ਲੁਧਿਆਣਾ,(ਪ੍ਰੀਤੀ ਸ਼ਰਮਾ) – ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਜਤ ਅਗਰਵਾਲ ਵੱਲੋਂ ਆਗਾਮੀ 30 ਅਪ੍ਰੈ¤ਲ, 2014 ਨੂੰ ਲੋਕ ਸਭਾ ਹਲਕਾ ਲੁਧਿਆਣਾ-7 ਲਈ ਹੋਣ ਵਾਲੀ ਚੋਣ ਸੰਬੰਧੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਪੂਰੀ ਚੋਣ ਪ੍ਰਕਿਰਿਆ ਅਤੇ ਆਦਰਸ਼ ਚੋਣ ਜ਼ਾਬਤੇ ਬਾਰੇ ਜਾਣੂ ਕਰਾਇਆ ਗਿਆ। ਰਾਜਸੀ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਭਰਨ ਵੇਲੇ ਇੱਕ ਐਫੀਡੇਵਿਟ (ਹਲਫੀਆ ਬਿਆਨ) ਵੀ ਭਰਿਆ ਜਾਂਦਾ ਹੈ, ਜੋ ਕਿ ਇਸ ਵਾਰ ਪੂਰਾ ਭਰਨਾ ਪਵੇਗਾ। ਪਹਿਲਾਂ ਉਮੀਦਵਾਰ ਇਸ ਨੂੰ ਅਧੂਰਾ ਹੀ ਛੱਡ ਦਿੰਦੇ ਸਨ। ਐਫੀਡੇਵਿਟ ਅਧੂਰਾ ਭਰਨ ਦੀ ਸੂਰਤ ਵਿੱਚ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਸਮਝੇ ਜਾਣਗੇ। ਉਨ੍ਹਾਂ ਦੱਸਿਆ ਕਿ ਐਤਕੀਂ ਵੀ ਵੋਟਾਂ ਬਿਜਲਈ ਵੋਟਿੰਗ ਮਸ਼ੀਨਾਂ (ਈ. ਵੀ. ਐਮ.) ਨਾਲ ਪੈਣਗੀਆਂ ਅਤੇ ਪਹਿਲੀ ਵਾਰ ਵੋਟਰ ਨੂੰ ਉਮੀਦਵਾਰਾਂ ਦੇ ਨਾਵਾਂ ਦੇ ਨਾਲ-ਨਾਲ ਆਖਿਰ ਵਿੱਚ ਇੱਕ ਹੋਰ ਆਪਸ਼ਨ ‘ਨੋਟਾ’(Not Other Than Above) ਵੀ ਦਿੱਤੀ ਜਾਵੇਗੀ। ਇਸ ਆਪਸ਼ਨ ਦਾ ਮਤਲਬ ਹੋਵੇਗਾ ਕਿ ਉਪਰੋਕਤ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣੀ। ਜੇਕਰ ਕਿਸੇ ਵੋਟਰ ਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੋਵੇਗਾ ਤਾਂ ਉਹ ‘ਨੋਟਾ’ ਵਾਲਾ ਬਟਨ ਦਬਾ ਕੇ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਸਕੇਗਾ। ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੀ ਚੋਣ ਪ੍ਰਕਿਰਿਆ ਦੀ ਸਮਾਂ ਸਾਰਨੀ ਤੋਂ ਜਾਣੂ ਕਰਾਉਂਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ 12 ਅਪ੍ਰੈ¤ਲ ਨੂੰ ਭਾਵੇਂਕਿ ਦਿਨ ਸ਼ਨਿੱਚਰਵਾਰ ਹੈ ਪਰ ਫਿਰ ਵੀ ਛੁੱਟੀ ਨਹੀਂ ਹੋਵੇਗੀ ਅਤੇ ਇਸ ਦਿਨ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਚੋਣ ਨਿਸ਼ਾਨਾਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਰਾਜਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕਰਨ। ਪਾਲਣਾ ਨਾ ਕਰਨ ਦੀ ਸੂਰਤ ਵਿੱਚ ਪਾਰਟੀ, ਉਮੀਦਵਾਰ ਜਾਂ ਕਿਸੇ ਵੀ ਸੰਬੰਧਤ ਧਿਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਚੋਣਾਂ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਕਰਾਉਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਜ਼ਿਲ੍ਹਾ ਪੱਧਰ ’ਤੇ ਇੱਕ ਸ਼ਿਕਾਇਤ ਕੇਂਦਰ ਸਥਾਪਤ ਕੀਤਾ ਗਿਆ ਅਤੇ ਟੋਲ ਫਰੀ ਨੰਬਰ 1800-1800-695 ’ਤੇ ਜਾਂ ਭਾਰਤੀ ਚੋਣ ਕਮਿਸ਼ਨ ਦੇ ਨੰਬਰ 1950 ’ਤੇ ਵੋਟਰ ਆਪਣੀ ਚੋਣਾਂ ਨਾਲ ਸੰਬੰਧਤ ਸ਼ਿਕਾਇਤ ਹਫਤੇ ਦੇ ਸਾਰੇ ਦਿਨ 24 ਘੰਟੇ ਕਰ ਸਕਦੇ ਹਨ। ਇੱਕ ਉਮੀਦਵਾਰ ਹੁਣ 40 ਲੱਖ ਦੀ ਬਿਜਾਏ 70 ਲੱਖ ਰੁਪਏ ਤੱਕ ਚੋਣ ਖਰਚਾ ਕਰ ਸਕਦਾ ਹੈ, ਜਦਕਿ ਖਰਚੇ ’ਤੇ ਨਿਗਰਾਨੀ ਰੱਖਣ ਲਈ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਹਰ ਤਰ੍ਹਾਂ ਦੀ ਨਜ਼ਰਸਾਨੀ ਰੱਖਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਜਾਵੇਗਾ। ਹਰੇਕ ਉਮੀਦਵਾਰ ਨੂੰ ਆਪਣਾ ਖ਼ਰਚ ਦਿਖਾਉਣ ਲਈ ਇੱਕ ਵੱਖਰਾ ਬੈਂਕ ਖਾਤਾ ਖੁਲਵਾਉਣਾ ਪਵੇਗਾ। ਉਮੀਦਵਾਰ ਚੋਣ ਅਧਿਕਾਰੀਆਂ ਨੂੰ ਸਹੀ ਖਰਚਾ ਦੱਸਣਾ ਯਕੀਨੀ ਬਣਾਉਣ। ਸ੍ਰੀ ਅਗਰਵਾਲ ਨੇ ਵੋਟਰਾਂ, ਉਮੀਦਵਾਰਾਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੋਟਰ ਪੈਸੇ ਲੈ ਕੇ ਵੋਟ ਪਾਉਂਦਾ ਹੈ ਜਾਂ ਕੋਈ ਉਮੀਦਵਾਰ ਜਾਂ ਪਾਰਟੀ ਕਿਸੇ ਵੋਟਰ ਨੂੰ ਵੋਟ ਲਈ ਪੈਸੇ ਦੀ ਪੇਸ਼ਕਸ਼ ਕਰਦੀ ਹੈ ਤਾਂ ਉਸ ਵਿਰੁੱਧ ਧਾਰਾ 178 ਬੀ ਦੇ ਤਹਿਤ ਅਪਰਾਧਕ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਕਿਸੇ ਵੋਟਰ ਨੂੰ ਡਰਾ, ਧਮਕਾ ਕੇ ਜਾਂ ਸੱਟ ਫੇਟ ਮਾਰਕੇ ਵੋਟ ਪਵਾਉਣ ਦੀ ਸੂਰਤ ਵਿੱਚ ਦੋਸ਼ੀ ਵਿਰੁਧ ਧਾਰਾ 171 ਸੀ ਤਹਿਤ ਕਾਰਵਾਈ ਕੀਤੀ ਜਾਵੇਗੀ। ਚੋਣਾਂ ਨਾਲ ਸੰਬੰਧਤ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਲੋਕ ਪ੍ਰਤਿਨਿਧਤਾ ਐਕਟ 1951 ਦੀ ਧਾਰਾ 127 ਏ ਦੇ ਤਹਿਤ ਦੋਸ਼ੀ ਮੰਨਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਨੂੰ ਆਪਣੀ ਚੋਣ ਸਮੱਗਰੀ ਛਪਵਾਉਣ ਅਤੇ ਵੰਡਣ ਬਾਰੇ ਚੋਣ ਅਧਿਕਾਰੀਆਂ ਨੂੰ ਸਾਰੇ ਵੇਰਵੇ ਦੇਣੇ ਜ਼ਰੂਰੀ ਹੋਣਗੇ। ਪੋਸਟਰ, ਬੈਨਰ ਅਤੇ ਹੋਰਡਿੰਗਜ਼ ’ਤੇ ਪਿੰ੍ਰਟਰਜ਼ ਅਤੇ ਪਬਲਿਸ਼ਰਜ਼ ਦਾ ਨਾਮ, ਪਤਾ ਅਤੇ ਕਾਪੀਆਂ ਦੀ ਗਿਣਤੀ ਲਿਖੀ ਹੋਣੀ ਜ਼ਰੂਰੀ ਹੋਵੇਗੀ। ਇਸ਼ਤਿਹਾਰ ਸਮੱਗਰੀ ਨੂੰ ਪ੍ਰਕਾਸ਼ਿਤ ਕਰਾਉਣ ਤੋਂ ਪਹਿਲਾਂ ਚੋਣ ਕਮਿਸ਼ਨ ਤੋਂ ਪਾਸ ਕਰਾਉਣਾ ਲਾਜ਼ਮੀ ਹੋਵੇਗਾ। ਚੋਣ ਮੁਹਿੰਮ ਦੌਰਾਨ ਕਿਸੇ ਵੀ ਉਮੀਦਵਾਰ ਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਨਾ ਬਣਾਇਆ ਜਾਵੇ। ਉਨ੍ਹਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਚੋਣਾਂ ਵਿੱਚ ਬਿਨਾ ਕਿਸੇ ਡਰ ਭੈਅ ਜਾਂ ਪਰਛਾਵੇ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਤਾਂ ਜੋ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰ. ਹੀਰਾ ਸਿੰਘ ਗਾਬੜੀਆ, ਭਾਜਪਾ ਵੱਲੋਂ ਸ੍ਰੀ ਸੰਦੀਪ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸ੍ਰੀ ਅਨਿਲ ਕੁਮਾਰ, ਬਸਪਾ ਵੱਲੋਂ ਡਾ. ਰਾਮ ਨਈਅਰ, ਸੀ.ਪੀ.ਆਈ.ਐਮ. ਵੱਲੋਂ ਸ੍ਰੀ ਦੇਵ ਰਾਜ, ਸੀ.ਪੀ.ਆਈ. ਵੱਲੋਂ ਗੁਰਨਾਮ ਸਿੰਘ ਸਿੱਧੂ, ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਸ੍ਰੀ ਅਨਿਲ ਮਿੱਤਲ ਅਤੇ ਹੋਰ ਚੋਣ ਅਧਿਕਾਰੀ ਵੀ ਮੌਜੂਦ ਸਨ।