ਨਵੀਂ ਦਿੱਲੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪਵਿੱਤਰ ਛੋਹ ਪ੍ਰਾਪਤ ਗੁਰਦੁਆਰਾ ਬੰਗਲਾ ਸਾਹਿਬ ਦੇ ਪਵਿੱਤਰ ਸਰੋਵਰ ਦੇ ਜਲ ਨੂੰ ਪ੍ਰਦੂਸ਼ਣ ਮੁਕਤ ਅਤੇ ਵਾਤਾਵਰਣ ਰੱਖਿਅਕ ਬਨਾਉਣ ਲਈ ਆਉਣ ਵਾਲੀ 23 ਮਾਰਚ ਨੂੰ ਪੰਜ ਪਿਆਰਿਆਂ ਦੀ ਮੌਜੂਦਗੀ ਵਿਚ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆਂ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਜਲ ਸਫ਼ਾਈ ਦੀ ਮਸ਼ੀਨ ਸਥਾਪਨਾ ਦੀ ਜਾਣਕਾਰੀ ਅੱਜ ਪੱਤਰਕਾਰਾਂ ਨੂੰ ਦਿੰਦੇ ਹੋਏ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਦਾਅਵਾ ਕੀਤਾ ਕਿ ਹੁਣ ਸਰੋਵਰ ਦਾ ਜਲ ਸੰਗਤਾਂ ਨੂੰ ਪ੍ਰਦੁਸ਼ਣ ਮੁਕਤ ਅਤੇ ਸਾਫ਼ ਮਿਲ ਸਕੇਗਾ। ਖੁਰਾਨਾ ਨੇ ਕਿਹਾ ਕਿ ਇਸ ਪਵਿੱਤਰ ਸਰੋਵਰ ‘ਚ ਵਾਰ-ਵਾਰ ਜਲ ਬਦਲਣ ਤੋਂ ਮੁਕਤੀ ਮਿਲਣ ਤੋਂ ਜਿਥੇ ਜਲ ਦੀ ਦੁਰਵਰਤੋਂ ਬੰਦ ਹੋਵੇਗੀ ਉਥੇ ਹੀ ਗੁਰੂ ਹਰਿ ਰਾਏ ਸਾਹਿਬ ਵਲੋਂ ਵਾਤਾਵਰਣ ਦੀ ਰੱਖਿਆ ਦੇ ਦਿੱਤੇ ਗਏ ਸੰਦੇਸ਼ ਤੇ ਵੀ ਪਹਿਰਾ ਦੇਣ ਦਾ ਕਾਰਜ ਕੀਤਾ ਜਾਵੇਗਾ।
ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਰੋਵਰ ‘ਚ ਸਥਾਪਿਤ ਕੀਤੇ ਗਏ ਜਲ ਸਫ਼ਾਈ ਮਸ਼ੀਨ ਦੀ ਤਰਜ ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ‘ਚ ਮਸ਼ੀਨ ਸਥਾਪਿਤ ਕਰਨ ਦੀ ਗੱਲ ਕਹਿੰਦੇ ਹੋਏ ਖੁਰਾਨਾ ਨੇ ਦੱਸਿਆ ਕਿ ਸੈਂਕੜਾਂ ਸੰਗਤਾਂ ਇਸ ਸਰੋਵਰ ਵਿਚ ਇਸ਼ਨਾਨ ਕਰਕੇ ਆਪਣੀ ਦੁੱਖ ਤਕਲੀਫਾਂ ਨੂੰ ਗੁਰਮਤਿ ਦੇ ਸਿਧਾਂਤ ਅਤੇ 24 ਘੰਟੇ ਇਸ ਸਥਾਨ ‘ਤੇ ਚਲਦੇ ਗੁਰਬਾਣੀ ਦੇ ਪ੍ਰਵਾਹ ਦੇ ਅਧਾਰ ਤੇ ਦੂਰ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ, ਇਸ ਲਈ ਸੰਗਤਾਂ ਦੀ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਜਲ ਨੂੰ ਸਾਫ਼ ਰੱਖਣ ਲਈ ਕਮੇਟੀ ਵਲੋਂ ਇਹ ਕਾਰਜ ਕੀਤਾ ਜਾ ਰਿਹਾ ਹੈ। ਇਸ ਕਾਰਸੇਵਾ ਸਮਾਗਮ ਵਿਚ ਸੰਤ ਮਹਾਪੁਰਸ਼ ਅਤੇ ਕਾਰਸੇਵਾ ਸੰਪ੍ਰਦਾ ਦੇ ਮੁੱਖੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋ ਕੇ ਸੰਗਤਾਂ ਦੇ ਦਰਸ਼ਨ ਕਰਣਗੇ।
ਇਸ ਮੌਕੇ ‘ਤੇ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਮੁੱਖੀ ਸਲਾਹਕਾਰ ਕੁਲਮੋਹਨ ਸਿੰਘ, ਵਿਧਾਇਕ ਜਤਿੰਦਰ ਸਿੰਘ ਸ਼ੰਟੀ ਮੈਂਬਰ ਧੀਰਜ ਕੌਰ, ਚਮਨ ਸਿੰਘ, ਗੁਰਮੀਤ ਸਿੰਘ ਲੁਬਾਣਾ, ਪਰਮਜੀਤ ਸਿੰਘ ਚੰਢੋਕ, ਗੁਰਮੀਤ ਸਿੰਘ ਮੀਤਾ, ਹਰਵਿੰਦਰ ਸਿੰਘ ਕੇ.ਪੀ. ਦਰਸ਼ਨ ਸਿੰਘ, ਗੁਰਦੇਵ ਸਿੰਘ ਭੋਲਾ, ਸਮਰਦੀਪ ਸਿੰਘ ਸੰਨੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਮਠਾਰੂ ਅਤੇ ਨੌਜਵਾਨ ਆਗੂ ਹਰਜੀਤ ਸਿੰਘ ਬਾਉਂਸ ਮੌਜੂਦ ਸਨ।