉਸਾਰੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ 1 ਫਰਵਰੀ ਨੂੰ ਸ਼ਹਿਰ ਦੇ ਚਾਰ ਸਕੂਲਾਂ ਅਤੇ ਸਿਵਲ ਹਸਪਤਾਲ ਦੀਆਂ ਬੁਨਿਆਦੀ ਲੋੜਾਂ ਨੂੰ ਆਪਣੀ ਅੱਖੀਂ ਦੇਖਣ ਅਤੇ ਲੋਕ ਹਿੱਤ ਲਈ ਇਨ੍ਹਾਂ ਨੂੰ ਪੂਰਾ ਕਰਨ ਦਾ ਮਨ ਬਣਾ ਕੇ ਆਏ ਮੁੱਖ ਮੰਤਰੀ ਸ੍ਰ. ਬਾਦਲ ਵੱਲੋਂ ਇਨ੍ਹਾਂ ਸਕੂਲਾਂ ਅਤੇ ਸਿਵਲ ਹਸਪਤਾਲ ਵਿੱਚ ਆਈ. ਸੀ. ਯੂ. ਦੀ ਉਸਾਰੀ ਲਈ ਵਿੱਤੀ ਮਦਦ ਦੇਣ ਦੇ ਵਾਅਦੇ ਨੂੰ ਮਹਿਜ਼ 11 ਦਿਨ ਵਿੱਚ ਪੂਰਾ ਕਰ ਦਿੱਤਾ ਗਿਆ ਸੀ। ਚਾਰ ਸਕੂਲਾਂ ਦੀ ਕਾਇਆ ਕਲਪ ਕਰਨ ਅਤੇ ਹਸਪਤਾਲ ਵਿੱਚ ਆਧੁਨਿਕ ਆਈ. ਸੀ. ਯੂ. ਸਥਾਪਤ ਕਰਨ ਲਈ ਐਲਾਨੀ ਗਈ ਰਾਸ਼ੀ ਦੀ ਪਹਿਲੀ ਕਿਸ਼ਤ ਜ਼ਿਲ੍ਹਾ ਪ੍ਰਸਾਸ਼ਨ ਕੋਲ ਪਹੁੰਚ ਚੁੱਕੀ ਹੈ ਅਤੇ ਇਹ ਸਾਰੇ ਵਿਕਾਸ ਕਾਰਜ ਸ਼ੁਰੂ ਹੋ ਗਏ ਹਨ।
ਸ਼੍ਰ. ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ ਅਤੇ ਬੁਨਿਆਦੀ ਸਹੂਲਤਾਂ ਨੂੰ ਸਭ ਤੋਂ ਵਧੇਰੇ ਪਹਿਲ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਿੱਥੇ ਸਕੂਲਾਂ ਵਿੱਚਲੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਉਥੇ ਗਰੀਬ, ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਨੂੰ ਮੁਫ਼ਤ ਉਚੇਰੀ ਸਿੱਖਿਆ ਮੁਹੱਈਆ ਕਰਾਉਣ ਲਈ ਡਾ. ਹਰਗੋਬਿੰਦ ਖੁਰਾਣਾ ਵਜ਼ੀਫਾ ਯੋਜਨਾ ਲਾਗੂ ਕੀਤੀ ਗਈ ਹੈ ਅਤੇ ਸੂਬੇ ਵਿੱਚ ਛੇ ਮੈਰੀਟੋਰੀਅਸ ਸਕੂਲ ਖੋਲ੍ਹੇ ਜਾ ਰਹੇ ਹਨ, ਜਿੱਥੇ ਹੁਸ਼ਿਆਰ ਬੱਚਿਆਂ ਨੂੰ ਰਹਿਣ, ਖਾਣਾ ਅਤੇ ਪੜ੍ਹਾਈ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਇਸੇ ਤਰ੍ਹਾਂ ਲੜਕੀਆਂ ਲਈ ਪੜ੍ਹਾਈ ਦਾ ਪੈਂਡਾ ਸੌਖਾ ਕਰਨ ਲਈ ਮਾਈ ਭਾਗੋ ਵਿੱਦਿਆ ਯੋਜਨਾ ਤਹਿਤ ਮੁਫ਼ਤ ਸਾਈਕਲਾਂ ਦੀ ਵੰਡ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਮੈਨ ਸ੍ਰੀ ਰਾਜਿੰਦਰ ਭੰਡਾਰੀ, ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਕੌਰ ਚਾਹਲ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।